ਜਲੰਧਰ, 19 ਸਤੰਬਰ (ਸ਼ਿਵ)-ਏ.ਆਰ.ਟੀ.ਓ. ਵਿਸ਼ਾਲ ਗੋਇਲ ਦੀ ਬਦਲੀ ਹੋਣ ਤੋਂ ਬਾਅਦ ਨਵ ਨਿਯੁਕਤ ਏ.ਆਰ.ਟੀ.ਓ. ਕਮਲੇਸ਼ ਕੁਮਾਰੀ ਨੇ ਅੱਜ ਦਫਤਰ ਵਿਚ ਆਪਣਾ ਅਹੁਦਾ ਸੰਭਾਲ ਲਿਆ | ਅਹੁਦਾ ਸੰਭਾਲਣ ਮੌਕੇ ਜਿੱਥੇ ਸਟਾਫ਼ ਮੈਂਬਰਾਂ ਵੱਲੋਂ ਉਨਾਂ ਦਾ ਸਵਾਗਤ ਕੀਤਾ ਗਿਆ ਤੇ ਉਨਾਂ ਨੇ ਕਿਹਾ ਕਿ ਲੋਕਾਂ ਦੇ ਕੰਮ ਹੋਰ ਵੀ ਤੇਜ਼ੀ ਨਾਲ ਕਰਵਾਏ ਜਾਣਗੇ | ਉਨਾਂ ਨੇ ਲੋਕਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਕਥਿਤ ਏਜੰਟਾਂ ਖ਼ਿਲਾਫ਼ ਵੀ ਕਾਰਵਾਈ ਜਾਰੀ ਰਹੇਗੀ | ਜੇਕਰ ਲੋਕਾਂ ਨੂੰ ਡਰਾਈਵਿੰਗ ਟਰੈਕ 'ਤੇ ਕਿਸੇ ਤਰਾਂ ਦੀ ਕੋਈ ਪੇ੍ਰਸ਼ਾਨੀ ਆਉਂਦੀ ਹੈ ਤਾਂ ਲੋਕ ਉਨਾਂ ਨੂੰ ਦਫਤਰ ਵਿਚ ਮਿਲ ਕੇ ਆਪਣੀਆਂ ਮੁਸ਼ਕਿਲਾਂ ਬਾਰੇ ਜਾਣਕਾਰੀ ਦੇ ਸਕਦੇ ਹਨ | ਉਨਾਂ ਨੇ ਸਟਾਫ਼ ਨੂੰ ਵੀ ਲੋਕਾਂ ਦੇ ਕੰਮਾਂ ਨੂੰ ਪਹਿਲ ਦੇਣ ਦੀ ਹਦਾਇਤ ਦਿੱਤੀ ਤਾਂ ਜੋ ਲੋਕਾਂ ਨੂੰ ਕਿਸੇ ਤਰਾਂ ਦੀ ਪੇ੍ਰਸ਼ਾਨੀ ਨਾ ਹੋ ਸਕੇ | ਉਨਾਂ ਨੇ ਅੱਜ ਆਨਲਾਈਨ ਚਲਾਨਾਂ ਨੂੰ ਵੀ ਨਿਪਟਾਇਆ ਕਿਉਂਕਿ ਆਨਲਾਈਨ ਚਲਾਨਾਂ ਵਿਚ ਨਵੀਂ ਏ.ਆਰ.ਟੀ.ਓ. ਕਮਲੇਸ਼ ਕੁਮਾਰੀ ਦੀ ਆਈ. ਡੀ. ਵੀ ਬਣ ਗਈ ਹੈ | ਲੋਕਾਂ ਨੂੰ ਹੁਣ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਏਗਾ |