ਫ਼ਿਰੋਜ਼ਪੁਰ, 29 ਅਗਸਤ (ਕੁਲਬੀਰ ਸਿੰਘ ਸੋਢੀ)-ਲਗਾਤਾਰ ਹੋ ਰਹੀ ਭਾਰੀ ਬਾਰਸ਼ ਤੇ ਹੜ੍ਹਾਂ ਕਾਰਨ ਜੰਮੂ ਖੇਤਰ 'ਚ ਵੱਡੀ ਗਿਣਤੀ 'ਚ ਫਸੇ ਯਾਤਰੀਆਂ ਨੂੰ ਢੁਕਵੇਂ ਸਥਾਨਾਂ 'ਤੇ ਪਹੰੁਚਾਉਣ ਲਈ ਉੱਤਰ ਰੇਲਵੇ ਵਲੋਂ ਦੋ ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਗਈਆਂ ਹਨ | ਮਿਲੀ ਜਾਣਕਾਰੀ ਅਨੁਸਾਰ ਜੰਮੂ ਖੇਤਰ 'ਚ ਹੋ ਰਹੀ ਲਗਾਤਾਰ ਭਾਰੀ ਬਾਰਸ਼ ਤੇ ਹੜ੍ਹਾਂ ਕਾਰਨ ਰੇਲ ਆਵਾਜਾਈ ਵੱਡੇ ਪੱਧਰ 'ਤੇ ਪ੍ਰਭਾਵਿਤ ਹੋ ਗਈ ਹੈ, ਜਿਸ ਨਾਲ ਵੱਖ-ਵੱਖ ਸਟੇਸ਼ਨਾਂ 'ਤੇ ਫਸੇ ਰੇਲਵੇ ਯਾਤਰੀਆਂ ਦੀ ਸਹੂਲਤ ਤੇ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਉੱਤਰ ਰੇਲਵੇ ਵਲੋਂ ਵਿਸ਼ੇਸ਼ ਕਦਮ ਚੁੱਕੇ ਗਏ ਹਨ | ਰੇਲਵੇ ਯਾਤਰੀਆਂ ਨੂੰ ਸੁਰੱਖਿਅਤ ਢੰਗ ਨਾਲ ਉਨ੍ਹਾਂ ਦੀ ਮੰਜ਼ਿਲ ਤੱਕ ਪਹੁੰਚਾਉਣ ਲਈ ਬੀਤੇ ਦਿਨ 28 ਅਗਸਤ ਨੂੰ ਜੰਮੂ ਤਵੀ ਸਟੇਸ਼ਨ ਤੋਂ ਦੋ ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਗਈਆਂ, ਜਿਨ੍ਹਾਂ ਰਾਹੀਂ ਪਹਿਲੀ ਵਿਸ਼ੇਸ਼ ਰੇਲਗੱਡੀ ਲਗਭਗ 1400 ਰੇਲਵੇ ਯਾਤਰੀਆਂ ਨੂੰ ਲੈ ਕੇ ਜੰਮੂ ਤਵੀ ਤੋਂ ਵਾਰਾਨਸੀ ਤੇ ਦੂਜੀ ਵਿਸ਼ੇਸ਼ ਰੇਲਗੱਡੀ ਲਗਭਗ 1200 ਰੇਲਵੇ ਯਾਤਰੀਆਂ ਨੂੰ ਲੈ ਕੇ ਜੰਮੂ ਤਵੀ ਤੋਂ ਨਵੀਂ ਦਿੱਲੀ ਲਈ ਰਵਾਨਾ ਹੋਈ | ਸੀਨੀਅਰ ਡਵੀਜ਼ਨਲ ਕਮਰਸ਼ੀਅਲ ਮੈਨੇਜਰ ਪਰਮਦੀਪ ਸਿੰਘ ਸੈਣੀ ਨੇ ਜਾਣਕਾਰੀ ਸਾਂਝੀ ਕੀਤੀ ਕਿ ਰੇਲਵੇ ਪ੍ਰਸ਼ਾਸਨ ਹਮੇਸ਼ਾ ਆਪਣੇ ਰੇਲ ਯਾਤਰੀਆਂ ਦੀ ਸੁਰੱਖਿਆ ਤੇ ਸਹੂਲਤ ਨੂੰ ਸਭ ਤੋਂ ਉੱਪਰ ਸਮਝਦਾ ਹੈ ਤੇ ਆਫ਼ਤ ਦੀ ਸਥਿਤੀ 'ਚ ਵੀ ਉਨ੍ਹਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਦਾ ਰਹੇਗਾ | ਉਨ੍ਹਾਂ ਕਿਹਾ ਕਿ ਇਨ੍ਹਾਂ ਵਿਸ਼ੇਸ਼ ਰੇਲ ਗੱਡੀਆਂ 'ਚ ਯਾਤਰਾ ਦੌਰਾਨ ਫ਼ਿਰੋਜ਼ਪੁਰ ਡਿਵੀਜ਼ਨ ਦੇ ਜਲੰਧਰ ਛਾਉਣੀ ਤੇ ਲੁਧਿਆਣਾ ਰੇਲਵੇ ਸਟੇਸ਼ਨਾਂ 'ਤੇ ਕਮਰਸ਼ੀਅਲ ਇੰਸਪੈਕਟਰ, ਡਿਪਟੀ ਸਟੇਸ਼ਨ ਸੁਪਰਡੈਂਟ (ਵਪਾਰਕ), ਟਿਕਟ ਚੈਕਿੰਗ ਸਟਾਫ਼ ਤੇ ਕੇਟਰਿੰਗ ਸਟਾਫ਼ ਦੀ ਮਦਦ ਨਾਲ ਖਾਣੇ ਦੇ ਢੁਕਵੇਂ ਪ੍ਰਬੰਧ ਯਕੀਨੀ ਬਣਾਏ ਗਏ ਸਨ, ਤਾਂ ਜੋ ਯਾਤਰੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ |