ਯਮੁਨਾਨਗਰ, 20 ਸਤੰਬਰ (ਗੁਰਦਿਆਲ ਸਿੰਘ ਨਿਮਰ)-ਸੇਠ ਜੈ ਪ੍ਰਕਾਸ਼ ਪੌਲੀਟੈਕਨਿਕ ਦਾਮਲਾ ਵਿਖੇ ਇੰਜੀਨੀਅਰਿੰਗ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਇੰਜ. ਵਿਪਿਨ ਕੁਮਾਰ ਨੇ ਦੱਸਿਆ ਕਿ ਇਹ ਦਿਵਸ ਭਾਰਤ ਰਤਨ ਸਰ ਐਮ. ਵਿਸ਼ਵੇਸ਼ਵਰਾਇਆ ਦੀ ਯਾਦ 'ਚ ਮਨਾਇਆ ਜਾਂਦਾ ਹੈ | ਉਨ੍ਹਾਂ ਕਿਹਾ ਕਿ ਇਹ ਦਿਨ ਵਿਦਿਆਰਥੀਆਂ ਨੂੰ ਨਵੀਨਤਾ, ਅਨੁਸ਼ਾਸਨ ਤੇ ਸਮਰਪਣ ਦੀ ਮਹੱਤਤਾ ਦੀ ਯਾਦ ਦਿਵਾਉਂਦਾ ਹੈ | ਉਨ੍ਹਾਂ ਵਿਦਿਆਰਥੀਆਂ ਨੂੰ ਸਰ ਵਿਸ਼ਵੇਸ਼ਵਰਾਇਆ ਦੇ ਜੀਵਨ ਤੋਂ ਪ੍ਰੇਰਨਾ ਲੈਣ ਤੇ ਇਮਾਨਦਾਰੀ ਨਾਲ ਸਮਾਜ ਦੀ ਤਰੱਕੀ 'ਚ ਸਾਰਥਕ ਯੋਗਦਾਨ ਪਾਉਣ ਦੀ ਅਪੀਲ ਕੀਤੀ | ਇਸ ਪ੍ਰੋਗਰਾਮ 'ਚ ਵਿਦਿਆਰਥੀਆਂ ਦੀਆਂ ਪੇਸ਼ਕਾਰੀਆਂ, ਪ੍ਰੇਰਨਾਦਾਇਕ ਭਾਸ਼ਣ ਤੇ ਸਟਾਫ਼ ਮੈਂਬਰਾਂ ਦੁਆਰਾ ਵਿਚਾਰ-ਵਟਾਂਦਰੇ ਆਦਿ ਨੂੰ ਸ਼ਾਮਿਲ ਕੀਤਾ ਗਿਆ | ਇਸ ਸਾਲ ਦਾ ਵਿਸ਼ਾ 'ਏ. ਆਈ. ਦਾ ਭਵਿੱਖ' ਸੀ | ਪਿ੍ੰ. ਇੰਜ. ਅਨਿਲ ਕੁਮਾਰ ਨੇ ਕਿਹਾ ਕਿ ਇੰਜੀਨੀਅਰ ਦੇਸ਼ ਦੇ ਵਿਕਾਸ ਦੀ ਰੀੜ੍ਹ ਦੀ ਹੱਡੀ ਹਨ ਤੇ ਵਿਦਿਆਰਥੀਆਂ ਨੂੰ ਰਚਨਾਤਮਿਕਤਾ ਤੇ ਸਮੱਸਿਆ ਹੱਲ ਕਰਨ 'ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ ਤਾਂ ਜੋ ਉਹ ਦੇਸ਼ ਦੀ ਤਰੱਕੀ 'ਚ ਯੋਗਦਾਨ ਪਾ ਸਕਣ | ਇਸ ਮੌਕੇ ਅਮਿਤ ਕੁਮਾਰ, ਰੋਹਿਤ ਮੰਧਰ, ਅਮਨਦੀਪ ਸਿੰਘ, ਸੰਜੇ ਪੁਰੀ ਤੇ ਕਪਿਲ ਸ਼ਰਮਾ ਸਮੇਤ ਹੋਰ ਸਟਾਫ਼ ਮੈਂਬਰ ਤੇ ਵਿਦਿਆਰਥੀ ਹਾਜ਼ਰ ਸਨ | ਇਹ ਪ੍ਰੋਗਰਾਮ ਸਮਰਪਣ ਤੇ ਸੇਵਾ ਦੀਆਂ ਕਦਰਾਂ-ਕੀਮਤਾਂ ਨੂੰ ਕਾਇਮ ਰੱਖਣ ਦੀ ਸਹੁੰ ਨਾਲ ਸਮਾਪਤ ਹੋਇਆ |