29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਸਤਲੁਜ 'ਚ ਹੜ੍ਹਾਂ ਦਾ ਭਿਆਨਕ ਰੂਪ, ਜ਼ਮੀਨਾਂ ਦਾ ਮਾਲਕ ਲੋਕਾਂ ਅੱਗੇ ਹੱਥ ਅੱਡਣ ਲਈ ਮਜਬੂਰ

ਅਜੀਤ ਡੈਸਕ 30-08-2025
ਮੱਲਾਂਵਾਲਾ, 29 ਅਗਸਤ (ਬਲਬੀਰ ਸਿੰਘ ਜੋਸਨ)-ਪਹਾੜੀ ਇਲਾਕਿਆਂ ਚ ਭਾਰੀ ਮੀਹਾਂ ਕਾਰਨ ਸਾਰੇ ਡੈਮਾਂ 'ਚ ਪਾਣੀ ਨੱਕੋਂ ਨੱਕ ਭਰੇ ਜਾਣ ਕਾਰਨ ਛੱਡੇ ਜਾ ਰਹੇ ਪਾਣੀ ਨੇ ਪੰਜਾਬ ਦੇ ਕਈ ਇਲਾਕਿਆਂ ਨੂੰ ਡੋਬ ਕੇ ਰੱਖ ਦਿੱਤਾ ਅਤੇ ਲੋਕਾਂ ਨੂੰ ਘਰੋਂ ਬੇਘਰ ਕਰ ਦਿੱਤਾ ਹੈ। ਪੌਂਗ ਡੈਮ ਅਤੇ ਭਾਖੜਾ ਡੈਮ ਦੇ ਲਗਾਤਾਰ ਖੁੱਲ੍ਹੇ ਫਲੱਡ ਗੇਟ ਦੇ ਪਾਣੀ ਨੇ ਬਿਆਸ ਤੇ ਸਤਲੁਜ ਦਰਿਆ ਦੇ ਵਿਚ ਪਿਛਲੇ ਕਰੀਬ 24 ਦਿਨਾਂ ਤੋਂ ਹੜ੍ਹਾਂ ਨਾਲ ਪਿੰਡਾਂ ਦੇ ਵਿਚ ਭਿਆਨਕ ਮੰਜ਼ਰ ਦੇਖਣ ਨੂੰ ਮਿਲ ਰਿਹਾ ਹੈ। ਪੰਜਾਬ ਦੇ ਵਿੱਚ ਆਏ ਹੜ੍ਹਾਂ ਨੇ ਪੰਜਾਬ ਦੇ ਅੰਨਦਾਤੇ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਜ਼ਮੀਨ ਜਾਇਦਾਦ, ਲੱਖਾਂ, ਕਰੋੜਾਂ ਤੇ ਕਿਲਿਆਂ ਦਾ ਮਾਲਕ ਅੱਜ ਲੋਕਾਂ ਅੱਗੇ ਹੱਥ ਅੱਡਣ ਲਈ ਮਜਬੂਰ ਹੋਇਆ ਪਿਆ ਹੈ। ਹੜ੍ਹਾਂ ਦੇ ਭਿਆਨਕ ਰੂਪ ਨੇ ਪੰਜਾਬ ਦੇ ਅੰਨਦਾਤੇ ਨੂੰ ਕੱਖੋਂ ਹੌਲਾ ਕਰ ਦਿੱਤਾ ਹੈ। ਜ਼ਿਲ੍ਹਾ ਤਰਨਤਾਰਨ ਦੇ ਹਰੀਕੇ ਹਿਠਾੜ ਖੇਤਰ ਤੇ ਜ਼ਿਲ੍ਹਾ ਫਿਰੋਜ਼ਪੁਰ ਚ ਸਤਲੁਜ ਚ ਅਨੇਕਾਂ ਪਿੰਡ ਤੇ ਢਾਣੀਆਂ ਵਿਚ ਵਸੇ ਘਰ ਪਾਣੀ ਵਿਚ ਡੁੱਬ ਚੁੱਕੇ ਹਨ। ਫ਼ਸਲਾਂ ਤੇ ਲਗਾਤਾਰ ਪਾਣੀ ਚੱਲਣ ਕਾਰਨ ਖ਼ਤਮ ਹੋ ਚੁੱਕੀਆਂ ਹਨ ਅਤੇ ਘਰ ਵੀ ਨੁਕਸਾਨੇ ਗਏ ਹਨ। ਹਰੀ ਕੇ ਪਤਨ ਤੋਂ ਜ਼ਿਲ੍ਹਾ ਫਿਰੋਜ਼ਪੁਰ ਦੀ ਹੱਦ ਤੇ ਵਗ ਰਹੇ ਸਤਲੁਜ ਦਰਿਆ ਦੇ ਅਨੇਕਾਂ ਪਿੰਡਾਂ ਸਮੇਤ ਹੁਸੈਨੀਵਾਲਾ ਹੈੱਡ ਵਰਕਸ, ਮਮਦੋਟ, ਗੁਰੂ ਹਰਸਹਾਏ, ਜਲਾਲਾਬਾਦ, ਅਤੇ ਜ਼ਿਲ੍ਹਾ ਫ਼ਾਜ਼ਿਲਕਾ ਦੇ ਏਰੀਆ ਦੇ ਪਿੰਡਾਂ 'ਚ ਹੜ੍ਹਾਂ ਨੇ ਵੱਡਾ ਨੁਕਸਾਨ ਕੀਤਾ ਹੈ ਅਤੇ ਅਨੇਕਾਂ ਹੀ ਘਰਾਂ ਦੇ ਲੋਕ ਘਰੋਂ ਬੇਘਰ ਹੋ ਗਏ ਹਨ। ਫਿਰੋਜ਼ਪੁਰ ਤੇ ਹਰੀਕੇ ਖੇਤਰ ਦੇ ਅੰਦਰਲੇ ਪਾਸੇ ਦੋ ਦਰਜਨ ਤੋਂ ਵਧੇਰੇ ਪਿੰਡਾਂ ਸਭਰਾ, ਆਲੇ ਵਾਲਾ, ਜਲੋਕੀਆਂ ਬਹਿਕਾ, ਫੱਤੇਵਾਲਾ, ਕੁਤਬਦੀਨ ਵਾਲਾ, ਗਗੜਾਂ ਦੀ ਬਸਤੀ, ਬਸਤੀ ਕਿਸ਼ਨ ਸਿੰਘ ਵਾਲੀ, ਰੁਕਣੇ ਵਾਲਾ, ਕਾਲੇ ਕੇ ਹਥਾੜ, ਬੰਡਾਲਾ, ਹਾਮਦ ਚੱਕ, ਬੱਗੇਵਾਲਾ,ਬਸਤੀ ਰੋੜਾਂ ਵਾਲੀ, ਬੁਰਜਾਂ ਦੀਆਂ ਬਹਿਕਾਂ, ਟੱਲੀ ਗ਼ੁਲਾਮ, ਧੀਰਾ ਧਾਰਾ, ਨਿਹਾਲਾ ਲਵੇਰਾ, ਮੁੱਠਿਆਂ ਵਾਲਾ, ਬਾਲਾ ਮੇਘਾ, ਜਾਮਾ ਮੇਘਾ, ਸੁਲਤਾਨ ਵਾਲਾ, ਨਿਜ਼ਾਮ ਵਾਲਾ, ਬਸਤੀ ਰਾਮ ਲਾਲ ਸਮੇਤ ਪਿੰਡ ਪਾਣੀ ਦੀ ਮਾਰ ਹੇਠ ਚੱਲ ਰਹੇ ਹਨ। ਧੁੱਸੀ ਬੰਨ੍ਹ ਦੇ ਅੰਦਰ ਆਉਂਦੇ ਸਤਲੁਜ ਦਰਿਆ ਦੇ ਕੰਢੀ ਏਰੀਏ ਦੇ ਪਿੰਡਾਂ ਵਿੱਚ ਫਸੇ ਹੜ੍ਹ ਪੀੜਤਾਂ ਨੂੰ ਬਾਹਰ ਕੱਢਣ ਲਈ ਸਿੱਖ ਸੰਸਥਾਵਾਂ ਅਕਾਲੀ ਦਲ ਵਾਰਸ ਪੰਜਾਬ ਦੇ, ਹੇਮਕੁੰਟ ਫਾਊਂਡੇਸ਼ਨ, ਯੂਨਾਈਟਿਡ ਸਿੱਖ ਸੰਸਥਾ, ਅਕਾਲ ਸਹਾਇ ਸੰਸਥਾ, ਅਤੇ ਫ਼ੌਜ ਨੇ ਆਪਣੀਆਂ ਮੋਟਰ ਬੋਟਾਂ ਰਾਹੀਂ ਮੋਰਚਾ ਸੰਭਾਲਿਆ ਹੋਇਆ ਹੈ। ਸੰਸਥਾਵਾਂ ਦੀਆਂ ਮੋਟਰ ਬੋਟਾਂ ਹੜ੍ਹ ਪੀੜਤਾਂ ਲਈ ਅੰਦਰ ਪਸ਼ੂਆਂ ਵਾਸਤੇ ਚਾਰਾ ਦਵਾਈਆਂ, ਪਾਣੀ ਅਤੇ ਰਾਸ਼ਨ ਮੁਹੱਈਆ ਕਰਵਾ ਰਹੀਆਂ ਹਨ। ਇਸ ਤੋਂ ਪਹਿਲਾਂ ਕੁੱਝ ਹੜ੍ਹ ਪੀੜਿਤ ਲੋਕਾਂ ਵਲੋਂ ਆਪਣੇ ਪਸ਼ੂਆਂ ਸਮੇਤ ਬੰਨਾ ਤੇ ਆਣ ਕੇ ਡੇਰੇ ਲਾ ਲਏ ਸਨ। ਪਿੰਡਾਂ ਅਤੇ ਢਾਣੀਆਂ ਵਿਚ ਵੱਸੇ ਲੋਕਾਂ ਦੇ ਘਰਾਂ ਦੇ ਅੰਦਰ ਪੰਜ-ਪੰਜ ਫੁੱਟ ਤੱਕ ਪਾਣੀ ਭਰ ਗਿਆ ਹੈ ਅਤੇ ਖੇਤਾਂ ਵਿੱਚ ਕਈ ਥਾਵਾਂ ਉੱਪਰ 10 ਫੁੱਟ ਤੋਂ ਵੀ ਵਧੇਰੇ ਪਾਣੀ ਚੱਲ ਰਿਹਾ ਹੈ। ਲੋਕਾਂ ਵੱਲੋਂ ਆਪਣਾ ਸਮਾਨ ਕੋਠਿਆਂ ਉੱਪਰ ਰੱਖ ਕੇ ਸੁਰੱਖਿਅਤ ਥਾਵਾਂ ਵੱਲ ਚਲੇ ਗਏ ਹਨ। ਇਨ੍ਹਾਂ ਹੜ੍ਹ ਪੀੜਤ ਲੋਕਾਂ ਲਈ ਸਿੱਖ ਸੰਸਥਾਵਾਂ ਦੇ ਨਾਲ ਨਾਲ ਰਾਜਨੀਤਿਕ ਲੋਕ ਵੀ ਮਦਦ ਕਰ ਰਹੇ ਹਨ। ਜਿਸ ਚ ਹਲਕਾ ਫ਼ਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਵਲੋਂ 150 ਗੱਟੇ ਪਸ਼ੂਆਂ ਲਈ ਫੀਡ ਲੈ ਕੇ ਆਏ ਤੇ ਹੱਥੀ ਸੇਵਾ ਕਰਕੇ ਗਏ। ਸ਼੍ਰੋਮਣੀ ਅਕਾਲੀ ਦਲ (ਸਿੰਘ ਸਾਹਿਬ) ਦੇ ਜ਼ਿਲ੍ਹਾ ਡੈਲੀਗੇਟ ਕਰਨੈਲ ਸਿੰਘ ਭਾਵੜਾ ਫਿਰੋਜ਼ਪੁਰ ਅਤੇ ਡਾ. ਮੁਖ਼ਤਿਆਰ ਸਿੰਘ ਸਾਥੀਆਂ ਸਮੇਤ ਪਸ਼ੂਆਂ ਦਾ ਚਾਰਾ ਸਮੇਤ ਸਮਾਨ ਲੈ ਕੇ ਹੜ੍ਹ ਪੀੜਤਾਂ ਤੱਕ ਪਹੁੰਚੇ।ਹੜ੍ਹ ਪੀੜਤ ਪਿੰਡ ਨਿਹਾਲਾ ਲਵੇਰਾ ਦੇ ਬੰਨ੍ਹ ਦੇ ਉੱਪਰ ਪਿੰਡ ਦੌਲਤਪੁਰ ਦੇ ਲੋਕਾਂ ਵੱਲੋਂ ਲੰਗਰ ਦੀ ਸੇਵਾ ਚੱਲ ਰਹੀ ਹੈ। ਸਹਿਤ ਵਿਭਾਗ ਤੇ ਫ਼ੌਜ ਵਲੋਂ ਮੈਡੀਕਲ ਕੈਂਪ ਚੱਲ ਰਿਹਾ। ਸਿੱਖ ਸੰਸਥਾਵਾਂ ਵਲੋਂ ਲੰਗਰਾਂ ਸਮੇਤ ਪਾਣੀ ਤੇ ਪਸ਼ੂਆਂ ਨੂੰ ਅਚਾਰ ਤੇ ਫੀਡ ਦੀ ਸੇਵਾ ਕੀਤੀ ਜਾ ਰਹੀ ਹੈ।
ਪਿਛਲੀ ਖ਼ਬਰ ਬੀ.ਐੱਸ.ਐਫ ਵਲੋਂ ਡੁੱਬੇ ਖੇਤਰਾਂ 'ਚ ਕਿਸ਼ਤੀਆਂ ਦੀਆਂ ਚੌਕੀਆਂ ਸਥਾਪਤ ਕਰ ਕੇ ਸ਼ੱਕੀ ਗਤੀਵਿਧੀਆਂ 'ਤੇ ਰੱਖੀ ਜਾ ਰਹੀ ਨਜ... ਅਗਲੀ ਖ਼ਬਰ ਟਾਪੂ ਨੁਮਾ ਸਰਹੱਦੀ ਪਿੰਡ ਕਾਲੂ ਵਾਲਾ 'ਚ ਹੜ੍ਹ ਕਾਰਨ ਹਾਲਤ ਹੋਏ ਪੇਚੀਦਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।