ਉਪਮਾ ਡਾਗਾ ਪਾਰਥ
ਨਵੀਂ ਦਿੱਲੀ, 9 ਸਤੰਬਰ- ਪੰਜਾਬ ਦੇ ਸੰਗਰੂਰ ’ਚ ਗੁਲਜ਼ਾਰ ਸਿੰਘ ਦੀ ਮੌਤ ਨੂੰ ਲੈ ਕੇ ਰਾਹੁਲ ਗਾਂਧੀ ਨੇ ‘ਆਪ’ ਸਰਕਾਰ ਦੇ ਪ੍ਰਸ਼ਾਸਨ ਨੂੰ ਲੈ ਕੇ ਗੰਭੀਰ ਸਵਾਲ ਚੁੱਕਦਿਆਂ ਕਿਹਾ ਕਿ ਪੰਜਾਬ ’ਚ ਸਰਕਾਰੀ ਨਾਕਾਮੀ ’ਤੇ ਸਵਾਲ ਕਰੋਗੇ, ਤਾਂ ਜਵਾਬ ਧਮਕੀ ਅਤੇ ਤਸ਼ੱਦਦ ਨਾਲ ਮਿਲੇਗਾ। ਰਾਹੁਲ ਗਾਂਧੀ ਨੇ ਮਾਮਲੇ ਨੂੰ ਲੈ ਕੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਅਸਤੀਫ਼ੇ ਦੀ ਮੰਗ ਕੀਤੀ। ਗੁਲਜ਼ਾਰ ਸਿੰਘ ਦੀ ਮੌਤ ਨੂੰ ਲੈ ਕੇ ਘਿਰੀ ‘ਆਪ’ ਸਰਕਾਰ ਰਾਹੁਲ ਗਾਂਧੀ ’ਤੇ ਜਵਾਬੀ ਹਮਲਾ ਕਰਦਿਆਂ ਲਾਸ਼ਾਂ ’ਤੇ ਸਿਆਸਤ ਨਾ ਕਰਨ ਦੀ ਅਪੀਲ ਕੀਤੀ।
ਰਾਹੁਲ ਗਾਂਧੀ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਘਟਨਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਆਪਣੇ ਬੇਟੇ ਨੂੰ ਨਸ਼ੇ ਦਾ ਸ਼ਿਕਾਰ ਬਣਦਿਆਂ ਦੇਖਣ ਵਾਲੇ, ਦਲਿਤ ਭਾਈਚਾਰੇ ਨਾਲ ਸੰਬੰਧਿਤ ਗੁਲਜ਼ਾਰ ਸਿੰਘ ਨੇ ਵਿੱਤ ਮੰਤਰੀ ਤੋਂ ਸਿਰਫ਼ ਐਨਾ ਹੀ ਪੁੱਛਿਆ ਸੀ ਕਿ ਸਰਕਾਰ ਨਸ਼ੇ ਦਾ ਕਾਰੋਬਾਰ ਰੋਕਣ ’ਚ ਇੰਨੀ ਬੁਰੀ ਤਰ੍ਹਾਂ ਨਾਕਾਮ ਕਿਉਂ ਹੈ। ਰਾਹੁਲ ਗਾਂਧੀ ਨੇ ਲੰਮੇ ਸੰਦੇਸ਼ ’ਚ ਅੱਗੇ ਕਿਹਾ ਕਿ ਸਿਰਫ਼ ਇਸ ਗੱਲ ’ਤੇ ਉਸ ’ਤੇ ਇੰਨਾ ਜ਼ਬਰ ਕੀਤਾ ਗਿਆ, ਅਪਮਾਨਿਤ ਕੀਤਾ ਗਿਆ ਅਤੇ ਮੁਆਫ਼ੀ ਮੰਗਣ ਲਈ ਐਨਾ ਦਬਾਅ ਬਣਾਇਆ ਗਿਆ ਕਿ ਉਸ ਨੇ ਜ਼ਹਿਰ ਖਾ ਲਿਆ। ਇਕ ਹਸਪਤਾਲ ਤੋਂ ਦੂਜੇ ਹਸਪਤਾਲ ’ਚ ਭਟਕਦਿਆਂ ਅਤੇ ਇਲਾਜ ਦੀ ਘਾਟ ’ਚ ਆਖਿਰਕਾਰ ਉਹ ਜ਼ਿੰਦਗੀ ਦੀ ਜੰਗ ਹਾਰ ਗਿਆ।
ਕਾਂਗਰਸੀ ਨੇਤਾ ਨੇ ਮੋਹਨਜੀਤ ਸਿੰਘ ਨਾਲ ਵਾਪਰੀ ਘਟਨਾ ਵੀ ਸਾਂਝੀ ਕਰਦਿਆਂ ਕਿਹਾ ਕਿ ਉਨ੍ਹਾਂ ਪਿਛਲੇ ਹਫ਼ਤੇ ਇਕ ਨੌਜਵਾਨ ਮੋਹਨਜੀਤ ਸਿੰਘ ਨਾਲ ਵੀ ਗੱਲ ਕੀਤੀ, ਜਿਨ੍ਹਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਖ਼ਿਲਾਫ਼ ਪ੍ਰਦਰਸ਼ਨ ਕਰਨ ’ਤੇ ਤਸੀਹੇ ਦਿੱਤੇ ਗਏ। ਰਾਹੁਲ ਗਾਂਧੀ ਨੇ ‘ਆਪ’ ਸਰਕਾਰ ਤੋਂ ਜਵਾਬਦੇਹੀ ਦੀ ਮੰਗ ਕਰਦਿਆਂ ਮੁੱਖ ਮੰਤਰੀ ਨੂੰ ਵਿੱਤ ਮੰਤਰੀ ਚੀਮਾ ਦਾ ਅਸਤੀਫ਼ਾ ਲੈਣ ਅਤੇ ਐਫ.ਆਈ.ਆਰ. ’ਚ ਉਨ੍ਹਾਂ (ਚੀਮਾ) ਦਾ ਨਾਂਅ ਦਰਜ ਕਰਵਾਉਣ ਦੀ ਮੰਗ ਕੀਤੀ।
ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਰਾਹੁਲ ਗਾਂਧੀ ਦੇ ਦੋਸ਼ਾਂ ਨੂੰ ਖਾਰਜ ਕਰਦਿਆਂ ਕਿਹਾ ਕਿ ਪੰਜਾਬ ’ਚ ਨਸ਼ਾ ਲਿਆਉਣ ਲਈ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਸਰਕਾਰਾਂ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨਸ਼ੇ ਦੇ ਖ਼ਿਲਾਫ਼ ਫ਼ੈਸਲਾਕੁੰਨ ਜੰਗ ਲੜ ਰਹੀ ਹੈ ਅਤੇ ਦਾਅਵਾ ਕੀਤਾ ਕਿ ਪਹਿਲੀ ਵਾਰ ਦੇਸ਼ ’ਚ ਕੋਈ ਰਾਜ ਨਸ਼ਿਆਂ ਖ਼ਿਲਾਫ਼ ਅਜਿਹੀ ਮੁਹਿੰਮ ਚਲਾ ਰਿਹਾ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਰਾਹੁਲ ਗਾਂਧੀ ’ਤੇ ਪਲਟਵਾਰ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕ ‘ਲਾਸ਼ਾਂ ’ਤੇ ਗੰਦੀ ਸਿਆਸਤ’ ਪਸੰਦ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਪੁਲਿਸ ਨੇ ਮਾਮਲੇ ’ਚ ਕਾਰਵਾਈ ਕੀਤੀ ਹੈ ਅਤੇ ਦੋਸ਼ੀਆਂ ਨੂੰ ਗ੍ਰਿ੍ਫ਼ਤਾਰ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਗੁਲਜ਼ਾਰ ਸਿੰਘ ਦੀ ਮੌਤ ਦੇ ਮਾਮਲੇ ’ਚ ਅਨੁਸੂਚਿਤ ਜਾਤੀ ਕਮਿਸ਼ਨ ਨੇ ਵੀ ਪੰਜਾਬ ਸਰਕਾਰ ਤੋਂ ਰਿਪੋਰਟ ਮੰਗੀ ਹੈ। ਕਮਿਸ਼ਨ ਦੇ ਚੇਅਰਪਰਸਨ ਇਸ ਮਾਮਲੇ ’ਚ 10 ਸਤੰਬਰ ਨੂੰ ਸੰਗਰੂਰ ਦਾ ਦੌਰਾ ਵੀ ਕਰਨਗੇ।