ਸੰਗਰੂਰ, 29 ਅਗਸਤ (ਸੁਖਵਿੰਦਰ ਸਿੰਘ ਫੁੱਲ)-ਪੰਜਾਬ ਦੇ ਮਾਝਾ ਤੇ ਦੁਆਬਾ ਖੇਤਰ ਵਿਚ ਹੜ੍ਹਾਂ ਦੀ ਸਥਿਤੀ 'ਤੇ ਸਰਕਾਰ ਪੂਰੀ ਤਰ੍ਹਾਂ ਨਜ਼ਰ ਰੱਖ ਰਹੀ ਹੈ ਤੇ ਹੜ੍ਹ ਪੀੜਤ ਖੇਤਰਾਂ ਵਿਚ ਸਹਾਇਤਾ ਲਗਾਤਾਰ ਪਹੁੰਚਾਈ ਜਾ ਰਹੀ ਹੈ | ਪੰਜਾਬ ਦੇ ਸਿੰਜਾਈ ਮੰਤਰੀ ਬਰਿੰਦਰ ਗੋਇਲ ਨੇ ਅੱਜ 'ਅਜੀਤ' ਨੂੰ ਦੱਸਿਆ ਕਿ ਸਥਿਤੀ ਸੁਧਰਨ ਪਿੱਛੋਂ ਹੋਏ ਨੁਕਸਾਨ ਦਾ ਪਤਾ ਲਗਾਉਣ ਲਈ ਗਿਰਦਾਵਰੀ ਦੇ ਹੁਕਮ ਦਿੱਤੇ ਜਾਣਗੇ ਤੇ ਪੀੜਤਾਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਮਾਝਾ ਤੇ ਦੁਆਬਾ ਖੇਤਰ ਦੇ ਪ੍ਰਭਾਵਿਤ 8 ਜ਼ਿਲਿ੍ਹਆਂ ਦਾ ਦੌਰਾ ਕਰਕੇ ਸਬੰਧਿਤ ਅਧਿਕਾਰੀਆਂ ਨੂੰ ਰਾਹਤ ਕਾਰਜ ਤੇਜ਼ ਕਰਨ ਲਈ ਹਦਾਇਤਾਂ ਕੀਤੀਆਂ ਹਨ | ਇਨ੍ਹਾਂ ਜ਼ਿਲਿ੍ਹਆਂ ਵਿਚ ਪਠਾਨਕੋਟ, ਗੁਰਦਾਸਪੁਰ, ਰੂਪਨਗਰ, ਹੁਸ਼ਿਆਰਪੁਰ, ਤਰਨਤਾਰਨ, ਅੰਮਿ੍ਤਸਰ, ਫ਼ਿਰੋਜਪੁਰ ਤੇ ਫ਼ਾਜ਼ਿਲਕਾ ਸ਼ਾਮਿਲ ਹਨ | ਸ੍ਰੀ ਗੋਇਲ ਨੇ ਅੱਜ ਸੰਗਰੂਰ ਜ਼ਿਲ੍ਹੇ ਵਿਚ ਘੱਗਰ ਲਾਗਲੇ ਪਿੰਡਾਂ ਦਾ ਦੌਰਾ ਕਰਨ ਪਿੱਛੋਂ ਦੱਸਿਆ ਕਿ ਹੁਣ ਤੱਕ ਘੱਗਰ ਦੀ ਸਥਿਤੀ ਠੀਕ ਚੱਲ ਰਹੀ ਹੈ ਤੇ ਪਹਿਲਾਂ ਨਾਲੋਂ ਪਾਣੀ ਘਟਿਆ ਹੈ ਫਿਰ ਵੀ ਸਥਿਤੀ 'ਤੇ ਨਜ਼ਰ ਰੱਖੀ ਜਾ ਰਹੀ ਹੈ ਕਿਉਂਕਿ ਪਿੱਛੋਂ ਪਾਣੀ ਵਧਣ ਦੀ ਸੂਰਤ ਵਿਚ ਘੱਗਰ ਦੇ ਪਾਣੀ ਦਾ ਪੱਧਰ ਵੱਧ ਸਕਦਾ ਹੈ | ਇੱਕ ਸਵਾਲ ਦੇ ਉੱਤਰ ਵਿਚ ਸ੍ਰੀ ਗੋਇਲ ਨੇ ਦੱਸਿਆ ਕਿ ਸੰਗਰੂਰ ਜ਼ਿਲ੍ਹੇ ਵਿਚੋਂ ਕਿਸਾਨਾਂ ਨੇ ਮਾਝਾ ਤੇ ਦੁਆਬਾ ਖੇਤਰ ਦੇ ਪੀੜਤ ਕਿਸਾਨਾਂ ਦੇ ਪਸ਼ੂਆਂ ਲਈ ਖੁੱਲ੍ਹਦਿਲੀ ਨਾਲ ਚਾਰਾ ਭੇਜਿਆ ਹੈ | ਪ੍ਰਾਪਤ ਅੰਕੜਿਆਂ ਅਨੁਸਾਰ ਅੱਜ ਸਵੇਰੇ ਭਾਖੜਾ ਡੈਮ ਵਿਚ ਪਾਣੀ ਦਾ ਪੱਧਰ 1671.79 ਫੁੱਟ ਵੇਖਿਆ ਗਿਆ ਜਦ ਕਿ ਖ਼ਤਰੇ ਦਾ ਨਿਸ਼ਾਨ 1680 ਫੁੱਟ 'ਤੇ ਹੈ | ਇਸੇ ਤਰ੍ਹਾਂ ਪੌਂਗ ਡੈਮ ਵਿਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ 1.98 ਫੁੱਟ ਉੱਪਰ ਚੱਲ ਰਿਹਾ ਹੈ | ਇਨ੍ਹਾਂ ਹੜ੍ਹਾਂ ਕਾਰਨ ਰਾਜ ਦੇ 300 ਦੇ ਕਰੀਬ ਸਰਕਾਰੀ ਸਕੂਲ ਬੰਦ ਰੱਖੇ ਗਏ ਹਨ |