ਜਲੰਧਰ, 19 ਸਤੰਬਰ (ਐੱਮ. ਐੱਸ. ਲੋਹੀਆ)-ਸ਼ਹਿਰ ਦੇ ਨਾਮੀ ਵਕੀਲ ਮਨਦੀਪ ਸਿੰਘ ਸਚਦੇਵਾ ਤੋਂ ਮੰਗੀ ਗਈ ਫਿਰੌਤੀ ਦੀ ਵਸੂਲੀ ਕਰਨ ਆਏ ਨੌਜਵਾਨ ਨੂੰ ਕਮਿਸ਼ਨਰੇਟ ਪੁਲਿਸ ਵਲੋਂ ਕਾਬੂ ਕਰਨ ਤੋਂ ਬਾਅਦ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ | ਅਧਿਕਾਰੀਆਂ ਦਾ ਕਹਿਣਾ ਹੈ ਕਿ ਫਿਲਹਾਲ ਕਾਬੂ ਕੀਤੇ ਵਿਅਕਤੀ ਦੀ ਗਿ੍ਫ਼ਤਾਰੀ ਨਹੀਂ ਪਾਈ ਗਈ, ਪਰ ਉਸ ਵਲੋਂ ਦਿੱਤੀ ਗਈ ਜਾਣਕਾਰੀ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਅਤੇ ਮਾਮਲੇ ਦੀ ਤੈਅ ਤੱਕ ਜਾਣ ਲਈ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ | ਸੂਤਰ ਦੱਸਦੇ ਹਨ ਕਿ ਕਾਬੂ ਕੀਤੇ ਗਏ ਵਿਅਕਤੀ ਦਾ ਨਾਂਅ ਸੰਜੂ ਹੈ ਅਤੇ ਉਹ ਮੁਹੱਲਾ ਪੱਕਾਬਾਗ ਦਾ ਰਹਿਣ ਵਾਲਾ ਹੈ | ਸੰਜੂ ਨੇ ਜਾਂਚ ਅਧਿਕਾਰੀਆਂ ਨੂੰ ਦੱਸਿਆ ਕਿ ਉਸ ਨੂੰ ਕੈਨੇਡਾ ਦੇ ਰਹਿਣ ਵਾਲੇ ਵਿਅਕਤੀ ਨੇ ਫੋਨ ਕਰਕੇ ਧਮਕੀ ਦਿੱਤੀ ਸੀ ਕਿ ਜੇਕਰ ਉਸ ਨੇ ਉਨ੍ਹਾਂ ਦਾ ਕਹਿਣਾ ਨਾ ਮੰਨਿਆ ਤਾਂ ਉਹ ਉਸ ਦੇ ਪਰਿਵਾਰ ਨੂੰ ਨੁਕਸਾਨ ਪਹੁੰਚਾਉਣਗੇ | ਉਸ ਨੇ ਪੁਲਿਸ ਨੂੰ ਇਹ ਵੀ ਦੱਸਿਆ ਕਿ ਉਸ ਨੂੰ ਲਗਾਤਾਰ ਚੈਟ ਜ਼ਰੀਏ ਧਮਕੀਆਂ ਮਿਲ ਰਹੀਆਂ ਸਨ, ਜਿਸ ਕਰਕੇ ਉਹ ਵਕੀਲ ਸਚਦੇਵਾ ਕੋਲੋਂ ਪੈਸੇ ਲੈਣ ਆ ਗਿਆ | ਉਸ ਨੇ ਦਾਅਵਾ ਕੀਤਾ ਹੈ ਕਿ ਉਸ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ ਕਿ ਕੈਨੇਡਾ ਬੈਠੇ ਵਿਅਕਤੀ ਨੇ ਵਕੀਲ ਸਚਦੇਵਾ ਨੂੰ ਕੋਈ ਧਮਕੀ ਦਿੱਤੀ ਹੈ, ਜਾਂ ਉਸ ਨੇ ਵਕੀਲ ਕੋਲੋਂ ਫਿਰੌਤੀ ਦੀ ਮੰਗ ਕੀਤੀ ਹੋਈ ਹੈ | ਵਰਨਣਯੋਗ ਹੈ ਕਿ ਜਦੋਂ ਬੀਤੇ ਦਿਨ ਸੰਜੂ ਵਕੀਲ ਮਨਦੀਪ ਸਿੰਘ ਸਚਦੇਵਾ ਦੇ ਕੋਲੋਂ ਪੈਸੇ ਲੈਣ ਪਹੁੰਚਿਆ ਤਾਂ ਉੱਥੇ ਪਹਿਲਾਂ ਤੋਂ ਹੀ ਮੌਜੂਦ ਕਮਿਸ਼ਨਰੇਟ ਪੁਲਿਸ ਦੇ ਸਪੈਸ਼ਲ ਸੈੱਲ ਦੀ ਟੀਮ ਨੇ ਉਸ ਨੂੰ ਕਾਬੂ ਕਰ ਲਿਆ | ਸੰਜੂ ਨੇ ਪੁਲਿਸ ਅਧਿਕਾਰੀਆਂ ਨੂੰ ਆਪਣਾ ਮੋਬਾਈਲ ਸੌਂਪ ਦਿੱਤਾ, ਜਿਸ ਤੋਂ ਬਾਅਦ ਅਧਿਕਾਰੀ ਉਸ ਦੇ ਮੋਬਾਈਲ ਫੋਨ ਦੀ ਜਾਂਚ ਕਰ ਰਹੇ ਹਨ ਅਤੇ ਉਸ ਦੇ ਵਿਦੇਸ਼ ਬੈਠੇ ਵਿਅਕਤੀ ਦੇ ਨਾਲ ਸਬੰਧਾਂ ਬਾਰੇ ਜਾਂਚ ਕਰ ਰਹੇ ਹਨ | ਜਲਦ ਹੀ ਪੁਲਿਸ ਇਸ ਮਾਮਲੇ 'ਚ ਵੱਡੇ ਖੁਲਾਸੇ ਕਰੇਗੀ |