ਫ਼ਾਜ਼ਿਲਕਾ, 30 ਅਗਸਤ (ਅਮਰਜੀਤ ਸ਼ਰਮਾ)-ਫਿਲੌਰ ਵਿਖੇ ਪੈਂਦੇ ਪਿੰਡ ਧੁਲੇ 'ਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰੂ ਘਰ ਦੀ ਚਾਰ ਦੀਵਾਰੀ ਨੂੰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਢਾਏ ਜਾਣ ਦੇ ਵਿਰੋਧ 'ਚ ਬਹੁਜਨ ਸਮਾਜ ਪਾਰਟੀ ਪੰਜਾਬ ਜ਼ਿਲ੍ਹਾ ਫ਼ਾਜ਼ਿਲਕਾ ਵਲੋਂ ਜ਼ਿਲ੍ਹਾ ਪ੍ਰਧਾਨ ਗਿਆਨ ਚੰਦ ਦੀ ਅਗਵਾਈ ਹੇਠ ਪੰਜਾਬ ਦੇ ਗਵਰਨਰ ਦੇ ਨਾਂਅ ਦਾ ਇਕ ਮੰਗ ਪੱਤਰ ਡੀ.ਸੀ.ਦਫ਼ਤਰ ਵਿਖੇ ਸੌਂਪਿਆ | ਵਫ਼ਦ ਵਿਚ ਸ਼ਾਮਿਲ ਭਜਨ ਲਾਲ ਕੰਬੋਜ ਜ਼ੋਨ ਇੰਚਾਰਜ, ਜ਼ਿਲ੍ਹਾ ਪ੍ਰਧਾਨ ਗਿਆਨ ਚੰਦ, ਸਕੱਤਰ ਸਤੀਸ਼ ਮੋਹਲ਼ਾ, ਬਨ੍ਹਵਾਰੀ ਲਾਲ, ਪਾਲਾ ਰਾਮ, ਰਿੰਕੂ ਕੁਮਾਰ, ਰਾਮ ਕ੍ਰਿਸ਼ਨ ਨਿਰਭੈ ਸਿੰਘ ਪ੍ਰਧਾਨ ਜਲਾਲਾਬਾਦ, ਨਾਨਕ ਪ੍ਰਕਾਸ਼ ਪ੍ਰਧਾਨ ਫ਼ਾਜ਼ਿਲਕਾ, ਬਲਵੀਰ ਸਿੰਘ ਜ਼ਿਲ੍ਹਾ ਕੋਆਰਡੀਨੇਟਰ, ਨਰੇਸ਼ ਕੁਮਾਰ, ਪ੍ਰਕਾਸ਼ ਕੁਮਾਰ ਆਦਿ ਨੇ ਕਿਹਾ ਕਿ ਪਿੰਡ ਧੁਲੇ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰੂ ਘਰ ਦੀ ਚਾਰ ਦੀਵਾਰੀ ਨੂੰ ਢਾਹ ਕੇ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ | ਉਨ੍ਹਾਂ ਕਿਹਾ ਕਿ ਬੀ.ਡੀ.ਪੀ.ਓ. ਫਲੋਰ ਨੇ ਬਿਨ੍ਹਾਂ ਤੱਥਾਂ ਦੀ ਪੜਤਾਲ ਕੀਤੇ ਹੀ ਇਸ ਜਗ੍ਹਾ 'ਤੇ ਗੁਰੂ ਘਰ ਦੀ ਬਣੀ ਚਾਰ ਦੀਵਾਰੀ ਨੂੰ ਢਾਹੁਣ ਦੀ ਰਿਪੋਰਟ ਬਣਾ ਕੇ ਡੀ.ਡੀ.ਪੀ.ਓ.ਜਲੰਧਰ ਨੂੰ ਭੇਜ ਦਿੱਤੀ | ਜਿਸ ਤੋਂ ਬਾਅਦ ਡੀ.ਸੀ.ਜਲੰਧਰ ਨੇ ਪਿੰਡ ਦੇ ਲੋਕਾਂ ਨੂੰ ਬਿਨ੍ਹਾਂ ਸੁਣੇ ਤੇ ਬਿਨ੍ਹਾਂ ਨਿਸ਼ਾਨਦੇਹੀ ਕਰਵਾਏ ਭਾਰੀ ਪੁਲਿਸ ਫੋਰਸ ਭੇਜ ਕੇ ਚਾਰ ਦੀਵਾਰੀ ਨੂੰ ਢਾਹ ਦਿੱਤਾ | ਜਿਸ ਨਾਲ ਸ੍ਰੀ ਗੁਰੂ ਰਵਿਦਾਸ ਨਾਮ ਲੇਵਾ ਸੰਗਤਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ | ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਇਸ ਕਾਰਵਾਈ ਨੂੰ ਅੰਜਾਮ ਦੇਣ ਵਾਲੇ ਲੋਕਾਂ 'ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ ਵਿਚ ਕਾਰਵਾਈ ਕੀਤੀ ਜਾਵੇ |