ਅੰਮ੍ਰਿਤਸਰ, 15 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਖ਼ੈਬਰ ਪਖਤੂਨਖਵਾ ਦੇ ਪਿਸ਼ਾਵਰ ਸ਼ਹਿਰ ਦੀ ਦਿਰ ਕਾਲੋਨੀ ’ਚ ਅੱਜ ਸਵੇਰੇ ਇਕ ਦਰਦਨਾਕ ਹਾਦਸੇ ਦੌਰਾਨ ਅਲ-ਖੈਰ ਨਾਮੀ ਮਦਰਸਾ/ਸਕੂਲ ਦੀ ਛੱਤ ਡਿੱਗਣ ਕਾਰਨ ਇਕ ਮਹਿਲਾ ਅਧਿਆਪਕਾ ਸਮੇਤ ਘੱਟੋ-ਘੱਟ 34 ਬੱਚਿਆਂ ਦੀ ਮੌਤ ਹੋ ਗਈ, ਜਦਕਿ 50 ਤੋਂ ਵੱਧ ਬੱਚੇ ਜ਼ਖ਼ਮੀ ਹੋ ਗਏ। ਜਿਨ੍ਹਾਂ ’ਚੋਂ ਕਈਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਮ੍ਰਿਤਕ ਬੱਚਿਆਂ ਦੀ ਉਮਰ 7 ਤੋਂ 13 ਸਾਲ ਦੇ ਦਰਮਿਆਨ ਦੱਸੀ ਜਾ ਰਹੀ ਹੈ। ਮੁੱਢਲੀ ਜਾਣਕਾਰੀ ਮੁਤਾਬਿਕ ਹਾਦਸੇ ਵੇਲੇ ਤਿੰਨ ਜਮਾਤਾਂ ’ਚ ਲਗਭਗ 100 ਬੱਚੇ ਮੌਜੂਦ ਸਨ। ਇਲਾਕੇ ਦੀਆਂ ਤੰਗ ਗਲੀਆਂ ਕਾਰਨ
ਰਾਹਤ ਅਤੇ ਬਚਾਅ ਕਾਰਜਾਂ ’ਚ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ, ਪਰ ਬਚਾਅ ਟੀਮਾਂ ਅਤੇ ਫ਼ੌਜ ਵਲੋਂ ਸਾਂਝੇ ਤੌਰ ’ਤੇ ਮਲਬੇ ਹੇਠ ਦੱਬੇ ਬੱਚਿਆਂ ਨੂੰ ਕੱਢਣ ਲਈ ਲਗਾਤਾਰ ਚਲਾਈ ਮੁਹਿੰਮ ਦੁਪਹਿਰ ਤੋਂ ਬਾਅਦ ਮੁਕੰਮਲ ਕਰ ਲਈ ਗਈ। ਜ਼ਖ਼ਮੀਆਂ ਨੂੰ ਵੱਖ-ਵੱਖ ਹਸਪਤਾਲਾਂ ’ਚ ਦਾਖ਼ਲ ਕਰਵਾਇਆ ਗਿਆ ਹੈ। ਕੈਪੀਟਲ ਸਿਟੀ ਪੁਲਿਸ ਅਫ਼ਸਰ ਮੀਆਂ ਸਈਦ ਅਨੁਸਾਰ ਘਟਨਾ ਤੋਂ ਤੁਰੰਤ ਬਾਅਦ ਨਿੱਜੀ ਸਕੂਲ ਦੇ ਮਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਹਾਦਸੇ ਦੇ ਕਾਰਨਾਂ ਤੇ ਲਾਪਰਵਾਹੀ ਦੀ ਜਾਂਚ ਕੀਤੀ ਜਾ ਰਹੀ ਹੈ। ਲੇਡੀ ਰੀਡਿੰਗ ਹਸਪਤਾਲ ਪ੍ਰਸ਼ਾਸਨ ਨੇ 30 ਤੋਂ ਵੱਧ ਬੱਚਿਆਂ ਅਤੇ ਇਕ ਅਧਿਆਪਕਾ ਦੀਆਂ ਮ੍ਰਿਤਕ ਦੇਹਾਂ ਮਿਲਣ ਦੀ ਪੁਸ਼ਟੀ ਕੀਤੀ ਹੈ। ਪਿਸ਼ਾਵਰ ਦੇ ਡਿਪਟੀ ਕਮਿਸ਼ਨਰ ਆਫਾਕ ਵਜ਼ੀਰ ਨੇ ਐਲਾਨ ਕੀਤਾ ਕਿ ਇਮਾਰਤਾਂ ਦੀ ਸੁਰੱਖਿਆ ਜਾਂਚ ਲਈ ਸਾਰੇ ਨਿੱਜੀ ਸਕੂਲਾਂ ਦਾ ਸਰਵੇਖਣ ਕਰਵਾਇਆ ਜਾਵੇਗਾ। ਸੂਬਾਈ ਸਿੱਖਿਆ ਸਕੱਤਰ ਇਨਾਇਤੁੱਲਾ ਵਸੀਮ ਨੇ ਪ੍ਰਾਈਵੇਟ ਸਕੂਲਜ਼ ਰੈਗੂਲੇਟਰੀ ਅਥਾਰਿਟੀ ਨੂੰ 24 ਘੰਟਿਆਂ ਦੇ ਅੰਦਰ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ ਹਨ। ਪਾਕਿ ਦੇ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਤੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਇਸ ਦਰਦਨਾਕ ਹਾਦਸੇ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਇਸ ਨੂੰ ਦੇਸ਼ ਲਈ ਵੱਡਾ ਸਦਮਾ ਦੱਸਿਆ। ਉਨ੍ਹਾਂ ਨੇ ਜ਼ਖ਼ਮੀ ਬੱਚਿਆਂ ਨੂੰ ਬਿਹਤਰੀਨ ਡਾਕਟਰੀ ਸਹੂਲਤਾਂ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ। ਉਪ ਪ੍ਰਧਾਨ ਮੰਤਰੀ ਇਸਹਾਕ ਡਾਰ, ਖ਼ੈਬਰ ਪਖਤੂਨਖਵਾ ਦੇ ਰਾਜਪਾਲ ਫ਼ੈਜ਼ਲ ਕਰੀਮ ਕੁੰਡੀ, ਕੌਮੀ ਅਸੈਂਬਲੀ ਦੇ ਸਪੀਕਰ ਅਯਾਜ਼ ਸਾਦਿਕ ਅਤੇ ਪੀ. ਪੀ. ਪੀ. (ਪਾਕਿਸਤਾਨ ਪੀਪਲਜ਼ ਪਾਰਟੀ) ਦੇ ਚੇਅਰਮੈਨ ਬਿਲਾਵਲ ਭੁੱਟੋ ਜ਼ਰਦਾਰੀ ਨੇ ਵੀ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਸਕੂਲਾਂ ਦੇ ਸੁਰੱਖਿਆ ਮਾਪਦੰਡਾਂ ਦੀ ਸਖ਼ਤ ਨਿਗਰਾਨੀ ਕਰਨ ’ਤੇ ਜ਼ੋਰ ਦਿੱਤਾ।
ਪਿਸ਼ਾਵਰ ’ਚ ਨਿੱਜੀ ਸਕੂਲ ਦੀ ਛੱਤ ਡਿਗਣ ਕਾਰਨ ਅਧਿਆਪਕਾ ਸਮੇਤ 34 ਬੱਚਿਆਂ ਦੀ ਮੌਤ
ਅੰਮ੍ਰਿਤਸਰ, 15 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਖ਼ੈਬਰ ਪਖਤੂਨਖਵਾ ਦੇ ਪਿਸ਼ਾਵਰ ਸ਼ਹਿਰ ਦੀ ਦਿਰ ਕਾਲੋਨੀ ’ਚ ਅੱਜ ਸਵੇਰੇ ਇਕ ਦਰਦਨਾਕ ਹਾਦਸੇ ਦੌਰਾਨ ਅਲ-ਖੈਰ ਨਾਮੀ ਮਦਰਸਾ/ਸਕੂਲ ਦੀ ਛੱਤ ਡਿੱਗਣ ਕਾਰਨ ਇਕ ਮਹਿਲਾ ਅਧਿਆਪਕਾ ਸਮੇਤ ...
ਅਜੀਤ ਡੈਸਕ
16-10-2026