ਕਪੂਰਥਲਾ, 19 ਸਤੰਬਰ (ਵਿਸ਼ੇਸ਼ ਪ੍ਰਤੀਨਿਧ)-ਡੈਮੋਕਰੇਟਿਕ ਟੀਚਰ ਫ਼ਰੰਟ ਦੇ ਜ਼ਿਲ੍ਹਾ ਆਗੂ ਤੇਜਿੰਦਰ ਸਿੰਘ, ਜੈਮਲ ਸਿੰਘ, ਮਲਕੀਤ ਸਿੰਘ, ਜਸਵਿੰਦਰ ਸਿੰਘ ਤੇ ਭਰਾਤਰੀ ਜਥੇਬੰਦੀ 5178 ਦੇ ਆਗੂ ਕੁਸ਼ਲ ਕੁਮਾਰ ਦੀ ਅਗਵਾਈ ਵਿਚ ਅਧਿਆਪਕਾਂ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਨਾਂਅ ਵਧੀਕ ਡਿਪਟੀ ਕਮਿਸ਼ਨਰ ਜਨਰਲ ਨਵਨੀਤ ਕੌਰ ਬੱਲ ਨੂੰ ਇਕ ਮੰਗ ਪੱਤਰ ਦਿੱਤਾ | ਜਿਸ ਵਿਚ ਮੰਗ ਕੀਤੀ ਗਈ ਕਿ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਮਾਸਟਰ ਨਿਰਭੈ ਸਿੰਘ ਤੇ ਜਾਨਲੇਵਾ ਹਮਲਾ ਕਰਨ ਵਾਲਿਆਂ ਦੋਸ਼ੀਆਂ ਨੂੰ ਤੁਰੰਤ ਗਿ੍ਫ਼ਤਾਰ ਕੀਤਾ ਜਾਵੇ | ਮੰਗ ਪੱਤਰ ਦੇਣ ਤੋਂ ਬਾਅਦ ਇਨ੍ਹਾਂ ਆਗੂਆਂ ਨੇ ਕਿਹਾ ਕਿ ਭਾਵੇਂ ਪੁਲਿਸ ਵਲੋਂ ਮਾਸਟਰ ਨਿਰਭੈ ਸਿੰਘ 'ਤੇ ਹਮਲਾ ਕਰਨ ਵਾਲਿਆਂ ਵਿਰੁੱਧ ਲਹਿਰਾ ਥਾਣਾ ਦੀ ਪੁਲਿਸ ਵਲੋਂ ਕੇਸ ਦਰਜ ਕੀਤਾ ਜਾ ਚੁੱਕਾ ਹੈ ਪਰ ਅਜੇ ਵੀ ਕਥਿਤ ਦੋਸ਼ੀ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ | ਅਧਿਆਪਕ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਇਸ ਮਾਮਲੇ ਵਿਚ ਕੋਈ ਠੋਸ ਕਾਰਵਾਈ ਨਾ ਹੋਈ ਤਾਂ ਡੀ.ਟੀ.ਐਫ. ਕਿਰਤੀ ਕਿਸਾਨ ਯੂਨੀਅਨ ਨਾਲ ਸਾਂਝੇ ਤੌਰ 'ਤੇ 25 ਸਤੰਬਰ ਨੂੰ ਸੰਗਰੂਰ ਵਿਚ ਸੂਬਾ ਪੱਧਰੀ ਧਰਨਾ ਦੇਵੇਗੀ | ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਵੇਗੀ | ਮੰਗ ਪੱਤਰ ਦੇਣ ਮੌਕੇ ਅਵਤਾਰ ਸਿੰਘ, ਸੁਖਪਾਲ ਸਿੰਘ, ਹਰਵੇਲ ਸਿੰਘ, ਹਰਨੇਕ ਸਿੰਘ, ਕਮਲਜੀਤ ਮੇਜਰਵਾਲ, ਮਹਿੰਦਰ ਸਿੰਘ, ਮੇਜਰ ਸਿੰਘ, ਅੰਮਿ੍ਤਪਾਲ ਸਿੰਘ, ਸੁਨੀਲ ਵਰਮਾ, ਰਾਕੇਸ਼ ਕੁਮਾਰ, ਮੁਨੀਸ਼ ਕੁਮਾਰ, ਸੁਨੀਲ ਸ਼ਰਮਾ, ਸਰਬਣ ਸਿੰਘ ਆਦਿ ਹਾਜ਼ਰ ਸਨ |