ਹੜ੍ਹਾਂ ਦੀ ਮਾਰ-ਸਤਲੁਜ ਦੇ ਪਾਣੀ ਨੇ ਮਿਟਾਈਆਂ ਭਾਰਤ-ਪਾਕਿ ਕੌਮਾਂਤਰੀ ਸਰਹੱਦਾਂ
ਹਿੰਦ-ਪਾਕਿ ਸਰਹੱਦ 'ਤੇ ਜੇ.ਸੀ.ਪੀ ਹੁਸੈਨੀਵਾਲਾ ਵਿਖੇ ਭਰਿਆ ਪਾਣੀ, ਡਿਫੈਂਸ ਬੰਨ੍ਹ ਟੁੱਟਣ ਨਾਲ ਪਾਕਿਸਤਾਨ ਵਿਚ ਦਾਖ਼ਲ ਹੁੰਦਾ ਪਾਣੀ ਤੇ ਕੌਮਾਂਤਰੀ ਸਰਹੱਦਾਂ ਨੂੰ ਮਿਟਾਉਂਦਾ ਦਿਖਾਈ ਦਿੰਦਾ ਬੰਨ੍ਹ ਦੇ ਨਾਲ ਭਰਿਆ ਸਤਲੁਜ ਦਾ ਪਾਣੀ | ਤਸਵੀਰਾਂ-ਗੁਰਿੰਦਰ ਸਿੰਘ
<br/>
30-08-2025
ਪਾਕਿਸਤਾਨ ਦੇ ਕਈ ਪਿੰਡ ਪਾਣੀ ਦੀ ਮਾਰ ਹੇਠ
ਸੂਤਰਾਂ ਅਨੁਸਾਰ ਭਾਰਤੀ ਖੇਤਰ ਵਿਚਲਾ ਡਿਫੈਂਸ ਬੰਨ੍ਹ ਟੁੱਟਣ ਨਾਲ ਪਾਣੀ ਪਾਕਿਸਤਾਨ ਦੇ ਜ਼ਿਲ੍ਹਾ ਕਸੂਰ ਦੇ ਕਈ ਪਿੰਡਾਂ ਵਿਚ ਪਹੁੰਚ ਗਿਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਪਾਕਿਸਤਾਨ ਦੇ ਹਾਕੂਵਾੜਾ, ਕਲਿੰਜਰਾਂ, ਗੰਡਾ ਸਿੰਘ ਵਾਲਾ ਅਤੇ ਭਿਖੀ ਪਿੰਡ ਆਦਿ ਪਿੰਡ ਪਾਣੀ ਦੀ ਚਪੇਟ ਵਿਚ ਆ ਗਏ ਹਨ | ਇਨ੍ਹਾਂ ਪਿੰਡਾਂ ਦੇ ਖੇਤਾਂ ਅਤੇ ਘਰਾਂ ਵਿਚ ਪਾਣੀ ਦਾਖਲ ਹੋਣ ਕਾਰਨ ਲੋਕਾਂ ਨੂੰ ਵੱਡੇ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ |
ਭਾਰਤੀ ਪਿੰਡਾਂ 'ਚ ਘਟਿਆ ਪਾਣੀ
ਦਿਲਚਸਪ ਗੱਲ ਇਹ ਹੈ ਕਿ ਜਿੱਥੇ ਇਹ ਬੰਨ੍ਹ ਟੁੱਟਣ ਨਾਲ ਪਾਕਿਸਤਾਨ ਵਿਚ ਤਬਾਹੀ ਆਈ, ਉੱਥੇ ਭਾਰਤ ਦੇ ਸਰਹੱਦੀ ਪਿੰਡਾਂ ਨੂੰ ਕੁੱਝ ਹੱਦ ਤੱਕ ਰਾਹਤ ਮਿਲੀ ਹੈ | ਗੱਟੀ ਰਾਜੋਕੇ, ਭਖੜਾ ਅਤੇ ਹਜ਼ਾਰਾ ਸਿੰਘ ਵਾਲਾ ਆਦਿ ਪਿੰਡਾਂ ਵਿਚ ਪਾਣੀ ਦਾ ਪੱਧਰ ਪਹਿਲਾਂ ਨਾਲੋਂ ਘੱਟ ਹੋ ਗਿਆ ਹੈ | ਪਿੰਡ ਵਾਸੀਆਂ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਪਾਣੀ ਦੇ ਦਬਾਅ ਕਾਰਨ ਉਹ ਖ਼ੌਫ਼ ਵਿਚ ਸਨ, ਪਰ ਬੰਨ੍ਹ ਟੁੱਟਣ ਨਾਲ ਫ਼ਿਲਹਾਲ ਉਨ੍ਹਾਂ ਦੇ ਪਿੰਡਾਂ ਵਿਚ ਖ਼ਤਰਾ ਘਟਿਆ ਹੈ |
ਪਾਕਿਸਤਾਨੀ ਬੰਨ੍ਹ ਵੀ ਖਤਰੇ ਹੇਠ
ਮਾਹਿਰਾਂ ਦਾ ਕਹਿਣਾ ਹੈ ਕਿ ਜੇ ਸਤਲੁਜ ਦਰਿਆ ਦਾ ਪਾਣੀ ਇਸੇ ਤਰ੍ਹਾਂ ਹੀ ਵਧਦਾ ਰਿਹਾ ਤਾਂ ਪਾਕਿਸਤਾਨ ਦਾ ਡਿਫੈਂਸ ਬੰਨ੍ਹ ਵੀ ਟੁੱਟ ਸਕਦਾ ਹੈ | ਦਰਅਸਲ ਭਾਰਤੀ ਚੌਂਕੀ ਸਤਪਾਲ ਕੋਲੋਂ ਟੁੱਟਿਆ ਭਾਰਤੀ ਬੰਨ੍ਹ ਸਿੱਧੀ ਟੱਕਰ ਪਾਕਿਸਤਾਨ ਦੇ ਬੰਨ੍ਹ ਨੂੰ ਦੇ ਰਿਹਾ ਹੈ | ਪਾਣੀ ਦੇ ਤੇਜ਼ ਵਹਾਅ ਕਾਰਨ ਉਸ ਬੰਨ੍ਹ ਦੀ ਮਜ਼ਬੂਤੀ ਉੱਤੇ ਸਵਾਲ ਖੜ੍ਹੇ ਹੋ ਗਏ ਹਨ | ਜੇਕਰ ਉਹ ਬੰਨ੍ਹ ਟੁੱਟਿਆ ਤਾਂ ਕਸੂਰ ਜ਼ਿਲ੍ਹੇ ਦੇ ਹੋਰ ਪਿੰਡ ਵੀ ਹੜ੍ਹ ਦੀ ਮਾਰ ਹੇਠ ਆ ਸਕਦੇ ਹਨ |
ਪ੍ਰਸ਼ਾਸਨ ਚੌਕਸ
ਸਰਹੱਦੀ ਇਲਾਕੇ ਦੀ ਇਸ ਸੰਵੇਦਨਸ਼ੀਲ ਸਥਿਤੀ ਨੂੰ ਦੇਖਦਿਆਂ ਭਾਰਤੀ ਪ੍ਰਸ਼ਾਸਨ ਚੌਕਸੀ 'ਤੇ ਹੈ | ਸਥਾਨਕ ਪ੍ਰਸ਼ਾਸਨ ਨੇ ਸੁਰੱਖਿਆ ਏਜੰਸੀਆਂ ਨਾਲ ਮਿਲ ਕੇ ਹਾਲਾਤ 'ਤੇ ਨਿਗਰਾਨੀ ਰੱਖੀ ਹੋਈ ਹੈ | ਲੋਕਾਂ ਨੂੰ ਦਰਿਆ ਕੰਢੇ ਨਾ ਜਾਣ ਦੀ ਅਪੀਲ ਕੀਤੀ ਜਾ ਰਹੀ ਹੈ ਅਤੇ ਜ਼ਰੂਰਤ ਪੈਣ 'ਤੇ ਉਨ੍ਹਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਜਾ ਰਿਹਾ ਹੈ |