15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਅਖੰਡ ਪਾਠੀਆਂ ਨੂੰ ਵੀ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਵਾਂਗ ਮੁਫ਼ਤ ਇਲਾਜ ਦੀ ਸਹੂਲਤ ਪ੍ਰਦਾਨ ਕੀਤੀ ਜਾਵੇ <br/>

ਅਜੀਤ ਡੈਸਕ 21-09-2025
ਸੁਲਤਾਨਪੁਰ ਲੋਧੀ, 20 ਸਤੰਬਰ (ਨਰੇਸ਼ ਹੈਪੀ)-ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਦੇ ਸਮੂਹ ਅਖੰਡ ਪਾਠੀ ਸਿੰਘਾਂ ਦੀ ਵੈੱਲਫੇਅਰ ਸੋਸਾਇਟੀ ਵੱਲੋਂ ਪ੍ਰਧਾਨ ਭਾਈ ਨਿਸ਼ਾਨ ਸਿੰਘ ਪਨਗੋਟਾ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਮੈਨੇਜਰ ਅਵਤਾਰ ਸਿੰਘ ਕੋਲੋਂ ਮੰਗ ਕੀਤੀ ਕਿ ਗੁਰਦੁਆਰਾ ਸ੍ਰੀ ਬੇਰ ਸਾਹਿਬ ਅਤੇ ਸੁਲਤਾਨਪੁਰ ਲੋਧੀ ਦੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਹੋਰ ਸਮੂਹ ਗੁਰਦੁਆਰਿਆਂ ਵਿਚ ਲੰਮੇ ਸਮੇਂ ਤੋਂ ਪਾਠੀ ਸਿੰਘਾਂ ਦੀ ਸੇਵਾਵਾਂ ਨਿਭਾਉਂਦੇ ਆ ਰਹੇ ਸਮੂਹ ਅਖੰਡ ਪਾਠੀਆਂ ਨੂੰ ਵੀ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਵਾਂਗ ਮੁਫ਼ਤ ਇਲਾਜ ਦੀ ਸਹੂਲਤ ਪ੍ਰਦਾਨ ਕੀਤੀ ਜਾਵੇ | ਧਾਰਮਿਕ ਸਮਾਗਮ ਉਪਰੰਤ ਸਮੂਹ ਪਾਠੀ ਸਿੰਘਾਂ ਦੀਆਂ ਮੰਗਾਂ ਬਾਰੇ ਬੇਨਤੀ ਕਰਦੇ ਹੋਏ ਭਾਈ ਨਿਸ਼ਾਨ ਸਿੰਘ ਪਨਗੋਟਾ ਨੇ ਕਿਹਾ ਕਿ ਪਾਠੀ ਸਿੰਘ ਇੱਥੇ ਭੋਗ ਪਾਉਂਦੇ ਹਨ ਅਤੇ ਲੰਗਰ ਵੱਲ ਨੂੰ ਹੋ ਜਾਂਦੇ ਹਨ ਪਰ ਕਦੀ ਵੀ ਅਸੀਂ ਆਪਣਾ ਦੁੱਖ ਸੁੱਖ ਤੁਹਾਡੇ ਨਾਲ ਸਾਂਝਾ ਨਹੀਂ ਕੀਤਾ ਜਦਕਿ ਅਸੀਂ ਵੀ ਸ਼੍ਰੋਮਣੀ ਕਮੇਟੀ ਦੇ ਪਰਿਵਾਰ ਦਾ ਹਿੱਸਾ ਹਾਂ | ਸ਼੍ਰੋਮਣੀ ਕਮੇਟੀ ਨੂੰ ਅਸੀਂ ਵੱਡੀਆਂ ਸੇਵਾਵਾਂ ਅਖੰਡ ਪਾਠੀਆਂ ਦੇ ਰੂਪ ਦੇ ਵਿਚ ਦੇ ਰਹੇ ਹਾਂ ਅਤੇ ਗੁਰਦੁਆਰਾ ਸਾਹਿਬ ਦੇ ਸਾਰੇ ਧਾਰਮਿਕ ਕਾਰਜਾਂ ਲਈ ਪੂਰਾ ਸਹਿਯੋਗ ਕਰਦੇ ਹਾਂ | ਉਨ੍ਹਾਂ ਮੰਗ ਕੀਤੀ ਕਿ ਜਿੰਨੇ ਵੀ ਅਖੰਡ ਪਾਠੀ ਸਿੰਘ ਗੁਰਦੁਆਰਾ ਬੇਰ ਸਾਹਿਬ ਦੇ ਪ੍ਰਬੰਧ ਅਧੀਨ ਗੁਰਦੁਆਰਿਆਂ ਵਿਚ ਡਿਊਟੀ ਨਿਭਾ ਰਹੇ ਹਨ, ਉਨ੍ਹਾਂ ਦੇ ਕੋਲ ਇੰਨੇ ਵੱਡੇ ਸਾਧਨ ਨਹੀਂ ਕਿ ਉਹ ਆਪਣਾ ਇਲਾਜ ਖ਼ੁਦ ਕਰਵਾ ਸਕਣ | ਉਨ੍ਹਾਂ ਦੱਸਿਆ ਕਿ 25- 25 ਸਾਲ ਹੋ ਗਏ ਸਾਨੂੰ ਵੀ ਗੁਰਦੁਆਰਾ ਸ੍ਰੀ ਬੇਰ ਸਾਹਿਬ ਸ੍ਰੀ ਅਖੰਡ ਪਾਠ ਸਾਹਿਬ ਦੀਆਂ ਡਿਊਟੀ ਨਿਭਾਉਂਦਿਆਂ ਨੂੰ ਅਤੇ ਕਈ ਵਾਰ ਸਾਡੇ ਨਾਲ ਏਦਾਂ ਹੁੰਦਾ ਕਿ ਸਾਡੇ ਪਾਠੀ ਸਿੰਘ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਇਲਾਜ ਨਾ ਹੋਣ ਕਾਰਨ ਹੀ ਅਕਾਲ ਚਲਾਣਾ ਕਰ ਜਾਂਦੇ ਹਨ | ਉਨ੍ਹਾਂ ਮੈਨੇਜਰ ਸਾਹਿਬ ਨੂੰ ਬੇਨਤੀ ਕੀਤੀ ਕਿ ਸਾਡੀਆਂ ਮੰਗਾਂ ਨੂੰ ਸ਼੍ਰੋਮਣੀ ਕਮੇਟੀ ਪ੍ਰਧਾਨ ਤੱਕ ਪਹੁੰਚਾਇਆ ਜਾਵੇ ਅਤੇ ਸਾਨੂੰ ਬੁਢਾਪੇ ਵਿਚ ਲਾਵਾਰਸ ਨਾ ਛੱਡਿਆ ਜਾਵੇ | ਇਸ ਮੌਕੇ ਉਨ੍ਹਾਂ ਗੁਰਦੁਆਰਾ ਬੇਰ ਸਾਹਿਬ ਦੇ ਅਖੰਡ ਪਾਠਾਂ ਦੇ ਇੰਚਾਰਜ ਦਿਲਬਾਗ ਸਿੰਘ, ਸਹਾਇਕ ਇੰਚਾਰਜ ਅੰਮਿ੍ਤਪਾਲ ਸਿੰਘ ਤੇ ਸੁਖਵਿੰਦਰ ਸਿੰਘ ਬਘੇਲੇਵਾਲ ਦਾ ਸਨਮਾਨ ਯਾਦਗਾਰੀ ਤਸਵੀਰ ਭੇਂਟ ਕਰਕੇ ਕੀਤਾ ਤੇ ਉਨ੍ਹਾਂ ਵੱਲੋਂ ਪੂਰੀ ਇਮਾਨਦਾਰੀ ਨਾਲ ਨਿਭਾਈ ਜਾ ਰਹੀ ਡਿਊਟੀ ਦੀ ਸ਼ਲਾਘਾ ਕੀਤੀ | ਇਸ ਉਪਰੰਤ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਮੈਨੇਜਰ ਅਵਤਾਰ ਸਿੰਘ ਨੇ ਸਮੂਹ ਪਾਠੀ ਸਿੰਘਾਂ ਦੀਆਂ ਮੰਗਾਂ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਤੇ ਹੋਰ ਅਧਿਕਾਰੀਆਂ ਕੋਲ ਉਠਾਉਣ ਦਾ ਭਰੋਸਾ ਦਿੱਤਾ | ਇਸ ਮੌਕੇ ਉਨ੍ਹਾਂ ਨਾਲ ਭਾਈ ਹਰਚਰਨ ਸਿੰਘ, ਬੇਰ ਸਾਹਿਬ ਦੇ ਐਡੀਸ਼ਨਲ ਮੈਨੇਜਰ ਗੁਰਪ੍ਰੀਤ ਸਿੰਘ, ਅਕਾਉਟੈਂਟ ਜਰਨੈਲ ਸਿੰਘ ਭੁੱਲਰ, ਗਿਆਨੀ ਹਰਜਿੰਦਰ ਸਿੰਘ ਚੰਡੀਗੜ੍ਹ, ਭਾਈ ਹਰਪ੍ਰੀਤ ਸਿੰਘ ਰਿਕਾਰਡ ਕੀਪਰ, ਭਾਈ ਦਿਆਲ ਸਿੰਘ ਲੋਹੀਆਂ ਰਾਗੀ, ਭਾਈ ਜਗਜੀਤ ਸਿੰਘ ਆਨੰਦ, ਪਵਨਦੀਪ ਸਿੰਘ ਮੁੱਖ ਰਿਕਾਰਡ ਕੀਪਰ, ਬਲਦੇਵ ਸਿੰਘ ਰਿਟਾ. ਗੁਰਦੁਆਰਾ ਇੰਸਪੈਕਟਰ, ਸੁਖਜਿੰਦਰ ਸਿੰਘ ਭਗਤਪੁਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਾਠੀ ਸਿੰਘ ਹਾਜ਼ਰ ਸਨ |

ਪਿਛਲੀ ਖ਼ਬਰ ਨਗਰ ਪੰਚਾਇਤ ਦੇ ਸਫ਼ਾਈ ਕਰਮਚਾਰੀਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਦੂਜੇ ਦਿਨ ਵੀ ਕੀਤਾ ਰੋਸ ਵਿਖਾਵਾ <br/> ਅਗਲੀ ਖ਼ਬਰ ਕਪੂਰਥਲਾ ਆੜ੍ਹਤੀ ਐਸੋਸੀਏਸ਼ਨ ਦੀ ਮੀਟਿੰਗ 'ਚ ਝੋਨੇ ਦੇ ਸੀਜ਼ਨ ਦੌਰਾਨ ਆ ਰਹੀਆਂ ਸਮੱਸਿਆਵਾਂ ਬਾਰੇ ਕੀਤਾ ਵਿਚਾਰ ਵਟਾਂਦਰਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।