04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਕੀ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਪਰਗਟ ਸਿੰਘ 2027 ’ਚ ਲਾ ਸਕਣਗੇ ਪੰਜਾਬ ਕਾਂਗਰਸ ਦਾ ਬੇੜਾ ਪਾਰ ਧੜਿਆਂ ’ਚ ਵੰਡੀ ਪੰਜਾਬ ਕਾਂਗਰਸ ਨੂੰ ਇਕਜੁੱਟ ਕਰਨਾ ਹੋਵੇਗੀ ਵੱਡੀ ਚੁਣੌਤੀ

ਵਿਕਰਮਜੀਤ ਸਿੰਘ ਮਾਨ ਚੰਡੀਗੜ੍ਹ, 3 ਅਕਤੂਬਰ-ਪੰਜਾਬ ਕਾਂਗਰਸ ਦੀ ਕਮਾਨ ਹੁਣ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਹੱਥੋਂ ਨਿਕਲ ਕੇ ਜਲੰਧਰ ਕੈਂਟ ਤੋਂ ਵਿਧਾਇਕ ਅਤੇ ਸਾਬਕਾ ਭਾਰਤੀ ਹਾਕੀ ਕਪਤਾਨ ਪਰਗਟ ਸਿੰਘ ਦੇ ਹੱਥ ਆ ਗਈ ਹੈ। ਕਾਂਗਰਸ ਹਾਈਕਮਾਨ ਵਲੋਂ 2 ਅਕਤੂਬਰ ਨੂੰ ਪਰਗਟ ...

ਅਜੀਤ ਡੈਸਕ 04-10-2026

ਵਿਕਰਮਜੀਤ ਸਿੰਘ ਮਾਨ
ਚੰਡੀਗੜ੍ਹ, 3 ਅਕਤੂਬਰ-ਪੰਜਾਬ ਕਾਂਗਰਸ ਦੀ ਕਮਾਨ ਹੁਣ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਹੱਥੋਂ ਨਿਕਲ ਕੇ ਜਲੰਧਰ ਕੈਂਟ ਤੋਂ ਵਿਧਾਇਕ ਅਤੇ ਸਾਬਕਾ ਭਾਰਤੀ ਹਾਕੀ ਕਪਤਾਨ ਪਰਗਟ ਸਿੰਘ ਦੇ ਹੱਥ ਆ ਗਈ ਹੈ। ਕਾਂਗਰਸ ਹਾਈਕਮਾਨ ਵਲੋਂ 2 ਅਕਤੂਬਰ ਨੂੰ ਪਰਗਟ ਸਿੰਘ ਨੂੰ ਪੰਜਾਬ ਕਾਂਗਰਸ ਕਮੇਟੀ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪਾਰਟੀ ਨੇ ਸਪੱਸ਼ਟ ਕੀਤਾ ਹੈ ਕਿ ਚੋਣਾਂ ਨਾਲ ਸੰਬੰਧਿਤ ਪਹਿਲਾਂ ਬਣਾਈਆਂ ਗਈਆਂ ਵੱਖ-ਵੱਖ ਕਮੇਟੀਆਂ ਦੇ ਵਰਕਿੰਗ ਪ੍ਰਧਾਨਾਂ, ਚੇਅਰਪਰਸਨਾਂ ਅਤੇ ਕੋ-ਚੇਅਰਪਰਸਨਾਂ ਦੀਆਂ ਜ਼ਿੰਮੇਵਾਰੀਆਂ ਫ਼ਿਲਹਾਲ ਪਹਿਲਾਂ ਵਾਂਗ ਹੀ ਜਾਰੀ ਰਹਿਣਗੀਆਂ। ਇਸ ਤਰ੍ਹਾਂ ਪਰਗਟ ਸਿੰਘ ਦੀ ਤਾਜਪੋਸ਼ੀ ਸਿਰਫ਼ ਪੰਜਾਬ ਕਾਂਗਰਸ ਦੇ ਪ੍ਰਧਾਨ ਦੀ ਤਬਦੀਲੀ ਨਹੀਂ, ਸਗੋਂ ਅਗਲੇ ਵਿਧਾਨ ਸਭਾ ਚੋਣ ਚੱਕਰ ਤੋਂ ਪਹਿਲਾਂ ਪਾਰਟੀ ਦੇ ਅੰਦਰੂਨੀ ਸਿਆਸੀ ਸੰਤੁਲਨ ਦੀ ਇਕ ਨਵੀਂ ਪਰਖ ਵਜੋਂ ਵੀ ਦੇਖੀ ਜਾ ਰਹੀ ਹੈ। ਪਿਛਲੇ ਸਮੇਂ ਦੌਰਾਨ ਪੰਜਾਬ ਕਾਂਗਰਸ ਵਿਚ ਵੱਖ-ਵੱਖ ਆਗੂਆਂ ਦੇ ਧੜਿਆਂ, ਆਪਸੀ ਖਿੱਚੋਤਾਣ ਤੇ ਲੀਡਰਸ਼ਿਪ ਨੂੰ ਲੈ ਕੇ ਚੱਲੀ ਚਰਚਾ ਨੇ ਸੰਗਠਨ ਨੂੰ ਕਈ ਵਾਰ ਅੰਦਰੂਨੀ ਚੁਣੌਤੀਆਂ ਦੇ ਸਾਹਮਣੇ ਖੜ੍ਹਾ ਕੀਤਾ ਹੈ। ਮੌਜੂਦਾ ਰਿਪੋਰਟਾਂ ਵਿਚ ਵੀ ਪਾਰਟੀ ਅੰਦਰ ਧੜੇਬੰਦੀ ਨੂੰ ਨਵੇਂ ਪ੍ਰਧਾਨ ਲਈ ਮੁੱਖ ਚੁਣੌਤੀਆਂ ਵਿਚੋਂ ਇਕ ਦੱਸਿਆ ਗਿਆ ਹੈ। ਪਰਗਟ ਸਿੰਘ ਲਈ ਸਭ ਤੋਂ ਪਹਿਲਾ ਤੇ ਅਹਿਮ ਕੰਮ ਇਹ ਹੋਵੇਗਾ ਕਿ ਉਹ ਪਾਰਟੀ ਦੇ ਵੱਖ-ਵੱਖ ਖੇਮਿਆਂ ਤੇ ਸੀਨੀਅਰ ਆਗੂਆਂ ਵਿਚਕਾਰ ਤਾਲਮੇਲ ਕਿਵੇਂ ਕਾਇਮ ਕਰਦੇ ਹਨ। ਕਾਂਗਰਸ ਹਾਈਕਮਾਨ ਵਲੋਂ ਉਨ੍ਹਾਂ ਦੀ ਚੋਣ ਅਜਿਹੇ ਸਮੇਂ ਕੀਤੀ ਗਈ ਹੈ ਜਦੋਂ 2027 ਦੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਲਈ ਪਾਰਟੀ ਨੂੰ ਜ਼ਮੀਨੀ ਪੱਧਰ ’ਤੇ ਸੰਗਠਨ ਮਜ਼ਬੂਤ ਕਰਨ ਦੀ ਲੋੜ ਹੈ। ਰਿਪੋਰਟਾਂ ਮੁਤਾਬਿਕ ਪਰਗਟ ਸਿੰਘ ਨੂੰ ਪਾਰਟੀ ਅੰਦਰ ਇਕ ਪ੍ਰਵਾਨਿਤ ਤੇ ਤੁਲਨਾਤਮਿਕ ਤੌਰ ’ਤੇ ਗੈਰ-ਵਿਵਾਦਤ ਚਿਹਰੇ ਵਜੋਂ ਦੇਖਿਆ ਜਾ ਰਿਹਾ ਹੈ, ਪਰ ਸਿਆਸੀ ਗਲਿਆਰਿਆਂ ਵਿਚ ਇਸ ਗੱਲ ਦੀ ਚਰਚਾ ਜ਼ੋਰਾਂ ’ਤੇ ਹੋਣ ਲੱਗੀ ਕਿ ਕੀ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਪਰਗਟ ਸਿੰਘ 2027 ਦੀਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਦਾ ਬੇੜਾ ਪਾਰ ਲਾ ਸਕਣਗੇ। ਕਿਉਂਕਿ ਪ੍ਰਧਾਨਗੀ ਦੀ ਕੁਰਸੀ ਸੰਭਾਲਣ ਤੋਂ ਬਾਅਦ ਪਰਗਟ ਸਿੰਘ ਲਈ ਅਸਲ ਚੁਣੌਤੀ ਸਿਰਫ਼ ਸੰਗਠਨ ਦੀਆਂ ਮੀਟਿੰਗਾਂ ਕਰਵਾਉਣ ਤੱਕ ਸੀਮਤ ਨਹੀਂ ਰਹੇਗੀ। ਉਨ੍ਹਾਂ ਨੂੰ ਇਹ ਤੈਅ ਕਰਨਾ ਪਵੇਗਾ ਕਿ ਪਾਰਟੀ ਦੇ ਸੀਨੀਅਰ ਆਗੂਆਂ, ਵਿਧਾਇਕਾਂ, ਸਾਬਕਾ ਮੰਤਰੀਆਂ ਅਤੇ ਜ਼ਮੀਨੀ ਪੱਧਰ ਦੇ ਵਰਕਰਾਂ ਵਿਚਕਾਰ ਤਾਲਮੇਲ ਦੀ ਨਵੀਂ ਵਿਵਸਥਾ ਕਿਵੇਂ ਬਣਾਈ ਜਾਵੇ। ਖ਼ਾਸ ਕਰਕੇ ਉਹ ਆਗੂ ਜਿਨ੍ਹਾਂ ਦੇ ਆਪਣੇ-ਆਪਣੇ ਸਿਆਸੀ ਪ੍ਰਭਾਵ ਖੇਤਰ ਹਨ, ਉਨ੍ਹਾਂ ਨੂੰ ਇਕ ਸਾਂਝੀ ਚੋਣ ਰਣਨੀਤੀ ਹੇਠ ਲਿਆਉਣਾ ਪ੍ਰਧਾਨ ਦੀ ਕਾਰਗੁਜ਼ਾਰੀ ਦਾ ਇਕ ਮਹੱਤਵਪੂਰਨ ਹਿੱਸਾ ਹੋਵੇਗਾ। ਇਸ ਪੂਰੇ ਘਟਨਾਕ੍ਰਮ ਦਾ ਇਕ ਹੋਰ ਅਹਿਮ ਪੱਖ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਭੂਮਿਕਾ ਹੈ ਜੋ ਇਸ ਖ਼ਾਨਾ-ਜੰਗੀ ਵਿਚਾਲੇ ਪੰਜਾਬ ਕਾਂਗਰਸ ਪ੍ਰਧਾਨ ਦੇ ਸਭ ਤੋਂ ਵੱਡੇ ਦਾਅਵੇਦਾਰ ਮੰਨੇ ਜਾਂਦੇ ਰਹੇ ਹਨ। ਜੁਲਾਈ 2026 ਵਿਚ ਕਾਂਗਰਸ ਹਾਈਕਮਾਨ ਨੇ ਚੰਨੀ ਨੂੰ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਕਮੇਟੀ ਦਾ ਚੇਅਰਮੈਨ ਬਣਾਇਆ ਸੀ। ਇਸ ਕਮੇਟੀ ਵਿਚ ਸੁਖਪਾਲ ਸਿੰਘ ਖਹਿਰਾ, ਰਾਣਾ ਗੁਰਜੀਤ ਸਿੰਘ ਅਤੇ ਡਾ. ਧਰਮਵੀਰ ਗਾਂਧੀ ਨੂੰ ਕੋ-ਚੇਅਰਪਰਸਨ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ, ਪਰ ਚੰਨੀ ਹਾਈ ਕਮਾਨ ਵਲੋਂ ਸੌਂਪੀ ਜ਼ਿੰਮੇਵਾਰੀ ਤੋਂ ਨਾਖ਼ੁਸ਼ ਸਨ ਅਤੇ ਉਨ੍ਹਾਂ ਪ੍ਰਚਾਰ ਕਮੇਟੀ ਨਾਲ ਕੋਈ ਹੁਣ ਤੱਕ ਮੀਟਿੰਗ ਨਹੀਂ ਲਈ ਅਤੇ ਨਾ ਹੀ ਕੰਮਕਾਰ ਸ਼ੁਰੂ ਕੀਤਾ। ਹੁਣ ਜਦੋਂ ਪਰਗਟ ਸਿੰਘ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾ ਦਿੱਤਾ ਗਿਆ ਹੈ, ਤਾਂ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਪ੍ਰਧਾਨ ਅਤੇ ਪ੍ਰਚਾਰ ਕਮੇਟੀ ਵਿਚਕਾਰ ਕੰਮ ਦੀ ਵੰਡ ਅਤੇ ਤਾਲਮੇਲ ਕਿਸ ਤਰੀਕੇ ਨਾਲ ਅੱਗੇ ਵਧਦਾ ਹੈ। ਹਾਈਕਮਾਨ ਵਲੋਂ ਪ੍ਰਚਾਰ ਕਮੇਟੀ ਦੇ ਅਹੁਦਿਆਂ ਵਿਚ ਤਬਦੀਲੀ ਦਾ ਐਲਾਨ ਨਹੀਂ ਕੀਤਾ ਗਿਆ। ਇਸ ਲਈ ਚੰਨੀ ਦੀ ਪ੍ਰਚਾਰ ਕਮੇਟੀ ਵਾਲੀ ਜ਼ਿੰਮੇਵਾਰੀ ਜਾਰੀ ਹੈ, ਜਦਕਿ ਨਵਾਂ ਸੂਬਾ ਪ੍ਰਧਾਨ ਪਾਰਟੀ ਦੇ ਸਮੁੱਚੇ ਸੰਗਠਨ ਦੀ ਅਗਵਾਈ ਕਰੇਗਾ। ਇੱਥੇ ਸਭ ਤੋਂ ਵੱਡਾ ਸਵਾਲ ਇਹ ਹੋਵੇਗਾ ਕਿ ਦੋਵੇਂ ਪੱਧਰਾਂ ਵਿਚਕਾਰ ਫੈਸਲਿਆਂ ਦਾ ਤਾਲਮੇਲ ਕਿੰਨੀ ਕੁ ਸੁਚੱਜੀ ਤਰ੍ਹਾਂ ਹੁੰਦਾ ਹੈ। ਇਕ ਪਾਸੇ ਪਰਗਟ ਸਿੰਘ ਕੋਲ ਸੰਗਠਨ ਦੀ ਕਮਾਨ ਹੋਵੇਗੀ ਤੇ ਦੂਜੇ ਪਾਸੇ ਚੰਨੀ ਚੋਣ ਮੁਹਿੰਮ ਦੀ ਰਣਨੀਤੀ, ਪ੍ਰਚਾਰ ਤੇ ਜਨਤਕ ਪਹੁੰਚ ਨਾਲ ਜੁੜੀ ਕਮੇਟੀ ਦੀ ਅਗਵਾਈ ਕਰਨਗੇ। ਜੇਕਰ ਦੋਵੇਂ ਧਿਰਾਂ ਵਿਚਕਾਰ ਤਾਲਮੇਲ ਮਜ਼ਬੂਤ ਰਹਿੰਦਾ ਹੈ ਤਾਂ ਪਾਰਟੀ ਦੀ ਚੋਣ ਮੁਹਿੰਮ ਨੂੰ ਇਕੋ ਦਿਸ਼ਾ ਵਿਚ ਚਲਾਉਣ ਲਈ ਇਹ ਢਾਂਚਾ ਮਹੱਤਵਪੂਰਨ ਹੋ ਸਕਦਾ ਹੈ, ਪਰ ਜੇਕਰ ਅਜੇ ਵੀ ਚਰਨਜੀਤ ਸਿੰਘ ਚੰਨੀ ਅਤੇ ਪਰਗਟ ਸਿੰਘ ਵਿਚਾਲੇ ਤਾਲਮੇਲ ਨਾ ਬਣ ਸਕਿਆ ਅਤੇ ਚੰਨੀ ਮੌਜੂਦਾ ਸਥਿਤੀ ਅਤੇ ਨਵੇਂ ਪ੍ਰਧਾਨ ਦੀ ਨਿਯੁਕਤੀ ਤੋਂ ਸੰਤੁਸ਼ਟ ਨਾ ਹੋਏ ਤਾਂ ਫਿਰ ਪੰਜਾਬ ਕਾਂਗਰਸ ਅੱਗੇ ਮੁੜ ਖਾਨਾ ਜੰਗੀ ਦੀ ਚੁਣੌਤੀ ਆ ਕੇ ਖੜ੍ਹੀ ਹੋ ਜਾਵੇਗੀ। ਦੂਜੇ ਪਾਸੇ ਆਉਣ ਵਾਲੇ ਦਿਨਾਂ ਵਿਚ ਪਰਗਟ ਸਿੰਘ ਵਲੋਂ ਸੀਨੀਅਰ ਆਗੂਆਂ ਨਾਲ ਮੀਟਿੰਗਾਂ, ਸੰਗਠਨ ਦੀ ਸਮੀਖਿਆ ਅਤੇ ਜ਼ਿਲ੍ਹਾ ਪੱਧਰੀ ਢਾਂਚੇ ਸਬੰਧੀ ਲਏ ਜਾਣ ਵਾਲੇ ਫ਼ੈਸਲੇ ਇਸ ਗੱਲ ਦੀ ਦਿਸ਼ਾ ਤੈਅ ਕਰਨਗੇ ਕਿ ਪੰਜਾਬ ਕਾਂਗਰਸ ਨਵੀਂ ਕਮਾਨ ਹੇਠ ਆਪਣੀ ਸਿਆਸੀ ਤੇ ਜਥੇਬੰਦਕ ਰਣਨੀਤੀ ਨੂੰ ਕਿਹੜੇ ਰੂਪ ਵਿਚ ਅੱਗੇ ਲੈ ਕੇ ਜਾਂਦੇ ਹਨ।

ਪਿਛਲੀ ਖ਼ਬਰ ਦਰਿਆਈ ਪਾਣੀਆਂ ਦੀ ਵੰਡ ਦੇ ਨਿਯਮ, ਸਮਝੌਤੇ ਤੇ ਐਵਾਰਡ ਅਗਲੀ ਖ਼ਬਰ 84 ਸਾਲ ਦੇ ਅਮਿਤਾਭ ਬੱਚਨ ਅਜੇ ਵੀ 'ਐਂਗਰੀ ਯੰਗ ਮੈਨ'

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।