ਨਵੀਂ ਦਿੱਲੀ, 2 ਸਤੰਬਰ (ਉਪਮਾ ਡਾਗਾ ਪਾਰਥ)-ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਭਾਰਤ ਦੀ ਰਾਸ਼ਟਰੀ ਸ਼ਾਹਰਾਹ ਅਥਾਰਿਟੀ (ਐਨ. ਐਚ. ਏ. ਆਈ.) ਦੇ ਵੱਖ-ਵੱਖ ਟੋਲ ਪਲਾਜ਼ਿਆਂ ’ਤੇ ਧੋਖਾਧੜੀ ਨਾਲ ਟੋਲ ਵਸੂਲੀ ਦੇ ਮਾਮਲੇ ’ਚ ਪੀ. ਐਮ. ਐਲ. ਏ. ਤਹਿਤ 7 ਰਾਜਾਂ ਦੇ 14 ਇਲਾਕਿਆਂ ’ਤੇ ਛਾਪੇਮਾਰੀ ਕੀਤੀ। ਪ੍ਰਾਪਤ ਜਾਣਕਾਰੀ ਮੁਤਾਬਿਕ ਈ. ਡੀ. ਦੀ ਇਹ ਕਾਰਵਾਈ ਉੱਤਰ ਪ੍ਰਦੇਸ਼, ਰਾਜਸਥਾਨ, ਮਹਾਰਾਸ਼ਟਰ, ਜੰਮੂ, ਮੱਧ ਪ੍ਰਦੇਸ਼, ਦਿੱਲੀ ਐਨ. ਸੀ. ਆਰ. ਅਤੇ ਕੋਲਕਾਤਾ ’ਚ ਕੀਤੀ ਗਈ। ਕੇਂਦਰੀ ਜਾਂਚ ਏਜੰਸੀ ਵਲੋਂ ਪੁਲਿਸ ਦੀਆਂ ਦੋ ਐਫ. ਆਈ. ਆਰ. ਦੇ ਆਧਾਰ ’ਤੇ ਪੀ. ਐਮ. ਐਲ. ਏ. ਤਹਿਤ ਕਾਰਵਾਈ ਕੀਤੀ ਗਈ। ਪ੍ਰਾਪਤ ਜਾਣਕਾਰੀ ਮੁਤਾਬਿਕ ਐਨ. ਐਚ. ਏ. ਆਈ. ਦੇ ਵੱਖ-ਵੱਖ ਟੋਲ ਪਲਾਜ਼ਿਆਂ ’ਤੇ ਕਥਿਤ ਤੌਰ ’ਤੇ ਕੁਝ ਗੈਰ ਅਧਿਕਾਰਤ ਸਾਫਟਵੇਅਰ ਦੀ ਵਰਤੋਂ ਕੀਤੀ ਜਾ ਰਹੀ ਸੀ।
ਇਸ ਸਾਫਟਵੇਅਰ ਦੀ ਮਦਦ ਨਾਲ ਅਸਲੀ ਟੋਲ ਰਸੀਦਾਂ ਦੀ ਥਾਂ ’ਤੇ ਫਰਜ਼ੀ ਰਸੀਦਾਂ ਤਿਆਰ ਕੀਤੀਆਂ ਜਾਂਦੀਆਂ ਸਨ ਅਤੇ ਟੋਲ ਤੋਂ ਮਿਲਣ ਵਾਲੀ ਰਕਮ ਦਾ ਕੁਝ ਹਿੱਸਾ ਸਰਕਾਰੀ ਹਿਸਾਬ-ਕਿਤਾਬ ’ਚ ਦਰਜ ਹੋਣ ਤੋਂ ਪਹਿਲਾਂ ਦੂਜੀ ਥਾਂ ’ਤੇ ਭੇਜ ਦਿੱਤਾ ਜਾਂਦਾ ਸੀ। ਈ. ਡੀ. ਮੁਤਾਬਿਕ ਫੋਰੈਸਿਕ ਜਾਂਚ ਅਤੇ ਐਨ. ਐਚ. ਆਈ. ਏ. ਦੇ ਰਿਕਾਰਡ ਤੋਂ ਵੀ ਅਜਿਹੇ ਸਾਫਟਵੇਅਰ ਦੀ ਵਰਤੋਂ ਹੋਈ ਹੈ, ਜਿਸ ਆਧਾਰ ’ਤੇ ਜਾਂਚ ਨੂੰ ਅੱਗੇ ਵਧਾਉਂਦਿਆਂ ਵੱਖ-ਵੱਥ ਥਾਵਾਂ ’ਤੇ ਛਾਪੇਮਾਰੀ ਕੀਤੀ ਗਈ।