28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2025

44 ਨੋਡਲ ਤੇ 200 ਕਲੱਸਟਰ ਅਫ਼ਸਰ ਪਰਾਲੀ ਸਾੜਨ ਦੇ ਮਾਮਲੇ ਵਿਚ ਤੁਰੰਤ ਕਾਰਵਾਈ ਕਰਨਗੇ-ਅਮਿਤ ਕੁਮਾਰ ਪੰਚਾਲ

ਅਜੀਤ ਡੈਸਕ 20-09-2025
ਕਪੂਰਥਲਾ, 19 ਸਤੰਬਰ (ਅਮਰਜੀਤ ਕੋਮਲ)-ਝੋਨੇ ਦੇ ਸੀਜ਼ਨ ਦੌਰਾਨ ਪਰਾਲੀ ਸਾੜਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਸਬੰਧਿਤ ਐੱਸ.ਡੀ.ਐੱਮ. ਤੇ ਡੀ.ਐੱਸ.ਪੀ. ਦੀ ਅਗਵਾਈ ਹੇਠ ਟੀਮਾਂ 27 ਹਾਟ ਸਪਾਟ ਪਿੰਡਾਂ ਦਾ ਦੌਰਾ ਕਰਕੇ ਅਗਲੇ ਤਿੰਨ ਦਿਨਾਂ ਦੌਰਾਨ ਐਕਸ਼ਨ ਪਲਾਨ ਤਿਆਰ ਕਰਕੇ ਉਨ੍ਹਾਂ ਨੂੰ ਸੌਂਪਣ | ਇਹ ਗੱਲ ਅਮਿਤ ਕੁਮਾਰ ਪੰਚਾਲ ਡਿਪਟੀ ਕਮਿਸ਼ਨਰ ਕਪੂਰਥਲਾ ਨੇ ਅੱਜ ਪਰਾਲੀ ਪ੍ਰਬੰਧਨ ਸਬੰਧੀ ਬਣਾਈ ਗਈ ਪਰਾਲੀ ਪ੍ਰੋਟੈਕਸ਼ਨ ਫੋਰਸ ਦੀ ਇਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਹੀ | ਉਨ੍ਹਾਂ ਕਿਹਾ ਕਿ ਇਨ੍ਹਾਂ 27 ਪਿੰਡ ਵਿਚ ਭੁਲੱਥ ਦੇ 13, ਸੁਲਤਾਨਪੁਰ ਲੋਧੀ ਦੇ 10 ਤੇ ਕਪੂਰਥਲਾ ਦੇ 4 ਪਿੰਡ ਸ਼ਾਮਲ ਹਨ | ਇਨ੍ਹਾਂ ਪਿੰਡਾਂ ਵਿਚ ਤਿੰਨ ਜਾਂ ਤਿੰਨ ਤੋਂ ਵੱਧ ਅੱਗ ਲੱਗਣ ਦੇ ਮਾਮਲੇ ਪਿਛਲੇ ਸਾਲ ਸਾਹਮਣੇ ਆਏ ਸਨ | ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਿਛਲੇ ਸੀਜ਼ਨ ਦੌਰਾਨ ਜ਼ਿਲ੍ਹੇ ਵਿਚ ਪਰਾਲੀ ਸਾੜਣ ਦੇ ਮਾਮਲੇ 1000 ਤੋਂ ਘੱਟ ਕੇ 300 ਰਹਿ ਗਏ ਸਨ ਤੇ ਆਗਾਮੀ ਸੀਜ਼ਨ ਦੌਰਾਨ ਇਸਨੂੰ ਹੋਰ ਘੱਟ ਕਰਨ ਦਾ ਟੀਚਾ ਮਿਥਿਆ ਗਿਆ ਹੈ | ਡਿਪਟੀ ਕਮਿਸ਼ਨਰ ਨੇ ਸਹਿਕਾਰਤਾ ਵਿਭਾਗ ਨੂੰ ਕਿਹਾ ਕਿ ਉਹ ਤੁਰੰਤ ਕੰਟਰੋਲ ਰੂਮ ਸਥਾਪਿਤ ਕਰੇ ਤਾਂ ਜੋ ਪਰਾਲੀ ਪ੍ਰਬੰਧਨ ਲਈ ਸਹਿਕਾਰੀ ਸਭਾਵਾਂ ਰਾਹੀਂ ਲੋੜੀਂਦੀ ਮਸ਼ੀਨਰੀ ਆਪਣੀ ਲੋੜ ਅਨੁਸਾਰ ਪ੍ਰਾਪਤ ਕਰ ਸਕਣ | ਉਨ੍ਹਾਂ ਕਿਹਾ ਕਿ ਸਿਵਲ ਤੇ ਪੁਲਿਸ ਦੀਆਂ ਸਾਂਝੀਆਂ ਟੀਮਾਂ ਵਲੋਂ ਜ਼ਿਲ੍ਹੇ ਦੇ ਚਾਰੇ ਸਬ ਡਵੀਜ਼ਨਾਂ ਵਿਚ ਲਗਾਤਾਰ ਗਸ਼ਤ ਕੀਤੀ ਜਾਵੇਗੀ ਤੇ ਇਸ ਮੰਤਵ ਲਈ ਨਿਯੁਕਤ ਕੀਤੇ ਗਏ 44 ਨੋਡਲ ਅਫ਼ਸਰ ਤੇ 200 ਕਲੱਸਟਰ ਅਫ਼ਸਰਾਂ ਵਲੋਂ ਅੱਗ ਲੱਗਣ ਦੀਆਂ ਘਟਨਾਵਾਂ ਸਬੰਧੀ ਤੁਰੰਤ ਕਾਰਵਾਈ ਯਕੀਨੀ ਬਣਾਈ ਜਾਵੇਗੀ | ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿਚ 3 ਲੱਖ ਮੀਟਰਿਕ ਟਨ ਪਰਾਲੀ ਬੇਲਰਾਂ ਰਾਹੀਂ ਇਕੱਠੀ ਕਰਨ ਦਾ ਟੀਚਾ ਮਿਥਿਆ ਗਿਆ ਹੈ ਜਿਸਨੂੰ ਬਾਅਦ ਵਿਚ ਲੋੜ ਅਨੁਸਾਰ ਬੁਆਇਲਰਾਂ ਵਿਚ ਵਰਤਿਆ ਜਾ ਸਕੇਗਾ | ਉਨ੍ਹਾਂ ਕਿਹਾ ਕਿ ਪਰਾਲੀ ਨੂੰ ਸਟੋਰ ਕਰਨ ਲਈ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਲੋਂ ਜਨਤਕ ਥਾਵਾਂ ਦੀ ਪਹਿਲਾਂ ਹੀ ਸ਼ਨਾਖ਼ਤ ਕੀਤੀ ਜਾ ਚੁੱਕੀ ਹੈ | ਮੀਟਿੰਗ ਵਿਚ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲ੍ਹੇ ਵਿਚ 1.17 ਲੱਖ ਹੈਕਟੇਅਰ ਰਕਬੇ ਵਿਚ ਕਾਸ਼ਤ ਕੀਤੇ ਗਏ ਝੋਨੇ ਤੋਂ ਅੰਦਾਜ਼ਨ 7.54 ਲੱਖ ਮੀਟਰਿਕ ਟਨ ਪਰਾਲੀ ਪੈਦਾ ਹੋਵੇਗੀ, ਜਿਸ ਵਿਚ 4.56 ਲੱਖ ਮੀਟਰਿਕ ਟਨ ਪਰਾਲੀ ਦਾ ਨਿਪਟਾਰਾ ਇਨਸੀਟੂ ਮੈਨੇਜਮੈਂਟ ਰਾਹੀਂ ਖੇਤਾਂ ਵਿਚ ਕੀਤਾ ਜਾਵੇਗਾ ਤੇ 2.98 ਲੱਖ ਮੀਟਰਿਕ ਟਨ ਪਰਾਲੀ ਐਕਸ ਸੀਟੂ ਵਿਧੀ ਰਾਹੀਂ ਬੇਲਰ ਆਦਿ ਬਣਾਕੇ ਨਿਪਟਾਈ ਜਾਵੇਗੀ | ਮੀਟਿੰਗ ਵਿਚ ਐੱਸ.ਪੀ. ਹੈੱਡ ਕੁਆਰਟਰ ਗੁਰਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਕਪੂਰਥਲਾ ਪੁਲਿਸ ਵਲੋਂ ਡੀ.ਐੱਸ.ਪੀ. ਤੇ ਐੱਸ.ਐਚ.ਓ. ਦੀ ਅਗਵਾਈ ਵਿਚ ਵਿਸ਼ੇਸ਼ ਟੀਮਾਂ ਦਾ ਗਠਨ ਕਰ ਦਿੱਤਾ ਗਿਆ ਹੈ ਜੋ ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲੇ ਵਿਚ ਤੁਰੰਤ ਕਾਰਵਾਈ ਅਮਲ ਵਿਚ ਲਿਆਉਣਗੀਆਂ | ਮੀਟਿੰਗ ਵਿਚ ਨਵਨੀਤ ਕੌਰ ਬੱਲ ਵਧੀਕ ਡਿਪਟੀ ਕਮਿਸ਼ਨਰ (ਜ), ਸਮੂਹ ਐੱਸ.ਡੀ.ਐਮਜ਼, ਖੇਤੀਬਾੜੀ, ਸਹਿਕਾਰਤਾ, ਸਿੱਖਿਆ ਵਿਭਾਗ ਦੇ ਅਧਿਕਾਰੀ ਹਾਜ਼ਰ ਸਨ |

ਪਿਛਲੀ ਖ਼ਬਰ ਪਾਖਰਪੁਰ ਦੇ ਸਰਪੰਚ ਵਲੋਂ ਪਿੰਡ ਦੇ ਵਿਕਾਸ ਕੰਮਾਂ ਲਈ ਕੀਤੀ ਡੀ. ਸੀ. ਅੰਮਿ੍ਤਸਰ ਨਾਲ ਮੁਲਾਕਾਤ <br/> ਅਗਲੀ ਖ਼ਬਰ ਜ਼ਿਲ੍ਹੇ ਵਿਚ ਸਰਕਾਰੀ ਖ਼ਰੀਦ ਏਜੰਸੀਆਂ ਨੇ 88 ਮੀਟਰਿਕ ਟਨ ਝੋਨੇ ਦੀ ਖ਼ਰੀਦ ਕੀਤੀ-ਅਮਿਤ ਕੁਮਾਰ ਪੰਚਾਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।