ਸ੍ਰੀ ਮੁਕਤਸਰ ਸਾਹਿਬ, 29 ਅਗਸਤ (ਹਰਮਹਿੰਦਰ ਪਾਲ)-ਜ਼ਿਲ੍ਹਾ ਕਾਨੂੰਨੀ ਸੇਵਾ ਅਥਾਰਟੀ ਸ੍ਰੀ ਮੁਕਤਸਰ ਸਾਹਿਬ ਵਲੋਂ ਪੁਲਿਸ ਵਿਭਾਗ ਦੇ ਸਹਿਯੋਗ ਨਾਲ ਪਿ੍ੰਸੀਪਲ ਡਾ. ਜਗਜੀਵਨ ਕੌਰ ਤੇ ਸਟਾਫ਼ ਵਲੋਂ ਸਰਕਾਰੀ ਕਾਲਜ ਸ੍ਰੀ ਮੁਕਤਸਰ ਸਾਹਿਬ ਵਿਖੇ ਸਾਈਬਰ ਕ੍ਰਾਈਮ ਵਿਸ਼ੇ 'ਤੇ ਜਾਗਰੂਕਤਾ ਪ੍ਰੋਗਰਾਮ ਕਰਵਾਇਆ | ਐੱਚ. ਈ. ਆਈ. ਐੱਸ. ਦੇ ਮੈਂਬਰ ਸਕੱਤਰ ਪ੍ਰੋ. ਸਾਗਰ ਕੁਮਾਰ ਨੇ ਸਟੇਜ ਸਕੱਤਰ ਦੀ ਭੂਮਿਕਾ ਨਿਭਾਉਂਦਿਆਂ ਇਸ ਸਮਾਰੋਹ ਦੇ ਮੁੱਖ ਮਹਿਮਾਨ ਹਿਮਾਂਸ਼ੂ ਅਰੋੜਾ ਸਿਵਲ ਜੱਜ, ਸੀਨੀਅਰ ਡਵੀਜ਼ਨ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਕਮ ਸਕੱਤਰ ਕਾਨੂੰਨੀ ਸੇਵਾ ਅਥਾਰਿਟੀ ਤੇ ਮੁੱਖ ਬੁਲਾਰੇ ਇੰਸਪੈਕਟਰ ਰਵਿੰਦਰ ਕੌਰ ਬਰਾੜ ਇੰਚਾਰਜ ਸਾਈਬਰ ਕ੍ਰਾਈਮ ਸੈੱਲ ਦਾ ਕਾਲਜ ਵਿਖੇ ਪਹੁੰਚਣ 'ਤੇ ਭਰਵਾਂ ਸਵਾਗਤ ਕੀਤਾ | ਰਵਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਰਤਮਾਨ ਸਮੇਂ ਵਿਚ ਸਾਈਬਰ ਅਪਰਾਧ ਬਹੁਤ ਤੇਜ਼ੀ ਨਾਲ ਵਧ ਰਿਹਾ ਹੈ | ਇਸ ਲਈ ਸਾਨੂੰ ਅਣ-ਅਧਿਕਾਰਤ ਵੈੱਬਸਾਈਟਾਂ ਦੇ ਲਿੰਕ ਨਹੀਂ ਖੋਲ੍ਹਣੇ ਚਾਹੀਦੇ | ਹਿਮਾਂਸ਼ੂ ਅਰੋੜਾ ਸਿਵਲ ਜੱਜ ਵਲੋਂ ਵਿਦਿਆਰਥੀਆਂ ਨੂੰ ਸੋਸ਼ਲ ਸਾਈਟਾਂ ਦੀ ਵਰਤੋਂ ਬੜੀ ਸੋਚ ਸਮਝ ਕੇ ਕਰਨ ਲਈ ਪ੍ਰੇਰਿਤ ਕੀਤਾ ਗਿਆ ਤਾਂ ਜੋ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਤੋਂ ਬਚਿਆ ਜਾ ਸਕੇ | ਉਨ੍ਹਾਂ ਦੱਸਿਆ ਕਿ ਜੇਕਰ ਕੋਈ ਵਿਅਕਤੀ ਗ਼ਲਤੀ ਨਾਲ ਸਾਈਬਰ ਕ੍ਰਾਈਮ ਦਾ ਸ਼ਿਕਾਰ ਬਣ ਵੀ ਜਾਂਦਾ ਹੈ ਤਾਂ ਉਹ ਟੋਲ ਫ਼੍ਰੀ ਹੈਲਪ ਲਾਈਨ ਨੰਬਰ 1930 'ਤੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ | ਅੰਤ 'ਚ ਪਿ੍ੰਸੀਪਲ ਨੇ ਪਤਵੰਤੇ ਮਹਿਮਾਨਾਂ ਦਾ ਧੰਨਵਾਦ ਕੀਤਾ | ਇਸ ਮੌਕੇ ਵਾਈਸ ਪਿ੍ੰਸੀਪਲ ਪ੍ਰੋ. ਜਗਨਦੀਪ ਕੁਮਾਰ, ਸਟਾਫ਼ ਸਕੱਤਰ ਪ੍ਰੋ. ਦੀਪਇੰਦਰ ਸਿੰਘ, ਸੁਪਰਡੈਂਟ ਦੌਲਧ ਸਿੰਘ ਬਰਾੜ, ਪ੍ਰੋ. ਈਸ਼ਾ ਜੁਨੇਜਾ, ਪ੍ਰੋ. ਕਿਰਨਜੀਤ ਕੌਰ, ਪ੍ਰੋ. ਜਸਕਰਨ ਸਿੰਘ ਤੇ ਵਿਦਿਆਰਥੀ ਹਾਜ਼ਰ ਰਹੇ | ਪ੍ਰੋ. ਜਗਮੀਤ ਸਿੰਘ (ਪੰਜਾਬੀ ਵਿਭਾਗ) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰੋਗਰਾਮ ਦੇ ਅੰਤ 'ਚ ਐੱਨ. ਐੱਸ. ਐੱਸ. ਯੂਨਿਟਸ ਦੇ ਇੰਚਾਰਜ ਪ੍ਰੋ. ਕੰਵਰਜੀਤ ਸਿੰਘ ਤੇ ਪ੍ਰੋ. ਹਰਮੀਤ ਕੌਰ ਵਲੋਂ ਮਹਿਮਾਨਾਂ ਤੋਂ 'ਇਕ ਪੇੜ ਮਾਂ ਦੇ ਨਾਮ' ਮੁਹਿੰਮ ਅਧੀਨ ਇਕ-ਇਕ ਬੂਟਾ ਲਗਵਾ ਕੇ ਵਲੰਟੀਅਰਜ਼ ਨੂੰ ਵੀ ਬੂਟੇ ਵੰਡੇ ਗਏ |