ਰਾਜਗੀਰ,(ਬਿਹਾਰ), 29 ਅਗਸਤ (ਪੀ.ਟੀ.ਆਈ.)-ਬਿਹਾਰ ਦੇ ਰਾਜਗੀਰ 'ਚ ਹਾਕੀ ਏਸ਼ੀਆ ਕੱਪ ਦੀ ਸ਼ੁਰੂਆਤ ਬਹੁਤ ਧੂਮਧਾਮ ਨਾਲ ਹੋਈ ਹੈ | ਭਾਰਤੀ ਹਾਕੀ ਟੀਮ ਨੇ ਆਪਣੇ ਪਹਿਲੇ ਮੈਚ 'ਚ ਚੀਨ ਦਾ ਸਾਹਮਣਾ ਕੀਤਾ ਜਿਸ 'ਚ ਮੇਜ਼ਬਾਨ ਟੀਮ ਨੇ 4-3 ਨਾਲ ਜਿੱਤ ਪ੍ਰਾਪਤ ਕੀਤੀ | ਇਸ ਮੈਚ 'ਚ ਕਪਤਾਨ ਹਰਮਨਪ੍ਰੀਤ ਸਿੰਘ ਨੇ ਤਿੰਨ ਗੋਲ ਕਰਦੇ ਹੋਏ ਭਾਰਤ ਦੀ ਜਿੱਤ 'ਚ ਮਹੱਤਵਪੂਰਨ ਭੂਮਿਕਾ ਨਿਭਾਈ | ਉਨ੍ਹਾਂ ਤੋਂ ਇਲਾਵਾ ਜੁਗਰਾਜ ਸਿੰਘ ਨੇ ਇਕ ਗੋਲ ਕੀਤਾ | ਦੂਜੇ ਪਾਸੇ ਚੀਨ ਵੱਲੋਂ ਚੇਨ ਬੇਨਹਾਈ, ਗਾਓ ਜਿਆਸ਼ੇਂਗ ਅਤੇ ਡੂ ਸ਼ਿਹਾਓ ਨੇ ਗੋਲ ਕੀਤੇ | ਚੀਨ ਨੇ ਪਹਿਲੇ ਕੁਆਰਟਰ 'ਚ ਸ਼ੁਰੂਆਤੀ ਗੋਲ ਕੀਤਾ ਤੇ ਭਾਰਤ ਵਿਰੁੱਧ 1-0 ਦੀ ਬੜ੍ਹਤ ਬਣਾਈ | ਭਾਰਤ ਨੇ ਦੂਜੇ ਕੁਆਰਟਰ 'ਚ ਵਾਪਸੀ ਕੀਤੀ ਤੇ ਹਰਮਨਪ੍ਰੀਤ ਅਤੇ ਜੁਗਰਾਜ ਦੇ ਗੋਲਾਂ ਨਾਲ 2-1 ਦੀ ਬੜ੍ਹਤ ਬਣਾਈ | ਤੀਜੇ ਕੁਆਰਟਰ ਵਿੱਚ ਭਾਰਤ ਨੇ ਇਕ ਗੋਲ ਕੀਤਾ ਤੇ ਚੀਨ ਨੇ 2 ਗੋਲ ਕੀਤੇ ਅਤੇ ਸਕੋਰ 3-3 ਨਾਲ ਬਰਾਬਰ ਕਰ ਦਿੱਤਾ | ਚੌਥੇ ਕੁਆਰਟਰ 'ਚ ਭਾਰਤ ਦੇ ਕਪਤਾਨ ਨੇ ਇਕ ਹੋਰ ਗੋਲ ਕਰਕੇ ਜਿੱਤ ਯਕੀਨੀ ਬਣਾਈ | ਮੁਕਾਬਲੇ ਦੇ ਸਾਰੇ 7 ਗੋਲ ਡਰੈਗ ਫਲਿੱਕ ਤੋਂ ਕੀਤੇ ਗਏ | ਜ਼ਿਕਰਯੋਗ ਹੈ ਕਿ ਭਾਰਤ ਤੇ ਚੀਨ ਨੂੰ ਜਪਾਨ ਅਤੇ ਕਜ਼ਾਕਿਸਤਾਨ ਦੇ ਨਾਲ ਪੂਲ 'ਏ' 'ਚ ਰੱਖਿਆ ਗਿਆ ਹੈ, ਜਦੋਂ ਕਿ 'ਪੂਲ ਬੀ' 'ਚ 5 ਵਾਰ ਦੇ ਚੈਂਪੀਅਨ ਦੱਖਣੀ ਕੋਰੀਆ, ਮਲੇਸ਼ੀਆ, ਬੰਗਲਾਦੇਸ਼ ਅਤੇ ਚੀਨੀ ਤਾਈਪੇ ਹਨ |
ਹਰਮਨਪ੍ਰੀਤ ਦੀ ਹੈਟਿ੍ਕ ਦੀ ਬਦੌਲਤ ਭਾਰਤ ਨੇ ਚੀਨ ਨੂੰ 4-3 ਨਾਲ ਹਰਾਇਆ <br/>
ਅਜੀਤ ਡੈਸਕ
30-08-2025