16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਮਮਦੋਟ ਸਮੇਤ ਦਰਜਨ ਭਰ ਸਰਹੱਦੀ ਪਿੰਡਾਂ ਦੇ ਲੋਕਾਂ ਨੂੰ ਸਤਾਉਣ ਲੱਗਾ ਡੋਬੇ ਦਾ ਡਰ

ਅਜੀਤ ਡੈਸਕ 31-08-2025
ਮਮਦੋਟ 30 ਅਗਸਤ (ਸੁਖਦੇਵ ਸਿੰਘ ਸੰਗਮ)-ਪਿਛਲੇ ਕਰੀਬ 15 ਦਿਨਾਂ ਤੋਂ ਹੜ੍ਹਾਂ ਦੀ ਮਾਰ ਝੱਲ ਰਹੇ ਸਰਹੱਦੀ ਕਿਸਾਨਾਂ ਤੋਂ ਬਾਅਦ ਹੁਣ ਕਸਬਾ ਮਮਦੋਟ ਸਮੇਤ ਇਲਾਕੇ ਦੇ ਦਰਜਨ ਭਰ ਪਿੰਡਾਂ ਦੇ ਆਮ ਲੋਕਾਂ ਨੂੰ ਵੀ ਡੋਬੇ ਦਾ ਡਰ ਸਤਾਉਣ ਲੱਗਾ ਹੈ | ਸਤਲੁਜ ਦਰਿਆ ਵਿਚ ਲਗਾਤਾਰ ਵਧ ਰਹੇ ਪਾਣੀ ਦੇ ਪੱਧਰ ਕਾਰਨ ਕਸਬਾ ਮਮਦੋਟ ਦੇ ਨਾਲ ਲੱਗਦੇ ਬਾਰਡਰ ਬੈਲਟ ਦੇ ਪਿੰਡਾਂ ਗੱਟੀ ਹਯਾਤ,ਗੱਟੀ ਮਸਤਾ ਨੂੰ -2, ਦੋਨਾਂ ਰਹਿਮਤ ਵਾਲਾ, ਘੋੜਾ ਚੱਕ,ਲਖਮੀਰ ਕੇ ਹਿਠਾੜ,ਸੇਠਾਂ ਵਾਲਾ,ਜੱਲੋ ਕੇ,ਸਾਹਨ ਕੇ ਆਦਿ ਦੇ ਲੋਕ ਰਾਤਾਂ ਜਾਗ ਕੇ ਕੱਟਣ ਲਈ ਮਜਬੂਰ ਹਨ ਬੇਸ਼ੱਕ ਹਾਲੇ ਤੱਕ ਇਨ੍ਹਾਂ ਪਿੰਡਾਂ ਅਤੇ ਸਤਲੁਜ ਦਰਿਆ ਦੇ ਵਿਚਾਲਿਓਾ ਲੰਘਦੀ ਨਿਊ ਛਾਂਗਾ ਮਾਈਨਰ ਇਨ੍ਹਾਂ ਦੇ ਬਚਾਅ ਲਈ ਢਾਲ ਬਣੀਂ ਹੋਈ ਹੈ ਪਰ ਪਲ-ਪਲ ਵਧਦੇ ਜਾ ਰਹੇ ਪਾਣੀ ਕਾਰਨ ਲੋਕਾਂ ਵਿਚ ਸਹਿਮ ਦਾ ਮਾਹੌਲ ਜ਼ਰੂਰ ਬਣਿਆਂ ਹੋਇਆ ਹੈ ਕਿ ਕਿਸੇ ਵੇਲੇ ਵੀ ਕੋਈ ਅਣਸੁਖਾਵੀਂ ਘਟਨਾ ਵਾਪਰ ਜਾਵੇ | ਸਾਲ 2023 ਦੌਰਾਨ ਜਦੋਂ ਦਰਿਆ ਦਾ ਪਾਣੀ ਵਧਿਆ ਸੀ ਤਾਂ ਇਸ ਨਹਿਰ ਦੀ ਬਦੌਲਤ ਇਸ ਇਲਾਕੇ ਦੇ ਲੋਕ ਅਤੇ ਹਜ਼ਾਰਾਂ ਏਕੜ ਰਕਬੇ ਵਿਚ ਖੜੀਆਂ ਫ਼ਸਲਾਂ ਸੁਰੱਖਿਅਤ ਰਹੀਆਂ ਸਨ, ਪਰ ਇਸ ਵਾਰ ਪਾਣੀ ਪਹਿਲਾਂ ਦੇ ਮੁਕਾਬਲੇ ਕਈ ਗੁਣਾਂ ਜ਼ਿਆਦਾ ਹੋਣ ਕਾਰਨ ਹਰੇਕ ਵਿਅਕਤੀ ਚਿੰਤਾ ਵਿਚ ਡੁੱਬਿਆ ਹੋਇਆ ਹੈ | ਹੁਣ ਤੱਕ ਸਰਹੱਦੀ ਕਿਸਾਨਾਂ ਵਲੋਂ ਆਪਣੇ ਪੱਧਰ ਤੇ ਇਸ ਮਾਈਨਰ ਦੇ ਕਿਨਾਰਿਆਂ ਨੂੰ ਮਿੱਟੀ ਪਾ ਕੇ ਮਜ਼ਬੂਤ ਕੀਤਾ ਜਾ ਰਿਹਾ ਹੈ | ਸਥਾਨਕ ਕਿਸਾਨਾਂ ਮੁਤਾਬਿਕ ਇਨ੍ਹਾਂ ਪਿੰਡਾਂ ਵਿਚਕਾਰ ਕਰੀਬ 11 ਸੌ ਏਕੜ ਵਿਚ ਫੈਲੇ ਚੱਕ ਸਰਕਾਰ ਜੰਗਲ ਵਿਚ ਦਰਿਆ ਦਾ ਪਾਣੀ ਲਗਾਤਾਰ ਪੈ ਰਿਹਾ ਹੈ | ਜਿਸ ਨਾਲ ਮਾਈਨਰ ਨੂੰ ਖੋਰਾ ਲੱਗਣ ਤੋਂ ਬਾਅਦ ਇਲਾਕੇ ਨੂੰ ਮਾਰ ਕਰ ਸਕਦਾ ਹੈ | ਜ਼ਿਕਰਯੋਗ ਹੈ ਕਿ ਛਾਂਗਾ ਮਾਈਨਰ ਤੋਂ ਮਮਦੋਟ ਵਾਲੇ ਪਾਸੇ ਦਾ ਰਕਬਾ ਕਾਫ਼ੀ ਨੀਵਾਂ ਹੈ ਅਤੇ ਜੇਕਰ ਇਸ ਨਹਿਰ ਨਾਲ ਕੋਈ ਅਣਹੋਣੀ ਵਾਪਰਦੀ ਹੈ ਤਾਂ ਯਕੀਨਨ ਇਹ ਵੱਡੇ ਨੁਕਸਾਨ ਦਾ ਕਾਰਨ ਬਣੇਗੀ | ਸਥਾਨਕ ਲੋਕਾਂ ਅਨੁਸਾਰ ਹਲਕੇ ਦੇ ਵਿਧਾਇਕ ਰਜਨੀਸ਼ ਦਹੀਆ ਵੀ ਲਗਾਤਾਰ ਇਲਾਕੇ ਦਾ ਦੌਰਾ ਕਰਕੇ ਹਾਲਾਤਾਂ ਤੇ ਨਜ਼ਰ ਰੱਖ ਰਹੇ ਹਨ ਪਰ ਪਤਾ ਹੋਣ ਦੇ ਬਾਵਜੂਦ ਸਰਕਾਰ ਵਲੋਂ ਇਸ ਇਲਾਕੇ ਦੇ ਬਚਾਅ ਲਈ ਛਾਂਗਾ ਮਾਈਨਰ ਦੇ ਕਿਨਾਰਿਆਂ ਦੀ ਅਗਾਊਾ ਮਜ਼ਬੂਤੀ ਲਈ ਕੋਈ ਯੋਗ ਯਤਨ ਨਹੀਂ ਕੀਤੇ ਗਏ | ਜਿਸ ਨੰੂ ਲੈ ਕੇ ਉਨ੍ਹਾਂ ਵਿਚ ਸਰਕਾਰ ਪ੍ਰਤੀ ਰੋਸ ਹੈ | ਇਸ ਬਾਰੇ ਜਾਣਨ ਤੇ ਇਹ ਗੱਲ ਸਾਹਮਣੇ ਆਈ ਹੈ ਕਿ ਸਥਿਤੀ ਖ਼ਰਾਬ ਹੋਣ ਦੀ ਸੂਰਤ ਵਿਚ ਇਸ ਖੇਤਰ ਦੇ ਲੋਕਾਂ ਨੂੰ ਇਥੋਂ ਕੱਢਣ ਅਤੇ ਸੁਰੱਖਿਅਤ ਜਗ੍ਹਾ ਤੇ ਪਹੁੰਚਾਉਂਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੀ ਪ੍ਰਬੰਧ ਕੀਤੇ ਗਏ ਹਨ | ਇਸ ਬਾਰੇ ਵੀ ਲੋਕਾਂ ਨੂੰ ਕੋਈ ਜਾਣਕਾਰੀ ਨਹੀਂ ਹੈ | ਜੇਕਰ ਕਸਬਾ ਮਮਦੋਟ ਵਾਲੇ ਪਾਸੇ ਹੜ੍ਹਾਂ ਵਰਗੇ ਹਾਲਾਤ ਬਣਦੇ ਹਨ ਤਾਂ ਲੋਕਾਂ ਨੂੰ ਖ਼ੁਦ ਨੂੰ ਬਚਾਉਣ ਲਈ ਆਪਣੇ ਪੱਧਰ ਤੇ ਹੀ ਜੱਦੋਜਹਿਦ ਕਰਨੀ ਪਵੇਗੀ ਜਾ ਫਿਰ ਪ੍ਰਸ਼ਾਸਨ ਵਲੋਂ ਕੋਈ ਸਹਿਯੋਗ ਕੀਤਾ ਜਾਵੇਗਾ | ਇਸ ਬਾਬਤ ਨਾਇਬ ਤਹਿਸੀਲਦਾਰ ਮਮਦੋਟ ਅਵਿਨਾਸ਼ ਕੁਮਾਰ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਦੱਸਿਆ ਕਿ ਮਮਦੋਟ ਇਲਾਕੇ ਦੇ ਲੋਕਾਂ ਲਈ ਲੱਖਾ ਸਿੰਘ ਵਾਲਾ ਹਿਠਾੜ ਅਤੇ ਖਾਈ ਵਿਖੇ ਦੋ ਰਾਹਤ ਕੇਂਦਰ ਸਥਾਪਤ ਕੀਤੇ ਗਏ ਹਨ | ਜਿੱਥੇ ਸ਼ਰਨਾਰਥੀਆਂ ਲਈ ਹਰ ਤਰ੍ਹਾਂ ਦਾ ਪ੍ਰਬੰਧ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਕਿਸੇ ਵੀ ਤਰ੍ਹਾਂ ਦੀ ਆਫ਼ਤ ਦੌਰਾਨ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਲਿਜਾਉਣ ਲਈ ਟਰਾਂਸਪੋਰਟ ਦਾ ਪ੍ਰਬੰਧ ਵੀ ਕੀਤਾ ਗਿਆ ਹੈ |
ਪਿਛਲੀ ਖ਼ਬਰ ਡੀ.ਸੀ ਤੇ ਐੱਸ.ਐੱਸ.ਪੀ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਲਿਆ ਜਾਇਜ਼ਾ ਅਗਲੀ ਖ਼ਬਰ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਕੀਤਾ ਦੌਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।