ਸ੍ਰੀ ਮੁਕਤਸਰ ਸਾਹਿਬ, 20 ਸਤੰਬਰ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਸਮੂਹ 1158 ਸਹਾਇਕ ਪ੍ਰੋਫ਼ੈਸਰ ਅਤੇ ਲਾਇਬ੍ਰੇਰੀਅਨਾਂ ਨੇ ਸ੍ਰੀ ਮੁਕਤਸਰ ਸਾਹਿਬ ਦੇ ਬਾਜ਼ਾਰਾਂ 'ਚ ਰੋਸ ਮਾਰਚ ਕੱਢਿਆ ਅਤੇ ਭਾਈ ਮਹਾਂ ਸਿੰਘ ਚੌਕ ਨੇੜੇ ਪੰਜਾਬ ਸਰਕਾਰ ਦੀ ਅਰਥੀ ਫ਼ੂਕੀ ਤੇ ਰੋਸ ਮੁਜ਼ਾਹਰਾ ਕੀਤਾ | ਜ਼ਿਲ੍ਹੇ ਦੇ ਆਗੂ ਪ੍ਰੋਫ਼ੈਸਰ ਜਗਮੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਭਾਵੇਂ ਸੁਪਰੀਮ ਕੋਰਟ ਵਲੋਂ ਇਕ ਵਾਰ 1158 ਭਰਤੀ ਰੱਦ ਕਰ ਦਿੱਤੀ ਹੈ, ਪ੍ਰੰਤੂ ਇਹ ਅਦਾਲਤ ਦਾ ਅੰਤਿਮ ਫ਼ੈਸਲਾ ਨਹੀਂ ਹੈ | ਪੰਜਾਬ ਸਰਕਾਰ ਚਾਹੇ ਤਾਂ ਆਪਣੇ ਵਲੋਂ ਪੁਨਰ ਵਿਚਾਰ ਜਾਚਿਕਾ ਦਾਇਰ ਕਰਕੇ ਇਸ ਭਰਤੀ ਨੂੰ ਅਦਾਲਤ 'ਚੋਂ ਸੁਰੱਖਿਅਤ ਕਰਵਾ ਸਕਦੀ ਹੈ | ਪਰ ਝੂਠੀ ਸਿੱਖਿਆ ਕ੍ਰਾਂਤੀ ਦੇ ਦਾਅਵੇ ਕਰਨ ਵਾਲੀ ਸਰਕਾਰ ਜਾਚਿਕਾ ਦਾਇਰ ਕਰਨ ਤੋਂ ਟਾਲ-ਮਟੋਲ ਕਰ ਰਹੀ ਹੈ | ਇਸ ਸਿਲਸਿਲੇ ਵਿਚ ਸਰਕਾਰ ਦੁਆਰਾ ਪ੍ਰੋਫ਼ੈਸਰਾਂ ਨੂੰ ਪਿਛਲੇ ਦਿਨੀਂ ਸੰਗਰੂਰ ਪ੍ਰਦਰਸ਼ਨ ਤੋਂ ਬਾਅਦ ਦਿੱਤੀ ਕੈਬਨਿਟ ਸਬ-ਕਮੇਟੀ ਦੀ ਮੀਟਿੰਗ 8 ਅਕਤੂਬਰ ਤੱਕ ਮੁਲਤਵੀ ਕਰ ਦਿੱਤੀ ਗਈ | ਜਦੋਂਕਿ ਕਾਨੂੰਨੀ ਪੈਰਵਾਈ ਲਈ ਪਹਿਲਾਂ ਹੀ ਕਾਫ਼ੀ ਦੇਰ ਹੋ ਚੁੱਕੀ ਹੈ | ਪ੍ਰੋਫ਼ੈਸਰ ਦੀਪਇੰਦਰ ਸਿੰਘ ਨੇ ਦੱਸਿਆ ਕਿ ਇਹ ਪ੍ਰੋਫ਼ੈਸਰ ਦੇਸ਼ ਦਾ ਸਭ ਤੋਂ ਵੱਧ ਪੜਿ੍ਹਆ ਲਿਖਿਆ ਵਰਗ ਹੈ | ਇਸ ਭਰਤੀ ਦੇ ਰੱਦ ਹੋਣ ਨਾਲ 1158 ਪਰਿਵਾਰਾਂ ਦੇ ਚੁੱਲ੍ਹੇ ਠੰਢੇ ਹੋ ਜਾਣਗੇ ਅਤੇ ਸਰਕਾਰੀ ਕਾਲਜ ਹੋਰ ਵੀ ਤਰਸਯੋਗ ਹਾਲਤ ਵਿਚ ਚਲੇ ਜਾਣਗੇ | ਪ੍ਰੋਫ਼ੈਸਰ ਜਗਨਦੀਪ ਕੁਮਾਰ ਤੇ ਪ੍ਰੋਫ਼ੈਸਰ ਆਸਮਾਂ ਨੇ ਕਿਹਾ ਕਿ ਕਿ 1158 ਭਰਤੀ ਕੇਵਲ ਰੁਜ਼ਗਾਰ ਦਾ ਮਸਲਾ ਨਹੀਂ ਹੈ, ਬਲਕਿ ਇਹ ਪੰਜਾਬ ਦੀ ਉਚੇਰੀ ਸਿੱਖਿਆ ਦੀ ਸਿਰ ਭਾਰ ਤੋਂ ਪੈਰਾਂ ਭਾਰ ਹੋਣ ਦੀ ਗੱਲ ਹੈ | ਇਹ ਗੱਲ ਆਮ ਕਿਰਤੀ ਲੋਕਾਂ ਦੇ ਬੱਚਿਆ ਨੂੰ ਉਚੇਰੀ ਸਿੱਖਿਆ ਦੇ ਲੜ ਲਾਉਣ ਦੀ ਬਾਤ ਹੈ, ਜਿਸ ਲਈ 1158 ਸਹਾਇਕ ਪ੍ਰੋਫ਼ੈਸਰ ਤੇ ਲਾਇਬ੍ਰੇਰੀਅਨ ਫ਼ਰੰਟ ਪੰਜਾਬ ਲੜ ਰਿਹਾ ਹੈ | ਪ੍ਰੋਫ਼ੈਸਰ ਮੀਨੂੰ ਜਿੰਦਲ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਜੇਕਰ ਪੰਜਾਬ ਸਰਕਾਰ 1158 ਫ਼ਰੰਟ ਦੇ ਆਗੂਆਂ ਨਾਲ ਜਲਦ ਹੀ ਮੀਟਿੰਗ ਕਰਕੇ ਰੀਵਿਊ ਦਾਇਰ ਨਹੀਂ ਕਰਦੀ ਤਾਂ ਉਹ ਆਉਣ ਵਾਲੇ ਦਿਨਾਂ ਵਿਚ ਹੋਰ ਵੀ ਤਿੱਖੇ ਵਿਰੋਧ ਅਤੇ ਆਪਣੇ ਰਾਜਨੀਤਕ ਨੁਕਸਾਨ ਲਈ ਤਿਆਰ ਰਹੇੇ | ਰੋਸ ਮੁਜ਼ਾਹਰੇ 'ਚ ਡੀ.ਟੀ.ਐੱਫ਼. ਪੰਜਾਬ ਤੋਂ ਆਗੂ ਕੁਲਵਿੰਦਰ ਸਿੰਘ ਆਪਣੇ ਸਾਥੀਆਂ ਸਮੇਤ ਸ਼ਾਮਿਲ ਸਨ |