ਬਾਜਾਖਾਨਾ, 20 ਸਤੰਬਰ (ਜਗਦੀਪ ਸਿੰਘ ਗਿੱਲ)-ਸਥਾਨਕ ਇਕ 20 ਕੁ ਸਾਲ ਦੇ ਨੌਜਵਾਨ ਦੀ ਆਪਸੀ ਲੜਾਈ ਝਗੜੇ ਦੌਰਾਨ ਮੌਤ ਹੋ ਜਾਣ ਦੀ ਖ਼ਬਰ ਹੈ | ਪੁਲਿਸ ਥਾਣਾ ਬਾਜਾਖਾਨਾ ਦੇ ਇੰਚਾਰਜ ਇੰਸਪੈਕਟਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਜੈਤੋ ਰੋਡ ਬਾਜਾਖਾਨਾ ਦੇ ਵਸਨੀਕ ਹਰਜੀਤ ਸਿੰਘ ਉਰਫ਼ ਰਿੰਕੂ ਪੁੱਤਰ ਨਰਿਦਰਪਾਲ ਸਿੰਘ ਨੇ ਆਪਣੇ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਸਵਰਗੀ ਪਾਲਾ ਸਿੰਘ ਦਾ ਲੜਕਾ ਖੁਸ਼ਕਰਨ ਸਿੰਘ, ਜੋ ਆਪਣੇ ਨਾਨਕੇ ਪਿੰਡ ਬਾਜਾਖਾਨਾ ਵਿਖੇ ਰਹਿ ਰਿਹਾ ਸੀ ਅਤੇ ਹੁਣ ਪੇਂਟਰ ਵਜੋਂ ਕੰਮ ਕਰਦਾ ਸੀ ਅਤੇ ਨਸ਼ਾ ਕਰਨ ਦਾ ਆਦੀ ਸੀ, ਉਕਤ ਨੇ ਕੁਝ ਲੜਕਿਆਂ ਨਾਲ ਰਲ ਕੇ ਨਸ਼ਾ ਕੀਤਾ ਅਤੇ ਜਿਨ੍ਹਾਂ ਦੀ ਆਪਸੀ ਲੜਾਈ ਦੌਰਾਨ ਉਕਤ ਗੰਭੀਰ ਰੂਪ ਵਿਚ ਬੇਹੋਸ਼ੀ ਦੀ ਹਾਲਤ ਵਿਚ ਚਲਾ ਗਿਆ, ਜਿਸ ਨੂੰ ਅਰਸ਼ਦੀਪ ਸਿੰਘ ਉਰਫ਼ ਚੀਨੀ ਵਾਸੀ ਬਾਜਾਖਾਨਾ, ਬਰਗਾੜੀ ਵਾਸੀ ਨੌਜਵਾਨ ਭੂਤਨਾਂ ਅਤੇ ਇਕ ਹੋਰ ਅਣਪਛਾਤਾ ਨੌਜਵਾਨ ਖੁਸ਼ਕਰਨ ਸਿੰਘ ਦੇ ਘਰ ਇਕ ਚਿੱਟੇ ਰੰਗ ਦੀ ਸਵਿਫ਼ਟ ਕਾਰ ਰਾਹੀਂ ਛੱਡ ਗਏ, ਜਿਸ ਨੂੰ ਬੇਹੋਸ਼ੀ ਦੀ ਹਾਲਤ 'ਚ ਹਰਜੀਤ ਸਿੰਘ ਤੇ ਉਸ ਦੇ ਭਤੀਜੇ ਨੇ ਸਿਵਲ ਹਸਪਤਾਲ ਬਾਜਾਖਾਨਾ ਵਿਖੇ ਦਾਖਲ ਕਰਵਾ ਦਿੱਤਾ ਤਾਂ ਉਕਤ ਦੀ ਤਬੀਅਤ ਜ਼ਿਆਦਾ ਖਰਾਬ ਹੋਣ ਕਰਕੇ ਖੁਸ਼ਕਰਨ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਫ਼ਰੀਦਕੋਟ ਲਈ ਰੈਫ਼ਰ ਕਰ ਦਿੱਤਾ ਗਿਆ, ਜਿਥੇ ਤਾਇਨਾਤ ਡਾਕਟਰ ਨੇ ਉਕਤ ਖੁਸ਼ਕਰਨ ਸਿੰਘ ਨੂੰ ਮਿ੍ਤਕ ਐਲਾਨ ਦਿੱਤਾ | ਪੁਲਿਸ ਥਾਣਾ ਬਾਜਾਖਾਨਾ ਵਲੋਂ ਮਿ੍ਤਕ ਖੁਸ਼ਕਰਨ ਸਿੰਘ ਦਾ ਪੋਸਟ ਮਾਰਟਮ ਕਰਵਾਉਣ ਉਪਰੰਤ ਕਥਿਤ ਦੋਸ਼ੀ ਨੌਜਵਾਨਾਂ ਅਰਸ਼ਦੀਪ ਸਿੰਘ ਉਰਫ਼ ਚੀਨੀ ਵਾਸੀ ਬਾਜਾਖਾਨਾ, ਭੂਤਨਾ ਵਾਸੀ ਬਰਗਾੜੀ ਅਤੇ ਇਕ ਨਾਮਾਲੂਮ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਦੋਸ਼ੀ ਦੋ ਨੌਜਵਾਨਾਂ ਨੂੰ ਅਦਾਲਤ ਵਿਖੇ ਪੇਸ਼ ਕਰਕੇ ਰੀਮਾਂਡ ਲੈ ਲਿਆ ਗਿਆ ਹੈ ਤਾਂ ਜੋ ਅਗਲੇਰੀ ਕਾਰਵਾਈ ਕੀਤੀ ਜਾ ਸਕੇ |