ਸਕੂਲ ਪੜ੍ਹਦਿਆਂ ਹੀ ਰਮਣੀਕ ਨੂੰ ਸ਼ਿੱਦਤ ਨਾਲ ਅਹਿਸਾਸ ਹੋ ਗਿਆ ਸੀ ਕਿ ਕੁਦਰਤ ਨੇ ਉਸ ਨੂੰ ਕਿਤਨੀ ਸੁੰਦਰਤਾ ਬਖਸ਼ੀ ਹੈ। ਉਸ ਦੀਆਂ ਸਹਿਪਾਠਣਾਂ ਤੇ ਹੋਰ ਸਹੇਲੀਆਂ ਉਸ ਨੂੰ ਕਹਿੰਦੀਆਂ ਵੀ...ਤੂੰ ਬਹੁਤ ਬਿਊਟੀਫੁੱਲ ਏਂ ਰਮੀ ਦੇਖੀਂ ਕਿਤੇ ਸਾਡੀ ਨਜ਼ਰ ਨਾ ਲੱਗ ਜਾਵੇ...।
ਉਹ ਅਜਿਹੀਆਂ ਗੱਲਾਂ ਦਾ ਸੱਚ ਜਾਣਨ ਲਈ ਡਰੈਸਿੰਗ ਰੂਮ ਦੇ ਸ਼ੀਸ਼ੇ ਮੂਹਰੇ ਜਾ ਖੜ੍ਹਦੀ ਅਤੇ ਆਪਣੇ ਚਿਹਰੇ ਨੂੰ ਪੜ੍ਹਨ ਦੀ ਕੋਸ਼ਿਸ਼ ਕਰਦੀ। ਕਾਲੋਨੀ ਦੇ ਮੁੰਡੇ ਵੀ ਉਸ ਨੂੰ ਨਜ਼ਰ ਭਰ ਕੇ ਦੇਖਦੇ ਅਤੇ ਉਸ ਨੂੰ ਜਾਪਦਾ ਜਿਵੇਂ ਦੂਰ ਤੱਕ ਉਨ੍ਹਾਂ ਦੀਆਂ ਅੱਖਾਂ ਉਸ ਦਾ ਪਿੱਛਾ ਕਰ ਰਹੀਆਂ ਹੋਣ। ਕਾਲਜ ਗਈ ਤਾਂ ਉਥੇ ਪੜ੍ਹਦੇ ਮੁੰਡੇ, ਕੁੜੀਆਂ ਹੀ ਨਹੀਂ ਕਾਲਜ ਦੇ ਪ੍ਰੋਫੈਸਰ ਵੀ ਉਸ ਦੀ ਖੂਬਸੂਰਤੀ ਦੇ ਦੀਵਾਨੇ ਹੋਣ ਲੱਗੇ। ਸਕੂਲ ਵਾਂਗ ਹੀ ਹੁਣ ਕਾਲਜ ਦੀਆਂ ਸਹਿਪਾਠਣਾਂ ਤੇ ਸਹੇਲੀਆਂ ਕਈ ਵਾਰ ਤਾਂ ਉਸ ਨੂੰ ਕਹਿ ਵੀ ਛੱਡਦੀਆਂ...ਤੈਨੂੰ ਰੱਬ ਨੇ ਫੁਰਸਤ ਨਾਲ ਬਣਾਇਐ...ਤੂੰ ਇਸ ਸ਼ਹਿਰ ਲਈ ਨੀਂ ਬਣੀ ...ਤੇਰੀ ਜਗ੍ਹਾ ਤਾਂ ਬਾਂਬੇ (ਮੁੰਬਈ) ਐ... ਉਥੇ ਫ਼ਿਲਮ ਇੰਡਸਟਰੀ ਵਿਚ ਟਰਾਈ ਮਾਰ...।
ਅਜਿਹਾ ਕੁਝ ਸੁਣਦਿਆਂ ਰਮਣੀਕ ਘਰ ਆ ਕੇ ਕਿੰਨੀ-ਕਿੰਨੀ ਦੇਰ ਸ਼ੀਸ਼ੇ ਮੂਹਰੇ ਖੜ੍ਹੀ ਰਹਿੰਦੀ। ਆਪਣੇ ਚਿਹਰੇ ਦਾ ਨਿਰੀਖਣ ਕਰਦੀ...ਗੋਰਾ ਰੰਗ, ਮੋਟੀਆਂ ਅੱਖਾਂ। ਪਰ ਜਦੋਂ ਉਹ ਬਾਥ ਵਿਚ ਨਹਾਉਂਦੀ ਤਾਂ ਉਸ ਨੂੰ ਆਪਣੇ ਹੀ ਸਰੀਰ ਨੂੰ ਦੇਖ ਕੇ ... ਇਕ ਨਸ਼ਾ ਜਿਹਾ ਚੜ੍ਹ ਜਾਂਦਾ। ਇਸੇ ਨਸ਼ੇ ਵਿਚ ਗੁਆਚੀ ਉਹ ਅਚਾਨਕ ਤੇ ਅਛੋਪਲੇ ਜਿਹੇ ਹੀ ਆਪਣੀ ਕਾਲੋਨੀ ਦੇ ਪਾਰ ਮੇਨ ਸੜਕ 'ਤੇ ਸਥਿਤ ਇਕ ਫੋਟੋਗ੍ਰਾਫ਼ੀ ਦੀ ਦੁਕਾਨ ਦੇ ਫੋਟੋਗ੍ਰਾਫਰ ਨੂੰ ਦਿਲ ਵੀ ਦੇ ਬੈਠੀ ਸੀ। ਰਵਿੰਦਰ ਨੇ ਉਸ ਦੀਆਂ ਵੱਖੋ-ਵੱਖ ਪੋਜ਼ਾਂ ਵਿਚ ਫੋਟੋਆਂ ਖਿੱਚੀਆਂ ਸਨ ਅਤੇ ਉਸ ਨੂੰ ਬਾਂਬੇ ਜਾਣ ਲਈ ਮਨਾ ਲਿਆ ਸੀ...ਪਰ ਰਵੀ! ਮੇਰੇ ਘਰ ਵਾਲਿਆਂ ਨੀ ਮੰਨਣਾ...।
ਰਮਣੀਕ ਦੀ ਗੱਲ ਵਿਚਾਲਿਓਂ ਕੱਟਦਿਆਂ ਰਵਿੰਦਰ ਨੇ ਉਸ ਨੂੰ ਮਨਾ ਲਿਆ ਸੀ...ਠੀਕ ਨਾ? ਜਿਵੇਂ ਮੈਂ ਤੈਨੂੰ ਦੱਸਿਆ, ਤੂੰ ਉਵੇਂ ਹੀ ਕਰੀਂ ਤੇ ਫੇਰ ਦੇਖੀਂ......ਰਮਣੀਕ ਨੇ ਆਪਣੇ ਘਰ ਇਕ ਖ਼ਤ ਲਿਖ ਕੇ ਰੱਖ ਦਿੱਤਾ ਸੀ...ਮੇਰੀ ਤਲਾਸ਼ ਨਾ ਕਰਿਓ...ਮੈਂ ਕੁਝ ਬਣ ਕੇ ਹੀ ਘਰ ਆਵਾਂਗੀ...।
ਪ੍ਰੰਤੂ ਘਰੋਂ ਚੋਰੀ ਕੀਤੀ ਨਕਦੀ ਤੇ ਗਹਿਣੇ ਬਹੁਤਾ ਚਿਰ ਸਾਥ ਨਾ ਨਿਭਾ ਸਕੇ। ਇਕ ਰੋਜ਼ ਤੰਗੀ-ਤੁਰਸ਼ੀ ਤੋਂ ਤੰਗ ਆਇਆਂ ਰਵੀ ਨੇ ਰਮਣੀਕ ਨੂੰ ਇਕ ਭੇਦ ਸਾਂਝਾ ਕੀਤਾ...ਦੇਖ ਰਮੀ! ਇਹ ਜੋ ਤੂੰ ਵੱਡੀਆਂ-ਵੱਡੀਆਂ ਹੀਰੋਇਨਾਂ ਦੇਖ ਰਹੀ ਐਂ ਇਹ ਐਵੇਂ ਕਿਵੇਂ ਨੀ ਬਣਦੀਆਂ ਤੂੰ ਮੇਰੀ ਗੱਲ ਨੂੰ ਫਾਲੋ ਕਰ...।
ਰਵਿੰਦਰ ਉਸ ਨੂੰ ਇਕ ਪ੍ਰੋਡਿਊਸਰ ਕੋਲ ਲੈ ਗਿਆ...। ਰਮਣੀਕ ਨੂੰ ਉਸ ਦੇ ਦਫਤਰ ਵਿਚ ਛੱਡ ਕੇ ਆਪ ਕਿਸੇ ਕੰਮ ਦਾ ਬਹਾਨਾ ਕਰ ਬਾਹਰ ਆ ਗਿਆ...। ਰਮਣੀਕ ਕਿਹੜਾ ਹੁਣ ਬੱਚੀ ਸੀ, ਉਹ ਸਾਰਾ ਕੁਝ ਜਾਣ, ਸਮਝ ਗਈ ਪਰ ਆਪਣੇ ਫ਼ਿਲਮੀ ਕਰੀਅਰ ਦੇ ਆਰੰਭਲੇ ਦੌਰ ਨੂੰ ਉਸ ਪ੍ਰਵਾਨ ਕਰ ਲਿਆ...ਬੱਸ ਆਜ ਕੇ ਬਾਅਦ ਤੁਮ ਹੀ ਮੇਰੀ ਨਈ ਫ਼ਿਲਮ ਕੀ ਹੀਰੋਇਨ ਬਨੋਗੀ...।
ਲਗਭਗ ਉਹ ਹਰ ਰੋਜ਼ ਹੀ ਕਦੇ ਰਵਿੰਦਰ ਨਾਲ ਤੇ ਕਦੇ ਖੁਦ ਹੀ ਉਸ ਪ੍ਰੋਡਿਊਸਰ ਦੇ ਦਫਤਰ ਜਾਂਦੀ। ਉਹ ਉਸ ਨੂੰ ਦਫਤਰ ਵਿਚ ਬੜੇ ਪਿਆਰ ਨਾਲ ਬਿਠਾਉਂਦਾ, ਖਿਲਾਉਂਦਾ-ਪਿਲਾਉਂਦਾ ਤੇ ਫਿਰ...ਆਪਣੇ ਦਫਤਰ ਜਦੋਂ ਰਮਣੀਕ ਫ਼ਿਲਮ ਬਾਰੇ ਗੱਲ ਕਰਦੀ ਤਾ ਉਸ ਦਾ ਹਮੇਸ਼ਾ ਹੀ ਇਕੋ ਜਵਾਬ ਹੁੰਦਾ...'ਤੂ ਚਿੰਤਾ ਮੱਤ ਕਰ...ਮੈਂ ਹੂੰਅ ਨਾ...ਤੇਰਾ ਸਕਰੀਨ ਟੈਸਟ ਹੂਆ ਫ਼ਿਲਮ ਕਾ ਮਹੂਰਤ ਭੀ ਤੋ ਹੋ ਗਿਆ...ਅਬ ਤੋ ਬੱਸ...ਜਬ ਭੀ ਤੂ ਆਤੀ ਖੁਸ਼ ਭੇਜਤਾ ਹੂੰ...ਔਰ ਕਯਾ ਚਾਹੀਏ ਤੁਝੇ...?'
ਹਮੇਸ਼ਾ ਦਾ ਹੀ ਇਹ ਸਿਲਸਿਲਾ ਹੁੰਦਾ, ਸੋਹਨ ਲਾਲ ਉਸ ਦਾ ਸਾਥ ਮਾਣਦਾ ਤੇ ਕੁਝ ਰੁਪਈਏ ਉਸ ਦੇ ਹੱਥਾਂ ਵਿਚ ਪਕੜਾ ਦਿੰਦਾ। ਂਜਦੋਂ ਰਮਣੀਕ ਖਾਲੀ ਪਰਤਦੀ ਤਾਂ ਉਸ ਦੇ ਮਨ 'ਤੇ ਬੋਝ ਹੁੰਦਾ, ਉਹ ਰਵਿੰਦਰ ਤੋਂ ਪੁੱਛਦੀ...ਆਖਰ ਇਹ ਕਦੋਂ ਤੱਕ ਚੱਲੇਗਾ...? ਜਿਹੜੇ ਮੈਂ ਏਨਾ ਕੈਸ਼ ਤੇ ਗਹਿਣੇ ਆਪਣੇ ਨਾਲ ਲਿਆਈ ਸੀ, ਤੂੰ ਉਸ ਦਾ ਕੋਈ ਹਿਸਾਬ ਰੱਖਿਐ...?
ਪਰ ਰਵਿੰਦਰ ਹਮੇਸ਼ਾ ਹੀ ਗੱਲ ਦਾ ਰੁਖ਼ ਬਦਲ ਦਿੰਦਾ ਤੂੰ ਫਿਕਰ ਕਿਉਂ ਕਰਦੀ ਐ ਰਮੀ...ਹੁਣ ਤੈਨੂੰ ਇਹ ਤਾਂ ਪਤਾ ਈ ਐਂ ਕਿਰਾਏ ਤੋਂ ਬਿਨਾਂ ਹਰ ਰੋਜ਼ ਦਾ ਖਾਣ ਪੀਣ...ਟੈਕਸੀਆਂ ਦੇ ਖਰਚੇ ਅੱਡ...ਰਵਿੰਦਰ ਉਸ ਨੂੰ ਧਰਵਾਸ ਦਿੰਦਾ। ਪਰ ਉਸ ਨੂੰ ਹੁਣ ਕੇਵਲ ਪ੍ਰੋਡਿਊਸਰ ਸੋਹਨ ਲਾਲ ਦੇ ਲਾਰਿਆਂ ਤੋਂ ਹੀ ਖਿਝ ਨਹੀਂ ਸੀ ਆਉਂਦੀ, ਉਹ ਰਵਿੰਦਰ ਨੂੰ ਵੀ ਸ਼ੱਕੀ ਨਿਗਾਹਾਂ ਨਾਲ ਦੇਖਣ ਲੱਗੀ ਸੀ...।
...ਉਸ ਹੋਰ ਫ਼ਿਲਮ ਨਿਰਮਾਤਾ-ਨਿਰਦੇਸ਼ਕਾਂ ਦੇ ਦਫਤਰਾਂ ਅਤੇ ਸਟੂਡੀਓਜ਼ ਦੇ ਚੱਕਰ ਵੀ ਲਗਾਏ ਪਰ ਹਰ ਥਾਂ ਉਸ ਦੀ ਸੁੰਦਰਤਾ ਦੇਖ ਕੇ ਕੁਝ ਇਕ ਪਾਰਖੂ ਉਸ ਨੂੰ ਫ਼ਿਲਮਾਂ ਵਿਚ ਕੰਮ ਦੇਣ ਲਈ ਮੰਨ ਵੀ ਜਾਂਦੇ, ਪਰ ਉਨ੍ਹਾਂ ਦੀ ਇਕੋ ਤੇ ਆਖਰੀ ਸ਼ਰਤ ਹੁੰਦੀ ......। ਹਾਂ! ਦੋ ਕੁ ਜਣਿਆਂ ਦੀਆਂ ਫ਼ਿਲਮਾਂ ਦੀ ਸ਼ੂਟਿੰਗ ਦਾ ਉਹ ਜ਼ਰੂਰ ਹਿੱਸਾ ਬਣਨ ਵਿਚ ਕਾਮਯਾਬ ਹੋ ਗਈ ਸੀ ਪਰ ਕੇਵਲ ਮਾਤਰ ਐਕਸਟਰਾ ਗਰਲ!
...ਹੁਣ ਉਸ ਪ੍ਰੋਡਿਊਸਰ ਸੋਹਨ ਲਾਲ ਦੇ ਦਫਤਰ ਵੀ ਨਹੀਂ ਸੀ ਜਾਂਦੀ ਚੂੰਕਿ ਜਦੋਂ ਪੇਟ ਵਿਚ ਪਰਛਾਵੇਂ ਦਾ ਅਹਿਸਾਸ ਲੈ ਕੇ ਜਦੋਂ ਉਹ ਇਕ ਵਾਰ ਉਸ ਦੇ ਦਫਤਰ ਗਈ ਸੀ ਤਾਂ ਪਹਿਲਾਂ ਤਾਂ ਸੋਹਨ ਲਾਲ ਨੇ ਪਿਆਰ ਤੇ ਪ੍ਰੇਰਨਾ ਤੋਂ ਕੰਮ ਲਿਆ ਸੀ ਪਰ ਉਸ ਨੇ ਆਪਣੇ ਸੈਕਰੇਟਰੀ ਤੇ ਇਕ ਦੋ ਹੋਰ ਦਲਾਲਨੁਮਾ ਬੰਦਿਆਂ ਤੋਂ ਧੱਕਿਆਂ ਨਾਲ ਉਸ ਨੂੰ ਕਿਸੇ ਫਾਲਤੂ ਸ਼ੈਅ ਵਾਂਗ ਦਫ਼ਤਰੋਂ ਬਾਹਰ ਵਗਾਹ ਮਰਵਾਇਆ ਸੀ...।
...ਜਦੋਂ ਉਹ ਆਪਣੀ ਪਰਤੀ ਸੀ ਤਾਂ ਰਵਿੰਦਰ ਵੀ ਉਥੇ ਹਾਜ਼ਰ ਨਹੀਂ ਸੀ। ਗਈ ਰਾਤ ਤੱਕ ਵੀ ਉਹ ਨਾ ਆਇਆ। ਕੁਝ ਦਿਨਾਂ ਦੇ ਇੰਤਜ਼ਾਰ ਤੋਂ ਬਾਅਦ ਉਸ ਨੂੰ ਪੱਕਾ ਹੋ ਗਿਆ ਕਿ ਰਵੀ ਕਿਧਰੇ ਹੋਰ ਚਲਾ ਗਿਆ ਹੈ...। ਉਸ ਨੇ ਤਨੋ-ਮਨੋ ਸੋਚ-ਸਮਝ ਕੇ ਹੁਣ ਪਟਿਆਲੇ ਆਪਣੇ ਘਰ ਪਰਤਣ ਦਾ ਫੈਸਲਾ ਲੈ ਲਿਆ ਸੀ...।
...ਉਸ ਦੇ ਮਾਂ-ਬਾਪ ਉਸ ਨੂੰ ਘਰ ਆਇਆਂ ਦੇਖ ਕੇ ਖੁਸ਼ ਤਾਂ ਹੋਏ ਪਰ ਉਨ੍ਹਾਂ ਨੂੰ ਇਕ ਡਾਹਢਾ ਫਿਕਰ ਵੀ ਸਤਾਉਣ ਲੱਗਾ। ਰਮਣੀਕ ਜਦੋਂ ਵੀ ਸ਼ੀਸ਼ੇ ਸਾਹਮਣੇ ਖੜ੍ਹੀ ਹੁੰਦੀ ਜਾਂ ਨਹਾਉਣ ਲੱਗਦੀ ਤਾਂ ਉਸ ਨੂੰ ਆਪਣੇ ਹੀ ਚਿਹਰੇ ਤੇ ਸਰੀਰ ਤੋਂ ਨਫਰਤ ਹੋਣ ਲੱਗਦੀ। ਮਾਂ ਬਾਪ ਦੀਆਂ ਚੋਭਵੀਆਂ ਗੱਲਾਂ ਤੇ ਗਲੀ-ਗੁਆਂਢ ਦੀਆਂ ਅੱਖਾਂ ਉਸ ਦੇ ਦਿਲ, ਦਿਮਾਗ ਨੂੰ ਤਾਰ-ਤਾਰ ਕਰ ਜਾਂਦੀਆਂ।
ਆਖਰ ਉਸ ਦੇ ਮਾਪਿਆਂ ਦੂਰ-ਦੁਰਾਡੇ ਇਕ ਰਿਸ਼ਤਾ ਦੇਖਕੇ ਰਮਣੀਕ ਨੂੰ ਇਕ ਅੱਧਖੜ੍ਹ ਵਪਾਰੀ ਕਿਸਮ ਦੇ ਬੰਦੇ ਦੇ ਲੜ ਲਾ ਦਿੱਤਾ ਸੀ...।
ਅਤੀਤ ਦਾ ਰੋਗ ਚਿੰਬੜਿਆ ਮਾੜਾ ਹੁੰਦਾ ਹੈ, ਇਹ ਜਲਦੀ ਕੀਤਿਆਂ ਖਹਿੜਾ ਨਹੀਂ ਛੱਡਦਾ। ਰਮਣੀਕ ਵਿਆਹੀ ਵੀ ਗਈ ਸੀ ਅਤੇ ਇਕ ਬੱਚੇ ਦੀ ਮਾਂ ਵੀ ਬਣ ਬੈਠੀ ਸੀ...। ਪਤੀ ਮਨੀਸ਼ ਵੀ ਠੀਕ ਨਿਭ ਰਿਹਾ ਸੀ। ਉਸ ਨੂੰ ਆਪਣੇ ਬਿਜਨੈੱਸ ਤੋਂ ਹੀ ਵਿਹਲ ਨਹੀਂ ਸੀ ਮਿਲਦੀ ਕਿ ਉਹ ਰਮਣੀਕ ਦੀ ਕਿਸੀ ਖੁਸ਼ੀ ਜਾਂ ਦੁੱਖ ਦਰਦ ਦਾ ਭਾਗੀਦਾਰ ਬਣਦਾ, ਗਹਿਰੇ ਰਾਜ਼ ਤੋਂ ਵੀ ਉਹ ਅਨਜਾਣ ਹੀ ਰਿਹਾ। ਰਮਣੀਕ ਨੂੰ ਚੰਗਾ ਹੰਢਾਣ ਖਾਣ ਨੂੰ ਸੀ। ਉਨ੍ਹਾਂ ਦੀ ਬੇਟੀ ਨੂੰ ਵੀ ਸਾਰੀਆਂ ਸਹੂਲਤਾਂ ਹਾਸਲ ਸਨ। ਸਕੂਲ ਤੋਂ ਬਾਅਦ ਕਾਲਜ ਦੀ ਪੜ੍ਹਾਈ ਵਿਚ ਉਹ ਆਪਣੀ ਮਾਂ ਦੀ ਥਰਡ ਡਵੀਜ਼ਨ ਤੋਂ ਉਲਟ ਹਮੇਸ਼ਾ ਚੰਗੇ ਨੰਬਰ ਲੈਂਦੀ ਆਈ ਸੀ। ਮਾਂ ਵਾਂਗ ਹੀ ਹੁਸੀਨ ਸੀ ਅਤੇ ਪਿਤਾ ਵਾਂਗ ਜ਼ਹੀਨ ਵੀ...। ਰਮਣੀਕ ਉਸ ਨੂੰ ਗਲਵੱਕੜੀ ਵਿਚ ਭਰ ਕੇ ਬਹੁਤ ਮਾਣ ਮਹਿਸੂਸ ਕਰਦੀ...ਤੂੰ ਤਾਂ ਹੀਰੋਇਨਾਂ ਵਰਗੀ ਨਿਕਲੀ ਐਂ...।
ਇਕ ਦਿਨ ਤਾਂ ਰਮਣੀਕ ਨੇ ਆਪਣੇ ਮਨ ਦੀ ਗੱਲ ਵੀ ਮੁਸਕਾਨ ਨਾਲ ਸਹੇਲੀਆਂ ਵਾਂਗ ਸਾਂਝੀ ਕਰ ਲਈ...ਚਾਹੇ ਜੋ ਵੀ ਹੋਵੇ ਤੈਨੂੰ ਮੈਂ ਮੁੰਬਈ ਲੈ ਕੇ ਜਾਊਂਗੀ ਫ਼ਿਲਮ ਇੰਡਸਟਰੀ...। ਇਕ ਦਿਨ ਲੰਮੇ ਟੂਰ ਦਾ ਬਹਾਨਾ ਬਣਾ ਕੇ ਦੋਵੇਂ ਮਾਵਾਂ-ਧੀਆਂ ਨੇ ਮੁੰਬਈ ਵਾਲਾ ਜਹਾਜ਼ ਪਕੜ ਲਿਆ...।
ਬੇਸ਼ੱਕ ਰਮਣੀਕ ਆਪ ਤਾਂ ਲੰਮੇ ਸੰਘਰਸ਼ ਤੋਂ ਬਾਅਦ ਵੀ ਫ਼ਿਲਮ ਹੀਰੋਇਨ ਨਾ ਬਣ ਸਕੀ, ਪਰ ਆਪਣੀ ਧੀ ਦਾ ਉਸ ਨੇ ਪੂਰਾ ਸਾਥ ਨਿਭਾਇਆ। ਇਕ ਨਹੀਂ, ਦੋ-ਤਿੰਨ ਪ੍ਰੋਡਿਊਸਰਾਂ, ਡਾਇਰੈਕਟਰਾਂ ਵਲੋਂ ਉਨ੍ਹਾਂ ਨੂੰ ਚੰਗਾ ਰਿਸਪਾਂਸ ਮਿਲਿਆ।
ਹੁਣ ਤਾਂ ਮੁਸਕਾਨ ਆਪਣੀ ਮਾਂ ਨੂੰ ਉਥੇ ਫਲੈਟ ਵਿਚ ਹੀ ਛੱਡ ਕੇ ਇਕੱਲਿਆਂ ਹੀ ਮੋਬਾਈਲ ਤੇ ਅਪੁਆਂਇੰਟਮੈਂਟ ਲੈ ਕੇ ਪ੍ਰੋਡਿਊਸਰਾਂ ਡਾਇਰੈਕਟਰਾਂ ਕੋਲ ਜਾਣ ਲੱਗੀ ਸੀ। ਉਹ ਹੁਸੀਨ ਵੀ ਸੀ ਤੇ ਜ਼ਹੀਨ ਵੀ...ਇਸ ਲਈ ਹਰ ਇਕ ਸ਼ਖ਼ਸ ਨੂੰ ਤਾੜਨ, ਵਿਚਾਰਣ ਵਿਚ ਉਸ ਨੂੰ ਦੇਰ ਨਾ ਲੱਗਦੀ।
ਅਖੀਰ ਇਕ ਥਾਂ ਇਕੋ ਤੇ ਆਖਰੀ ਸ਼ਰਤ ਅਧੀਨ ਉਸ ਇਕ ਵੱਡੇ ਬੈਨਰ ਦੇ ਨਿਰਮਾਤਾ ਕੋਲੋਂ ਦੋ ਫ਼ਿਲਮਾਂ ਹਾਸਿਲ ਕਰ ਹੀ ਲਈਆਂ...ਦੋਵਾਂ ਵਿਚ ਹੀਰੋਇਨ। ਆਪਣੀ ਮਾਂ ਨੂੰ ਉਸ ਘਰ ਆ ਕੇ ਸੰਖੇਪ ਵਿਚ ਸਾਰਾ ਕੁਝ ਦੱਸ ਦਿੱਤਾ। ਰਮਣੀਕ ਉਸ ਨੂੰ ਗਲਵੱਕੜੀ ਵਿਚ ਭਰਦਿਆਂ ਬੋਲੀ...ਚਲੋ ਬੇਟਾ, ਤੂੰ ਜੋ ਵੀ ਕੀਤੈ, ਅੱਛਾ ਈ ਕੀਤੈ...ਕੁਛ ਪਾਉਣ ਲਈ ਕੁਛ ਗਵਾਣਾ ਵੀ ਪੈਂਦੈ...।
ਮਾਂ ਦਾ ਇਹ ਸੰਵਾਦ ਖ਼ਬਰੇ ਉਸ ਨੂੰ ਬਹੁਤਾ ਨਾ ਭਾਇਆ, ਇਸੇ ਲਈ ਉਹ ਅੰਦਰੋ-ਅੰਦਰੀ ਖੁਸ਼ੀ ਤੇ ਮਾਣ ਨਾਲ ਸੋਚਣ ਲੱਗੀ...ਕੀ ਗਵਾਉਣਾ ਤੇ ਕੀ ਪਾਉਣਾ...ਮੈਂ ਤਾਂ ਸਾਰਾ ਕੁਛ ਪਾਇਆ ਈ ਐ...ਇਹ ਤਾਂ ਇਕ ਬਿਜ਼ਨੈੱਸ ਐ...ਤੇ ਮਨੋਰੰਜਨ ਦਾ ਇਕ ਪਾਰਟ ਵੀ...। ਫ਼ਿਲਮ ਇੰਡਸਟਰੀ ਹੀ ਕਿਉ...ਹੁਣ ਤਾਂ ਬਹੁਤੇ ਫੀਲਡਾਂ ਵਿਚ ਅਜਿਹਾ ਫਾਰਮੂਲਾ ਈ ਚੱਲਦੈ...।
ਏਨਾ ਸੋਚਦਿਆਂ ਹੀ ਮੁਸਕਾਨ ਹਲਕਾ ਜਿਹਾ ਮੁਸਕਰਾਈ ਤੇ ਇਕ ਅਜੀਬ ਜਿਹੇ ਸਕੂਨ ਨਾਲ ਆਪਣੇ ਲੰਮੇ ਖੁੱਲ੍ਹੇ ਵਾਲਾਂ ਵਿਚ ਹੱਥ ਫੇਰਿਆ ਤੇ ਆਪੇ ਸੰਗ ਹੱਸ ਵੀ ਪਈ...।
-5/8, ਘੁੰਮਣ ਨਗਰ, ਸਰਹਿੰਦ ਰੋਡ, ਪਟਿਆਲਾ।
ਮੋਬਾਈਲ : 98145-07693