ਫ਼ਰੀਦਕੋਟ, 20 ਸਤੰਬਰ (ਸਰਬਜੀਤ ਸਿੰਘ)-ਥਾਣਾ ਸਿਟੀ ਫ਼ਰੀਦਕੋਟ ਪੁਲਿਸ ਵਲੋਂ ਸਥਾਨਕ ਬਲਬੀਰ ਬਸਤੀ ਤੋਂ ਗੁਪਤ ਸੂਚਨਾ ਦੇ ਆਧਾਰ 'ਤੇ ਇਕ ਵਿਅਕਤੀ ਨੂੰ ਦੜਾ ਸੱਟਾ ਲਗਾਉਣ ਦੇ ਦੋਸ਼ਾਂ ਤਹਿਤ ਕੁਝ ਨਕਦੀ ਸਮੇਤ ਕਾਬੂ ਕੀਤਾ ਗਿਆ ਹੈ | ਕਾਬੂ ਕੀਤੇ ਗਏ ਕਥਿਤ ਦੋਸ਼ੀ ਖ਼ਿਲਾਫ਼ ਪੁਲਿਸ ਵਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ | ਪ੍ਰਾਪਤ ਸੂਚਨਾ ਅਨੁਸਾਰ ਸਹਾਇਕ ਥਾਣੇਦਾਰ ਜਗਤਾਰ ਸਿੰਘ ਨੇ ਦੱਸਿਆ ਕਿ ਉਹ ਹੋਰ ਪੁਲਿਸ ਮੁਲਾਜ਼ਮਾਂ ਸਮੇਤ ਸ਼ੱਕੀ ਪੁਰਸ਼ਾਂ ਸੰਬੰਧੀ ਬਲਬੀਰ ਬਸਤੀ ਵਿਖੇ ਮੌਜੂਦ ਸਨ ਤਾਂ ਮੁਖਬਰ ਵਲੋਂ ਉਨ੍ਹਾਂ ਸੂਚਨਾ ਦਿੱਤੀ ਗਈ ਕਿ ਧਰਮਿੰਦਰਪਾਲ ਪੁੱਤਰ ਰੋਸ਼ਨ ਲਾਲ ਜੋ ਕਿ ਕਥਿਤ ਤੌਰ 'ਤੇ ਪਰਚੀ ਦੜਾ ਸੱਟਾ ਲਗਾਉਣ ਦਾ ਕੰਮ ਕਰਦਾ ਹੈ ਅਤੇ ਅੱਜ ਭੋਲੇ ਭਾਲੇ ਲੋਕਾਂ ਨੂੰ ਦੜਾ ਸੱਟਾ ਲਗਾਉਣ ਲਈ ਕਹਿ ਰਿਹਾ ਹੈ | ਉਨ੍ਹਾਂ ਕਿਹਾ ਕਿ ਮੌਕੇ 'ਤੇ ਰੇਡ ਕਰਕੇ ਕਥਿਤ ਦੋਸ਼ੀ ਨੂੰ 1230/- ਦੀ ਨਗਦੀ ਸਮੇਤ ਗਿ੍ਫ਼ਤਾਰ ਕੀਤਾ ਗਿਆ ਅਤੇ ਉਸ ਖ਼ਿਲਾਫ਼ ਥਾਣਾ ਸਿਟੀ ਫ਼ਰੀਦਕੋਟ ਵਿਖੇ ਜੂਆ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਹਾਲ ਦੀ ਘੜੀ ਕਥਿਤ ਦੋਸ਼ੀ ਨੂੰ ਜ਼ਮਾਨਤ ਲੈ ਕੇ ਛੱਡ ਦਿੱਤਾ ਗਿਆ ਹੈ ਅਤੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ |