ਬਠਿੰਡਾ, 30 ਅਗਸਤ (ਪ੍ਰੀਤਪਾਲ ਸਿੰਘ ਰੋਮਾਣਾ)- ਬਠਿੰਡਾ ਜ਼ਿਲੇ੍ਹ ਅਧੀਨ ਪੈਂਦੇ ਪਿੰਡ ਗਹਿਰੀ ਦੇਵੀ ਨਗਰ 'ਚ ਇਕ ਘਰ ਵਿਚ ਕਿਸੇ ਵਿਅਕਤੀ ਵਲੋਂ ਚੋਰੀ ਕੀਤੀ ਗਈ ਹੈ | ਪੀੜਤ ਵਿਅਕਤੀ ਵਲੋਂ ਚੋਰੀ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ | ਪਰ 10 ਦਿਨ ਬੀਤ ਜਾਣ ਦੇ ਬਾਵਜੂਦ ਪੁਲਿਸ ਦੇ ਹੱਥ ਖਾਲੀ ਹਨ | ਜਿਸ ਦੇ ਰੋਸ ਵਜੋਂ ਪਿੰਡ ਵਾਸੀ ਅਤੇ ਕਿਸਾਨ ਯੂਨੀਅਨ ਨੇ ਐਸ.ਐਸ.ਪੀ. ਦਫ਼ਤਰ ਪਹੁੰਚ ਕੇ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਦੀ ਗੁਹਾਰ ਲਗਾਈ ਗਈ | ਇਸ ਮਾਮਲੇ ਸਬੰਧੀ ਪੀੜਤ ਸੁਖਦੇਵ ਸਿੰਘ ਨੇ ਦੱਸਿਆ ਕਿ ਉਸ ਦੇ ਘਰ 'ਚ ਪਿੰਡ ਦੇ ਹੀ ਇਕ ਵਿਅਕਤੀ ਵਲੋਂ 20 ਅਗਸਤ ਨੂੰ ਚੋਰੀ ਕੀਤੀ ਗਈ ਹੈ | ਉਸ ਦੇ ਘਰ ਵਿਚੋਂ ਚੋਰੀ ਉਸ ਸਮੇਂ ਹੋਈ ਜਦ ਉਹ ਆਪਣੇ ਰਿਸ਼ਤੇਦਾਰ ਦੇ ਘਰ ਵਿਚ ਗਿਆ ਸੀ | ਤਿੰਨ ਦਿਨ ਬਾਅਦ ਜਦ ਉਹ ਘਰ ਵਾਪਸ ਆਇਆ ਤਾਂ ਉਸ ਦੇ ਘਰ ਦੇ ਦਰਵਾਜੇ ਖੁੱਲੇ੍ਹ ਹੋਏ ਸਨ, ਤੇ ਘਰ ਦਾ ਸਾਰਾ ਸਮਾਨ ਖਿੱਲਰਿਆਂ ਹੋਇਆ ਸੀ | ਉਸ ਨੇ ਦੱਸਿਆ ਕਿ ਘਰ ਵਿਚੋਂ ਚੋਰ ਐਲ.ਸੀ.ਡੀ., ਇਨਵਰਟਰ ਬੈਟਰਾ, ਘਰ 'ਚ ਪਈ ਕਣਕ, ਜੂਸਰ, ਚਾਂਦੀ ਦੀਆ ਝਾਂਜਰਾਂ ਤੋਂ ਇਲਾਵਾ ਹੋਰ ਵੀ ਕੀਮਤੀ ਸਮਾਨ ਚੋਰੀ ਹੋਇਆ ਹੈ | ਸੁਖਦੇਵ ਸਿੰਘ ਨੇ ਕਿਹਾ ਕਿ ਚੋਰੀ ਕਰਨ ਵਾਲੇ ਵਿਅਕਤੀ ਦੀ ਸੀ.ਸੀ.ਟੀ.ਵੀ. ਫੁਟੇਜ ਪੁਲਿਸ ਦੇ ਹੱਥ ਲੱਗੀ ਹੈ | ਪਰ 10 ਦਿਨ ਬੀਤਣ ਦੇ ਬਾਵਜੂਦ ਚੋਰੀ ਕਰਨ ਵਾਲੇ ਵਿਅਕਤੀ ਖਿਲਾਫ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ | ਪਿੰਡ ਗਹਿਰੀ ਭਾਗੀ ਦੇ ਸਰਪੰਚ ਬਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਪੀੜਤ ਵਿਅਕਤੀ ਨੂੰ ਇਨਸਾਫ਼ ਦਿਵਾਉਣ ਲਈ ਪੁਲਿਸ ਨੂੰ ਜਾਣੂ ਕਰਵਾਇਆ ਗਿਆ ਹੈ | ਪਰ ਪੁਲਿਸ ਅਧਿਕਾਰੀ ਜਾਣ-ਬੁੱਝ ਕੇ ਕਾਰਵਾਈ ਕਰਨ ਤੋਂ ਕੰਨੀ ਕਤਰਾ ਰਹੇ ਹਨ | ਬੀਕੇਯੂ ਏਕਤਾ ਸਿੱਧੂਪੁਰ ਦੇ ਬਲਾਕ ਪ੍ਰਧਾਨ ਜਸਵੀਰ ਸਿੰਘ ਨੇ ਕਿਹਾ ਕਿ ਉਹ ਚੋਰੀ ਕਰਨ ਵਾਲੇ ਵਿਅਕਤੀ ਖਿਲਾਫ ਕਾਰਵਾਈ ਕਰਵਾਉਣ ਲਈ ਐਸ.ਐਸ.ਪੀ. ਦਫ਼ਤਰ ਵਿਚ ਆਏ ਸਨ | ਜੇਕਰ ਪੁਲਿਸ ਨੇ ਚੋਰੀ ਕਰਨ ਵਾਲੇ ਵਿਅਕਤੀ ਦੇ ਖਿਲਾਫ ਕੋਈ ਕਾਰਵਾਈ ਨਾ ਕੀਤੀ ਤਾਂ ਉਹ ਜਲਦ ਹੀ ਤਿੱਖਾ ਸੰਘਰਸ਼ ਉਲੀਕਣ ਲਈ ਮਜਬੂਰ ਹੋਣਗੇ |