12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਬਿਜਲੀ ਦੀ ਮੰਗ 16,619 ਮੈਗਾਵਾਟ ਦੇ ਰਿਕਾਰਡ ਪੱਧਰ ’ਤੇ ਪੁੱਜੀ

ਧਰਮਿੰਦਰ ਸਿੰਘ ਸਿੱਧੂ ਪਟਿਆਲਾ, 11 ਸਤੰਬਰ -ਬਿਜਲੀ ਨਿਗਮ ਵੱਲੋਂ ਸੂਬੇ ’ਚ ਬਿਨਾਂ ਬਿਜਲੀ ਕੱਟਾਂ ਦੇ ਨਿਰਵਿਘਨ ਬਿਜਲੀ ਸਪਲਾਈ ਮੁਹੱਈਆ ਕਰਵਾਉਣ ਲਈ ਪੂਰੀ ਜ਼ੋਰ-ਅਜ਼ਮਾਇਸ਼ ਕੀਤੀ ਜਾ ਰਹੀ ਹੈ, ਪਰ ਇਸ ਦੇ ਬਾਵਜੂਦ ਸੂਬੇ ਦੇ ਸਰਕਾਰੀ ਜਾਂ ਨਿੱਜੀ ਥਰਮਲ ਪਲਾਂਟਾਂ ’ਚ ਆਉਂਦੀ ਕਿਸੇ ..

ਅਜੀਤ ਡੈਸਕ 12-09-2026

ਧਰਮਿੰਦਰ ਸਿੰਘ ਸਿੱਧੂ
ਪਟਿਆਲਾ, 11 ਸਤੰਬਰ -ਬਿਜਲੀ ਨਿਗਮ ਵੱਲੋਂ ਸੂਬੇ ’ਚ ਬਿਨਾਂ ਬਿਜਲੀ ਕੱਟਾਂ ਦੇ ਨਿਰਵਿਘਨ ਬਿਜਲੀ ਸਪਲਾਈ ਮੁਹੱਈਆ ਕਰਵਾਉਣ ਲਈ ਪੂਰੀ ਜ਼ੋਰ-ਅਜ਼ਮਾਇਸ਼ ਕੀਤੀ ਜਾ ਰਹੀ ਹੈ, ਪਰ ਇਸ ਦੇ ਬਾਵਜੂਦ ਸੂਬੇ ਦੇ ਸਰਕਾਰੀ ਜਾਂ ਨਿੱਜੀ ਥਰਮਲ ਪਲਾਂਟਾਂ ’ਚ ਆਉਂਦੀ ਕਿਸੇ ਨਾ ਕਿਸੇ ਤਕਨੀਕੀ ਖ਼ਰਾਬੀ ਕਾਰਨ ਬਿਜਲੀ ਉਤਪਾਦਨ ਪ੍ਰਭਾਵਿਤ ਹੋ ਰਿਹਾ ਹੈ। ਇਸ ਕਾਰਨ ਬਿਜਲੀ ਨਿਗਮ ਨੂੰ ਸਪਲਾਈ ਨਿਰੰਤਰ ਬਣਾਈ ਰੱਖਣ ਲਈ ਕਿਤੇ ਨਾ ਕਿਤੇ ਬਿਜਲੀ ਕੱਟਾਂ ਦਾ ਸਹਾਰਾ ਲੈਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਇਹੋ ਕਾਰਨ ਹੈ ਕਿ ਸੂਬੇ ਦੇ ਕੁੱਝ ਖੇਤਰਾਂ ’ਚ ਬਿਜਲੀ ਕੱਟਾਂ ਦਾ ਲੋਕਾਂ ਤੇ ਉਦਯੋਗਿਕ ਖੇਤਰ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ।

ਇਕ ਪਾਸੇ ਸੂਬੇ ਦੀ ਬਿਜਲੀ ਦੀ ਮੰਗ ਸਤੰਬਰ ਮਹੀਨੇ ’ਚ ਵੀ ਰਿਕਾਰਡ ਤੋੜ ਵਧ ਰਹੀ ਹੈ ਉੱਥੇ ਹੀ ਇਸ ਸਮੇਂ ਨਿੱਜੀ ਰਾਜਪੁਰਾ ਥਰਮਲ ਪਲਾਂਟ ਦੇ 1 ਯੂਨਿਟ ’ਚ ਤਕਨੀਕੀ ਖ਼ਰਾਬੀ ਤੇ ਤਲਵੰਡੀ ਸਾਬੋ ਥਰਮਲ ਪਲਾਂਟ ਦੇ 1 ਯੂਨਿਟ ਦਾ ਬੋਆਇਲਰ ਲੀਕ ਹੋਣ, ਸਮੇਤ ਰੋਪੜ ਥਰਮਲ ਪਲਾਂਟ ਦਾ 1 ਯੂਨਿਟ ਬੰਦ ਰਹਿਣ ਕਾਰਨ ਬਿਜਲੀ ਨਿਗਮ ਵਲੋਂ ਬਿਜਲੀ ਦੇ ਕੱਟ ਜਿਉਂ ਦੇ ਤਿਉਂ ਲਗਾਏ ਜਾਣ ਦੀ ਸੰਭਾਵਨਾ ਬਰਕਰਾਰ ਹੈ। ਮਿਲੀ ਜਾਣਕਾਰੀ ਅਨੁਸਾਰ ਇਸ ਸਮੇਂ ਬਿਜਲੀ ਨਿਗਮ ਨੂੰ ਸਰਕਾਰੀ ਥਰਮਲ ਪਲਾਂਟਾਂ ’ਚੋਂ ਰੋਪੜ, ਲਹਿਰਾ ਮੁਹੱਬਤ ਤੇ ਗੋਇੰਦਵਾਲ ਸਾਹਿਬ ਦੀਆਂ ਕੁੱਲ 10 ਯੂਨਿਟਾਂ ’ਚੋਂ 9 ਯੂਨਿਟਾਂ ਤੋਂ ਲਗਭਗ 1663 ਮੈਗਾਵਾਟ ਬਿਜਲੀ ਸਪਲਾਈ ਮਿਲ ਰਹੀ ਹੈ।

ਜਦੋਂ ਕਿ ਨਿੱਜੀ ਥਰਮਲ ਪਲਾਂਟਾਂ ਵਿਚ ਰਾਜਪੁਰਾ ਤੇ ਤਲਵੰਡੀ ਸਾਬੋ ਦੀਆਂ ਦੀਆਂ 1-1 ਯੂਨਿਟ ’ਚ ਖ਼ਰਾਬੀ ਆਉਣ ਕਾਰਨ ਜਿੱਥੇ ਬਿਜਲੀ ਦੀ ਸਪਲਾਈ ਪ੍ਰਭਾਵਿਤ ਹੋ ਰਹੀ ਹੈ ਉੱਥੇ ਹੀ ਇਨ੍ਹਾਂ ਦੋਨਾਂ ਥਰਮਲ ਪਲਾਂਟਾਂ ਤੋਂ ਬਿਜਲੀ ਨਿਗਮ ਨੂੰ ਕੇਵਲ 1844 ਮੈਗਾਵਾਟ ਬਿਜਲੀ ਪ੍ਰਾਪਤ ਹੋ ਰਹੀ ਹੈ। ਸੂਤਰਾਂ ਅਨੁਸਾਰ ਰਾਜਪੁਰਾ ਦੇ ਥਰਮਲ ਪਲਾਂਟ ਦੀ 1 ਯੂਨਿਟ ਅੱਜ ਦੇਰ ਰਾਤ ਠੀਕ ਹੋਣ ਦੀ ਉਮੀਦ ਹੈ ਕਿਉਂਕਿ ਇਸ ਵਿਚ ਤਕਨੀਕੀ ਨੁਕਸ ਆਇਆ ਹੈ ਜਦੋਂ ਕਿ ਤਲਵੰਡੀ ਸਾਬੋ ਦੀ 1 ਯੂਨਿਟ ’ਚ ਬਹੁਤੀ ਵਾਰ ਦੀ ਤਰ੍ਹਾਂ ਬੋਆਇਲਰ ਲੀਕੇਜ ਹੋਣ ਕਾਰਨ ਇਹ ਯੂਨਿਟ ਲਗਭਗ 13 ਸਤੰਬਰ ਦੀ ਰਾਤ ਤਕ ਠੀਕ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਅੱਜ ਦੇ ਦਿਨ ਇਸ ਮਹੀਨੇ ਦੀ ਸਭ ਤੋਂ ਵੱਧ ਬਿਜਲੀ ਦੀ ਮੰਗ 16619 ਮੈਗਾਵਾਟ ਵੇਖੀ ਗਈ, ਜੋ ਕਿ ਲੰਘੇ ਸਾਲ ਨਾਲੋਂ ਵੀ ਲਗਭਗ 200 ਮੈਗਾਵਾਟ ਜ਼ਿਆਦਾ ਹੈ। ਬਿਜਲੀ ਸਪਲਾਈ ਦੀ ਗੱਲ ਕੀਤੀ ਜਾਵੇ ਤਾਂ ਜਿੱਥੇ ਲੰਘੀ ਦਿਨੀਂ ਥਰਮਲ ਪਲਾਂਟਾਂ ਦੇ ਕਾਮਿਆਂ ਦੀ ਹੜਤਾਲ ਕਾਰਨ ਸੂਬੇ ਦੀ ਬਿਜਲੀ ਵਿਵਸਥਾ ਪ੍ਰਭਾਵਿਤ ਹੋਈ ਉੱਥੇ ਹੀ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਹੈ ਕਿ ਲਹਿਰਾ ਮੁਹੱਬਤ ਥਰਮਲ ਪਲਾਂਟ ਦੇ ਸਾਰੇ ਯੂਨਿਟ ਬੰਦ ਹੋਏ ਹੋਣ। 

ਥਰਮਲ ਪਲਾਂਟਾਂ ਕੋਲ ਕੋਲੇ ਦੀ ਕਿੱਲਤ
ਜਿੱਥੇ ਮੀਂਹ ਕਾਰਨ ਕੋਲਾ ਖਾਣਾਂ ’ਚ ਪਾਣੀ ਭਰਨ ਤੇ ਕੋਲਾ ਕੱਢਣ ’ਚ ਮੁਸ਼ਕਿਲ ਆਉਣ ਦੀ ਗੱਲ ਆਖੀ ਜਾ ਰਹੀ ਹੈ, ਉੱਥੇ ਇਸ ਸਮੇਂ ਨਿੱਜੀ ਥਰਮਲ ਪਲਾਂਟਾਂ ’ਚ ਕੋਲੇ ਦੀ ਕਿੱਲਤ ਵੀ ਸਾਫ਼ ਨਜ਼ਰ ਆ ਰਹੀ ਹੈ। ਹਾਲਾਂਕਿ ਰਾਜਪੁਰਾ ਥਰਮਲ ਪਲਾਂਟ ਕੋਲ ਬੀਤੇ ਦਿਨ 27 ਹਜ਼ਾਰ ਮੀਟ੍ਰਿਕ ਟਨ ਤੇ ਤਲਵੰਡੀ ਸਾਬੋ ਥਰਮਲ ਪਲਾਂਟ ਕੋਲ 21 ਹਜ਼ਾਰ ਮੀਟਰਿਕ ਟਨ ਕੋਲਾ ਪਹੁੰਚਿਆ ਹੈ, ਪਰ ਇਸ ਮਾਤਰਾ ਨੂੰ ਸ਼ਾਮਲ ਕਰਨ ਦੇ ਬਾਵਜੂਦ ਰਾਜਪੁਰਾ ਥਰਮਲ ਪਲਾਂਟ ਕੋਲ ਸਿਰਫ਼ 7 ਦਿਨਾਂ ਦਾ, ਜਦਕਿ ਤਲਵੰਡੀ ਸਾਬੋ ਥਰਮਲ ਪਲਾਂਟ ਕੋਲ ਕੇਵਲ 4 ਦਿਨਾਂ ਦਾ ਕੋਲਾ ਹੀ ਬਾਕੀ ਰਹਿ ਗਿਆ ਹੈ। ਇਸ ਦੇ ਉਲਟ ਸਰਕਾਰੀ ਥਰਮਲ ਪਲਾਂਟਾਂ ਲਹਿਰਾ ਮੁਹੱਬਤ ਕੋਲ 11 ਦਿਨ, ਰੋਪੜ ਕੋਲ 29 ਦਿਨ ਅਤੇ ਗੋਇੰਦਵਾਲ ਸਾਹਿਬ ਕੋਲ 18 ਦਿਨ ਦਾ ਕੋਲਾ ਬਾਕੀ ਹੈ। ਰੋਪੜ ਅਤੇ ਗੋਇੰਦਵਾਲ ਸਾਹਿਬ ਥਰਮਲ ਪਲਾਂਟਾਂ ਕੋਲ ਕੱਲ੍ਹ ਵੀ ਲਗਭਗ 4-4 ਹਜ਼ਾਰ ਮੀਟ੍ਰਿਕ ਟਨ ਕੋਲਾ ਆਇਆ ਹੈ।
ਪਿਛਲੀ ਖ਼ਬਰ ਸਨਅਤਾਂ ’ਤੇ 10 ਘੰਟੇ ਦਾ ਬਿਜਲੀ ਕੱਟ ਲਾਗੂ ਅਗਲੀ ਖ਼ਬਰ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਵਿਖੇ ਮੁਫ਼ਤ ਮੈਡੀਕਲ ਜਾਂਚ ਕੈਂਪ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।