ਭੁਲੱਥ ਦੇ ਕੁਝ ਵਾਰਡਾਂ ਵਿਚ ਪਾਣੀ ਦੂਸ਼ਿਤ ਹੋਣ ਕਰਕੇ ਲੋਕ ਹੋ ਰਹੇ ਬਿਮਾਰ
ਅਜੀਤ ਡੈਸਕ
30-08-2025
ਦੂਸ਼ਿਤ ਪਾਣੀ ਪੀਣ ਤੋਂ ਲੋਕ ਗੁਰੇਜ ਕਰਨ-ਹਲਕਾ ਵਿਧਾਇਕ ਸੁਖਪਾਲ ਸਿੰਘ
ਭੁਲੱਥ, 29 ਅਗਸਤ (ਮੇਹਰ ਚੰਦ ਸਿੱਧੂ)-ਸਬ ਡਵੀਜ਼ਨ ਕਸਬਾ ਭੁਲੱਥ ਦੇ ਕੁੱਝ ਵਾਰਡਾਂ ਵਿਚ ਨਗਰ ਪੰਚਾਇਤ ਭੁਲੱਥ ਵਲੋਂ ਸਪਲਾਈ ਵਿਭਾਗ ਦਾ ਪਾਣੀ ਲੀਕੇਜ ਹੋਣ ਕਰਕੇ ਤੇ ਬਰਸਾਤ ਦੇ ਮੌਸਮ ਦੇ ਮੱਦੇਨਜ਼ਰ ਦੂਸ਼ਿਤ ਹੋ ਗਿਆ ਹੈ, ਜਿਸ ਦੇ ਪੀਣ ਨਾਲ ਲੋਕ ਬਿਮਾਰ ਹੋ ਰਹੇ ਹਨ | ਗੱਲਬਾਤ ਕਰਦਿਆਂ ਹਲਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਦੱਸਿਆ ਕਿ ਭੁਲੱਥ ਗਰਬੀ ਵਾਰਡ ਨੰਬਰ ਚਾਰ ਵਾਰਡ ਨੰਬਰ 13 ਤੇ ਵਾਰਡ ਨੰਬਰ ਦੋ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਪਿਛਲੇ ਪਾਸੇ ਪਾਣੀ ਦੂਸ਼ਿਤ ਹੋਣ ਕਰਕੇ ਉੱਥੇ ਰਹਿ ਰਹੇ ਲੋਕਾਂ ਨੂੰ ਪੇਟ ਸਬੰਧੀ ਇਨਫੈਕਸ਼ਨ ਪਾਈ ਗਈ | ਸਿਹਤ ਵਿਭਾਗ ਦੀ ਟੀਮ ਵੱਲੋਂ ਮਰੀਜ਼ਾਂ ਨਾਲ ਗੱਲਬਾਤ ਕਰਨ ਤੇ ਪਤਾ ਚੱਲਿਆ ਕਿ ਪੇਟ ਦੀ ਇਨਫੈਕਸ਼ਨ ਬਰਸਾਤੀ ਪਾਣੀ ਵਾਟਰ ਸਪਲਾਈ ਦੇ ਪਾਣੀ ਨਾਲ ਮਿਕਸ ਹੋਣ ਕਰਕੇ ਇਹ ਇਨਫੈਕਸ਼ਨ ਪੈਦਾ ਹੋਈ ਹੈ ਤੇ ਪੇਟ ਦੀਆਂ ਬਿਮਾਰੀਆਂ ਤੋਂ ਪੀੜਿਤ ਮਰੀਜ਼ਾਂ ਨੂੰ ਸਿਵਲ ਹਸਪਤਾਲ ਭੁਲੱਥ ਵਿਖੇ ਦਾਖਲ ਕਰਵਾਇਆ ਗਿਆ ਹੈ, ਜੋ ਇਸ ਸਮੇਂ ਜੇਰੇ ਇਲਾਜ ਹਨ, ਪਹਿਲਾਂ ਵੀ ਇਸ ਏਰੀਏ ਵਿਚ ਪਾਣੀ ਦੇ ਸੈਂਪਲ ਫੇਲ ਪਾਏ ਗਏ ਸਨ | ਐੱਸਐੱਮਓ ਭੁਲੱਥ ਅਨੁਸਾਰ ਦੂਸ਼ਿਤ ਪਾਣੀ ਨਾਲ ਵੱਧ ਰਹੀਆਂ ਬਿਮਾਰੀਆਂ ਜਿਵੇਂ ਹੈਪੇਟਾਈਟਸ ਏ ਤੇ ਈ ਦੇ ਮਰੀਜ਼ਾਂ ਨੂੰ ਸਿਹਤ ਵਿਭਾਗ ਭੁਲੱਥ ਦੀ ਟੀਮ ਵੱਲੋਂ ਸਰਵੇ ਕਰਕੇ ਪੀੜਤ ਮਰੀਜ਼ਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ ਤੇ ਵਿਭਾਗ ਨੂੰ ਦੂਸ਼ਿਤ ਪਾਣੀ ਬਾਰੇ ਇੱਕ ਲੈਟਰ ਰਾਹੀਂ ਸੂਚਿਤ ਵੀ ਕੀਤਾ ਗਿਆ ਹੈ |