ਯਮੁਨਾਨਗਰ, 20 ਸਤੰਬਰ (ਗੁਰਦਿਆਲ ਸਿੰਘ ਨਿਮਰ)- ਡਾਇਰੈਕਟਰ ਜਨਰਲ ਆਯੂਸ਼ ਹਰਿਆਣਾ ਦੇ ਨਿਰਦੇਸ਼ਾਂ ਅਨੁਸਾਰ ਅਤੇ ਜ਼ਿਲ੍ਹਾ ਆਯੁਰਵੈਦਿਕ ਅਧਿਕਾਰੀ ਯਮੁਨਾਨਗਰ ਡਾ. ਪ੍ਰਤਿਭਾ ਭਾਟੀਆ ਦੇ ਮਾਰਗਦਰਸ਼ਨ ਹੇਠ 'ਸਵਸਥ ਨਾਰੀ-ਸਸ਼ਕਤ ਭਾਰਤ' ਅਭਿਆਨ ਦੇ ਤਹਿਤ ਅਰਬਨ ਪ੍ਰਾਇਮਰੀ ਸਿਹਤ ਕੇਂਦਰ ਗਾਂਧੀ ਨਗਰ ਵਿਖੇ ਇਕ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ | ਮੈਡੀਕਲ ਕੈਂਪ 'ਚ ਆਯੁਰਵੈਦਿਕ ਮੈਡੀਕਲ ਅਫ਼ਸਰ ਡਾ. ਨੇਹਾ ਗੁਪਤਾ ਨੇ ਆਯੁਰਵੈਦ ਰਾਹੀਂ ਮੀਨੋਪੌਜ਼ ਦੀ ਦੇਖਭਾਲ ਬਾਰੇ ਭਾਸ਼ਣ ਦਿੱਤਾ, ਜਦਕਿ ਡਾ. ਵਨੀਤਾ ਨਾਗਰ ਨੇ ਹੱਡੀਆਂ ਦੀ ਸਿਹਤ ਅਤੇ ਗੱਠੀਏ ਦੀ ਦੇਖਭਾਲ ਬਾਰੇ ਭਾਸ਼ਣ ਦਿੱਤਾ | ਇਸੇ ਤਰ੍ਹਾਂ ਡਾ. ਮਧੂ ਸ਼ਰਮਾ ਨੇ ਕੈਂਪ 'ਚ ਮੌਜੂਦ ਔਰਤਾਂ ਨੂੰ ਖੁਰਾਕ ਤੇ ਪੋਸ਼ਣ ਬਾਰੇ ਭਾਸ਼ਣ ਦਿੱਤਾ | ਇਸ ਮੌਕੇ ਯੋਗਾ ਮਾਹਿਰ ਡਾ. ਸ਼ਿਵ ਕੁਮਾਰ ਸੈਣੀ ਨੇ ਔਰਤਾਂ ਨੂੰ ਅਨੀਮੀਆ ਕਾਰਨ ਹੋਣ ਵਾਲੀਆਂ ਬਿਮਾਰੀਆਂ ਤੇ ਇਸ ਦੀ ਰੋਕਥਾਮ ਬਾਰੇ ਜਾਗਰੂਕ ਕੀਤਾ ਜਦਕਿ ਆਯੂਸ਼ ਯੋਗ ਸਹਾਇਕ ਦੀਪਕ ਬਰੌਲਾ ਨੇ ਕੈਂਪ 'ਚ ਮੌਜੂਦ ਔਰਤਾਂ ਨੂੰ ਦੱਸਿਆ ਕਿ ਕਿਵੇਂ ਨਿਯਮਿਤ ਤੌਰ 'ਤੇ ਯੋਗਾ ਕਰਨ ਨਾਲ ਕੋਈ ਤਣਾਅ ਮੁਕਤ ਰਹਿ ਸਕਦਾ ਹੈ ਤੇ ਆਪਣੀ ਸਿਹਤ ਦਾ ਧਿਆਨ ਰੱਖ ਸਕਦਾ ਹੈ | ਕੈਂਪ ਦੌਰਾਨ 180 ਮਰੀਜ਼ਾਂ ਦੀ ਜਾਂਚ ਕੀਤੀ ਗਈ ਤੇ ਉਨ੍ਹਾਂ ਨੂੰ ਮੁਫ਼ਤ 'ਚ ਦਵਾਈਆਂ ਵੰਡੀਆਂ ਗਈਆਂ |