ਵਿਕਰਮਜੀਤ ਸਿੰਘ ਮਾਨ
ਚੰਡੀਗੜ੍ਹ, 2 ਸਤੰਬਰ-ਆਉਂਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹਾਈਕਮਾਨ ਵਲੋਂ ਪੰਜਾਬ ਕਾਂਗਰਸ ਨੂੰ ਤਿਆਰੀਆਂ ਖਿੱਚਣ ਲਈ ਹਦਾਇਤਾਂ ਦੇ ਦਿੱਤੀਆਂ ਗਈਆਂ ਹਨ। ਜਿਸ ਦੇ ਤਹਿਤ ਆਲ ਇੰਡੀਆ ਕਾਂਗਰਸ ਕਮੇਟੀ ਅਤੇ ਸੂਬਾਈ ਆਗੂਆਂ ਦਰਮਿਆਨ ਸਿੱਧੇ ਕਾਰਜਕਾਰੀ ਤਾਲਮੇਲ ਨੂੰ ਮਜ਼ਬੂਤ ਕਰਨ ਲਈ ਕੁੱਲ ਹਿੰਦ ਕਾਂਗਰਸ ਦੇ ਮੀਡੀਆ ਅਤੇ ਪ੍ਰਚਾਰ ਵਿਭਾਗ ਦੇ ਚੇਅਰਮੈਨ ਪਵਨ ਖੇੜਾ ਵਲੋਂ ਨਿਯੁਕਤ ਕਾਂਗਰਸ ਪਾਰਟੀ ਦੀ ਉੱਚ ਪੱਧਰੀ ਕੇਂਦਰੀ ਮੀਡੀਆ ਟੀਮ ਅੱਜ ਚੰਡੀਗੜ੍ਹ ਪਹੁੰਚੀ ਅਤੇ ਪੰਜਾਬ ਕਾਂਗਰਸ ਭਵਨ ਵਿਖੇ ਚੋਣਾਂ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ। ਕੇਂਦਰੀ ਟੀਮ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ ਅਹਿਮ ਰਣਨੀਤਕ ਮੀਟਿੰਗ ਕੀਤੀ।
ਜਿਸ ਵਿਚ ਜ਼ਮੀਨੀ ਪੱਧਰ ਦੀ ਯੋਜਨਾਬੰਦੀ ਨੂੰ ਸੁਚਾਰੂ ਬਣਾਉਣ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਰਾਜਾ ਵੜਿੰਗ ਨੇ ਚੰਡੀਗੜ੍ਹ ਪਹੁੰਚੀ ਕੇਂਦਰੀ ਟੀਮ ਦਾ ਨਿੱਘਾ ਸਵਾਗਤ ਕੀਤਾ ਅਤੇ ਸੂਬੇ ਦੇ ਹਰ ਵਿਧਾਨ ਸਭਾ ਹਲਕੇ ਵਿਚ ਪੂਰੀ ਤਰ੍ਹਾਂ ਨਾਲ ਸੰਗਠਨਾਤਮਕ ਅਤੇ ਜ਼ਮੀਨੀ ਪੱਧਰ ਦੀ ਸਹਾਇਤਾ ਯਕੀਨੀ ਬਣਾਉਣ ਦਾ ਭਰੋਸਾ ਦਿੱਤਾ। ਇਸ ਮਗਰੋਂ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕੇਂਦਰੀ ਕੋਆਰਡੀਨੇਟਰਾਂ ਨੇ ਦੱਸਿਆ ਕਿ ਪੰਜਾਬ ਦੇ 23 ਪ੍ਰਸ਼ਾਸਨਿਕ ਜ਼ਿਲ੍ਹਿਆਂ ਅਧੀਨ ਆਉਂਦੀਆਂ 29 ਸਿਆਸੀ ਜ਼ਿਲ੍ਹਾ ਕਮੇਟੀਆਂ ਨੂੰ ਰਣਨੀਤਕ ਤੌਰ ’ਤੇ ਟੀਮ ਦੇ ਮੈਂਬਰਾਂ ਵਿਚਕਾਰ ਤਿੰਨ ਮੁੱਖ ਜ਼ੋਨਾਂ ਵਿਚ ਵੰਡਿਆ ਗਿਆ ਹੈ।
ਇਸ ਵੰਡ ਅਨੁਸਾਰ ਵਿੰਗ ਕਮਾਂਡਰ ਅਨੁਮਾ ਆਚਾਰਿਆ ਨੂੰ ਮਾਝਾ ਖੇਤਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਈਸ਼ਾਨ ਤਿਆਗੀ ਦੋਆਬਾ ਜ਼ੋਨ ਦੀ ਦੇਖ-ਰੇਖ ਕਰਨਗੇ। 19 ਜ਼ਿਲ੍ਹਿਆਂ ਵਿਚ ਫੈਲੇ ਵਿਸ਼ਾਲ ਮਾਲਵਾ ਖੇਤਰ ਨੂੰ ਮਾਲਵਾ-1 ਅਤੇ ਮਾਲਵਾ-2 ਵਿਚ ਵੰਡਿਆ ਗਿਆ ਹੈ। ਮਾਲਵਾ-1 ਦੀ ਜ਼ਿੰਮੇਵਾਰੀ ਹਰਨਾਮ ਸਿੰਘ ਅਤੇ ਮਾਲਵਾ-2 ਦੀ ਜ਼ਿੰਮੇਵਾਰੀ ਵਿਕਰਮ ਲੋਹੀਆ ਨੂੰ ਦਿੱਤੀ ਗਈ ਹੈ। ਟੀਮ ਸਥਾਨਕ ਅਹੁਦੇਦਾਰਾਂ ਦੇ ਨਾਲ ਮਿਲ ਕੇ ਸੂਬੇ ਭਰ ਵਿਚ ਵਿਆਪਕ ਦੌਰੇ ਕਰੇਗੀ, ਤਾਂ ਜੋ ਬੂਥ ਪੱਧਰ ਤੱਕ ਸੰਦੇਸ਼ ਵਿਚ ਇਕਸਾਰਤਾ ਅਤੇ ਤਾਲਮੇਲ ਕਾਇਮ ਕੀਤਾ ਜਾ ਸਕੇ। ਵਿੰਗ ਕਮਾਂਡਰ ਅਨੁਮਾ ਆਚਾਰਿਆ ਨੇ ਪੰਜਾਬ ਦੇ ਮੀਡੀਆ ਨੂੰ ਅਪੀਲ ਕੀਤੀ ਕਿ ਅਸਲ ਮੁੱਦਿਆਂ ਅਤੇ ਸਹੀ ਤੱਥਾਂ ਨੂੰ ਸਿੱਧੇ ਲੋਕਾਂ ਤੱਕ ਪਹੁੰਚਾਉਣ ਲਈ ਰਚਨਾਤਮਿਕ ਸਹਿਯੋਗ ਦਿੱਤਾ ਜਾਵੇ।
ਰਾਹੁਲ ਗਾਂਧੀ ਵਲੋਂ ਦਿੱਤੇ ਸਿੱਧੇ ਨਿਰਦੇਸ਼ਾਂ ਬਾਰੇ ਦੱਸਦਿਆਂ ਕੋਆਰਡੀਨੇਟਰਾਂ ਨੇ ਕਿਹਾ ਕਿ ਪਾਰਟੀ ਦੀ ਮੀਡੀਆ ਰਣਨੀਤੀ ਹੁਣ ਰਵਾਇਤੀ ਮੁੱਖਧਾਰਾ ਮੀਡੀਆ ਤੋਂ ਅੱਗੇ ਵਧੇਗੀ। ਜ਼ਿਲ੍ਹਾ ਪੱਧਰੀ ਕੇਬਲ ਨੈੱਟਵਰਕਾਂ, ਖੇਤਰੀ ਡਿਜੀਟਲ ਪੱਤਰਕਾਰਾਂ ਅਤੇ ਸੁਤੰਤਰ ਯੂ-ਟਿਊਬ ਇਨਫਲੂਐਂਸਰਾਂ ਨੂੰ ਤਰਜੀਹ ਦਿੱਤੀ ਜਾਵੇਗੀ, ਤਾਂ ਜੋ ਲੋਕਾਂ ਨਾਲ ਜੁੜੇ ਮੁੱਦਿਆਂ ਨੂੰ ਵੱਧ ਤੋਂ ਵੱਧ ਪ੍ਰਭਾਵ ਨਾਲ ਉਠਾਇਆ ਜਾ ਸਕੇ। ਪਾਰਟੀ ਵਿਚ ਧੜੇਬੰਦੀ ਸੰਬੰਧੀ ਚੱਲ ਰਹੀਆਂ ਅਟਕਲਾਂ ਨੂੰ ਖ਼ਾਰਜ ਕਰਦਿਆਂ ਕੇਂਦਰੀ ਵਫ਼ਦ ਨੇ ਕਿਹਾ ਕਿ ਕਾਂਗਰਸ ਪਾਰਟੀ ਪੂਰੀ ਤਰ੍ਹਾਂ ਇਕਜੁੱਟ ਹੈ ਅਤੇ ਚੋਣਾਂ ਦੌਰਾਨ ਵੱਖ-ਵੱਖ ਵਿਚਾਰਾਂ ਦਾ ਸਾਹਮਣੇ ਆਉਣਾ ਇਕ ਸਰਗਰਮ ਅਤੇ ਸਿਹਤਮੰਦ ਲੋਕਤੰਤਰ ਦੀ ਕੁਦਰਤੀ ਨਿਸ਼ਾਨੀ ਹੈ। ਇਸ ਦੌਰਾਨ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਵੀ ਕਿਹਾ ਕਿ ਪਾਰਟੀ ਅੰਦਰ ਸਭ ਠੀਕ ਹੈ, ਕਾਂਗਰਸ ਇੱਕਜੁੱਟ ਹੈ ਅਤੇ ਅਗਲੀ ਸਰਕਾਰ ਪੰਜਾਬ ’ਚ ਕਾਂਗਰਸ ਦੀ ਹੀ ਬਣੇਗੀ।
ਇਸ ਮਾਮਲੇ ਵਿਚ ਕੇਂਦਰੀ ਟੀਮ ਨੇ ਕਿਹਾ ਕਿ ਸਾਡੀ ਪਾਰਟੀ ਵਿਚ ਧੜੇਬੰਦੀ ਬਿਲਕੁਲ ਨਹੀਂ ਹੈ। ਕਿਸੇ ਵੀ ਸਿਆਸੀ ਅੰਦੋਲਨ ਵਿਚ ਵੱਖ-ਵੱਖ ਵਿਚਾਰਾਂ ਅਤੇ ਟਿਕਟ ਦੇ ਕਈ ਦਾਅਵੇਦਾਰਾਂ ਦਾ ਹੋਣਾ ਪੂਰੀ ਤਰ੍ਹਾਂ ਕੁਦਰਤੀ ਅਤੇ ਲਾਜ਼ਮੀ ਹੈ। ਟਿਕਟਾਂ ਦੀ ਵੰਡ ਕਿਸੇ ਇਕ ਵਿਅਕਤੀ ਚਾਹੇ ਉਹ ਰਾਜਾ ਵੜਿੰਗ ਹੋਣ, ਚਰਨਜੀਤ ਸਿੰਘ ਚੰਨੀ ਹੋਣ ਜਾਂ ਪ੍ਰਤਾਪ ਸਿੰਘ ਬਾਜਵਾ ਦਾ ਇਕਤਰਫ਼ਾ ਫ਼ੈਸਲਾ ਨਹੀਂ ਹੁੰਦਾ। ਟਿਕਟਾਂ ਦਾ ਫ਼ੈਸਲਾ ਹਾਈ ਕਮਾਨ ਦੀ ਅਗਵਾਈ ਹੇਠ ਇਕ ਨਿਰਧਾਰਿਤ, ਪਾਰਦਰਸ਼ੀ ਅਤੇ ਯੋਗਤਾ-ਆਧਾਰਿਤ ਸੰਸਥਾਗਤ ਪ੍ਰਕਿਰਿਆ ਰਾਹੀਂ ਕੀਤਾ ਜਾਂਦਾ ਹੈ। ਜੇਕਰ ਕੋਈ ਮਤਭੇਦ ਪੈਦਾ ਹੁੰਦੇ ਹਨ ਤਾਂ ਸਾਡੀ ਪਾਰਟੀ ਕੋਲ ਉਨ੍ਹਾਂ ਨੂੰ ਅੰਦਰੂਨੀ ਤੌਰ ’ਤੇ ਹੱਲ ਕਰਨ ਦੀ ਪੂਰੀ ਸਮਰੱਥਾ ਅਤੇ ਲੋਕਤੰਤਰਿਕ ਤਾਕਤ ਹੈ। ਸਾਡੇ ਸਾਰੇ ਆਗੂ ਆਪਸੀ ਸਨਮਾਨ ਨਾਲ ਮਿਲ ਕੇ ਕੰਮ ਕਰ ਰਹੇ ਹਨ।
ਆਗੂਆਂ ਨੇ ਇਹ ਵੀ ਸਪਸ਼ਟ ਕੀਤਾ ਕਿ ਟਿਕਟਾਂ ਦੀ ਵੰਡ ਨਾਲ ਸੰਬੰਧਿਤ ਨੀਤੀ ਬਣਾਉਣ ਅਤੇ ਅੰਤਿਮ ਫ਼ੈਸਲੇ ਦਾ ਅਧਿਕਾਰ ਪਾਰਟੀ ਹਾਈ ਕਮਾਨ ਕੋਲ ਹੀ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਕਾਂਗਰਸੀ ਆਗੂਆਂ ਨੇ ਦੋਸ਼ ਲਾਇਆ ਕਿ ਸੂਬੇ ਦੇ ਸਕੂਲ, ਹਸਪਤਾਲ, ਬੁਨਿਆਦੀ ਢਾਂਚਾ, ਰੁਜ਼ਗਾਰ ਅਤੇ ਕਾਨੂੰਨ-ਵਿਵਸਥਾ ਦਾ ਤੰਤਰ ਬਦਹਾਲ ਹੋ ਰਿਹਾ ਹੈ। ਇਸ ਵਫ਼ਦ ਵਿਚ ਨੈਸ਼ਨਲ ਮੀਡੀਆ ਕੋਆਰਡੀਨੇਟਰ ਹਰੀ ਸ਼ੰਕਰ ਗੁਪਤਾ, ਕੋਆਰਡੀਨੇਟਰ ਵਿੰਗ ਕਮਾਂਡਰ ਅਨੁਮਾ ਆਚਾਰਿਆ, ਈਸ਼ਾਨ ਤਿਆਗੀ, ਹਰਨਾਮ ਸਿੰਘ ਅਤੇ ਵਿਕਰਮ ਲੋਹੀਆ ਤੋਂ ਇਲਾਵਾ ਪੰਜਾਬ ਕਾਂਗਰਸ ਦੇ ਮੁੱਖ ਬੁਲਾਰੇ ਅਰਸ਼ਪ੍ਰੀਤ ਖਡਿਆਲ ਸ਼ਾਮਿਲ ਸਨ।