ਫ਼ਰੀਦਕੋਟ, 20 ਸਤੰਬਰ (ਸਰਬਜੀਤ ਸਿੰਘ)-ਸਿੱਖਿਆ ਵਿਭਾਗ ਵਲੋਂ ਪਿ੍ੰਸੀਪਲ ਦੀ ਤਰੱਕੀ ਲਈ ਜੋ ਨਿਯਮਾਂ ਵਿਚ ਸੋਧ ਕੀਤੀ ਹੈ ਜਿਸ 'ਚ ਤਰੱਕੀ ਤੇ ਸਿੱਧੀ ਭਰਤੀ ਦਾ ਕੋਟਾ 75:25 ਕੀਤਾ ਹੈ | ਉਸ ਵਿਚ ਤਰੱਕੀ ਲੈਣ ਲਈ ਜਨਰਲ ਕੈਟਾਗਰੀ ਲਈ ਮਾਸਟਰ ਡਿਗਰੀ ਵਿਚੋਂ 50 ਪ੍ਰਤੀਸਤ ਅੰਕ ਤੇ ਅਨੁਸੂਚਿਤ ਜਾਤੀ ਉਮੀਦਵਾਰਾਂ ਲਈ 45 ਪ੍ਰਤੀਸ਼ਤ ਅੰਕਾਂ ਦੀ ਜੋ ਸ਼ਰਤ ਰੱਖੀ ਗਈ ਹੈ ਉਹ ਬਿਲਕੁਲ ਗੈਰ ਵਾਜਬ ਹੈ | ਅਧਿਆਪਕਾਂ ਦੀ ਨੁਮਾਇੰਦਗੀ ਜਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਦੀ ਜ਼ਿਲ੍ਹਾ ਇਕਾਈ ਫ਼ਰੀਦਕੋਟ ਦੇ ਪ੍ਰਧਾਨ ਸੁਖਵਿੰਦਰ ਸਿੰਘ ਸੁੱਖੀ ਅਤੇ ਜਨਰਲ ਸਕੱਤਰ ਗਗਨ ਪਾਹਵਾ ਨੇ ਦੱਸਿਆ ਕਿ ਸਿੱਖਿਆ ਵਿਭਾਗ ਤੇ ਹੋਰ ਕਿਸੇ ਵੀ ਸਰਕਾਰੀ ਵਿਭਾਗ ਦੇ ਵਿਚ ਤਰੱਕੀ ਦੇਣ ਸਮੇਂ ਅੰਕਾਂ ਦੀ ਪ੍ਰਤੀਸ਼ਤਤਾ ਵਾਲੀ ਸ਼ਰਤ ਨਹੀਂ ਲਗਾਈ ਜਾਂਦੀ ਅਤੇ ਨਾ ਹੀ ਐਲੀਮੈਂਟਰੀ ਕਾਡਰ ਤੋਂ ਮਾਸਟਰ ਕਾਡਰ ਵਿਚ ਪ੍ਰਮੋਸ਼ਨ ਸਮੇਂ, ਨਾ ਹੀ ਮਾਸਟਰ ਕਾਡਰ ਤੋਂ ਲੈਕਚਰਾਰ ਬਣਨ ਸਮੇਂ ਤੇ ਨਾ ਹੀ ਪਿ੍ੰਸੀਪਲ ਕਾਡਰ ਤੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਤੇ ਸਹਾਇਕ ਡਾਇਰੈਕਟਰ ਪ੍ਰਮੋਸ਼ਨ ਲਈ ਇਹ ਸ਼ਰਤ ਹੈ | ਇਹ ਸ਼ਰਤ ਤਾਂ ਸਿੱਧੀ ਭਰਤੀ ਉਮੀਦਵਾਰਾਂ ਲਈ ਹੁੰਦੀ ਹੈ ਪਰ ਸਿੱਖਿਆ ਵਿਭਾਗ ਦੇ ਕਲਰਕਾਂ ਦੀ ਇਕ ਗਲਤੀ ਕਾਰਨ ਸੈਂਕੜੇ ਯੋਗ ਉਮੀਦਵਾਰ ਜਿਨ੍ਹਾਂ ਕੋਲ 25-25 ਸਾਲ ਪੜਾਉਣ ਦਾ ਤਜਰਬਾ ਹੈ ਉਹ ਤਰੱਕੀ ਤੋਂ ਵਾਂਝੇ ਹੋ ਗਏ ਹਨ | ਆਗੂਆਂ ਨੇ ਕਿਹਾ ਕਿ ਸਰਕਾਰ ਇਹ ਸ਼ਰਤ ਤੁਰੰਤ ਵਾਪਸ ਲਵੇ | ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿਚ ਡੀ. ਟੀ. ਐਫ਼. ਦਾ ਇਕ ਵਫ਼ਦ ਸਿੱਖਿਆ ਸਕੱਤਰ ਤੇ ਡਾਇਰੈਕਟਰ ਸਕੂਲ ਸਿੱਖਿਆ ਨੂੰ ਇਸ ਸਬੰਧੀ ਮਿਲੇਗਾ | ਜੇਕਰ ਫਿਰ ਵੀ ਉਨ੍ਹਾਂ ਦੀ ਮੰਗ ਵੱਲ ਧਿਆਨ ਨਹੀਂ ਦਿੱਤਾ ਜਾਂਦਾ ਤਾਂ ਉਹ ਸੰਘਰਸ਼ ਕਰਨ ਲਈ ਮਜਬੂਰ ਹੋਣਗੇ | ਇਸ ਮੌਕੇ ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਹਰਜਸਦੀਪ ਸਿੰਘ, ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਰੰਧਾਵਾ, ਵਿੱਤ ਸਕੱਤਰ ਪ੍ਰਦੀਪ ਸਿੰਘ, ਪ੍ਰੈਸ ਸਕੱਤਰ ਲਵਕਰਨ ਸਿੰਘ ਆਦਿ ਹਾਜ਼ਰ ਸਨ |