ਨਵੀਂ ਦਿੱਲੀ, 20 ਅਕਤੂਬਰ (ਉਪਮਾ ਡਾਗਾ ਪਾਰਥ)- ਦੁਸਹਿਰੇ ਮੌਕੇ ਰਾਸ਼ਟਰਪਤੀ, ਪ੍ਰਧਾਨ ਮੰਤਰੀ ਸਮੇਤ ਕਈ ਸ਼ਖ਼ਸੀਅਤਾਂ ਨੇ ਦੇਸ਼ਵਾਸੀਆਂ ਨੂੰ ਵਧਾਈ ਦਿੱਤੀ। ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਪਾਏ ਸੰਦੇਸ਼ ’ਚ ਦੇਸ਼ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਦੁਸਹਿਰੇ ਦੇ ਤਿਉਹਾਰ ਦੀ ਵਿਸ਼ੇਸ਼ ਅਹਿਮੀਅਤ ਹੈ। ਇਹ ਭਗਵਾਨ ਸ੍ਰੀ ਰਾਮ ਦੀ ਰਾਵਣ ’ਤੇ ਜਿੱਤ ਦਾ ਪ੍ਰਤੀਕ ਹੈ। ਭਗਵਾਨ ਸ੍ਰੀ ਰਾਮ ਨੂੰ ਸਚਾਈ ਅਤੇ ਨੈਤਿਕ ਆਚਰਣ ਦੇ ਪ੍ਰਤੀਕ ਵਜੋਂ ਪੂਜਿਆ ਜਾਂਦਾ ਹੈ। ਇਹ ਤਿਉਹਾਰ ਅਧਰਮ ਅਤੇ ਅਨਿਆਂ ’ਤੇ ਧਰਮ ਅਤੇ ਨਿਆਂ ਦੀ ਜਿੱਤ ਦਾ ਜਸ਼ਨ ਮਨਾਉਂਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁਸਹਿਰੇ ਦੀਆਂ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਇਹ ਤਿਉਹਾਰ ਸਭ ਦੇ ਜੀਵਨ ’ਚ ਖ਼ੁਸ਼ੀਆਂ, ਵਿਕਾਸ ਅਤੇ ਸਫ਼ਲਤਾ ਲਿਆਏ। ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਦੇਸ਼ਵਾਸੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਹੰਕਾਰ, ਅਨਿਆਂ ਅਤੇ ਜ਼ੁਲਮ ਤੇ ਸਚਾਈ ਅਤੇ ਨਿਆਂ ਦੀ ਜਿੱਤ ਦਾ ਇਹ ਤਿਉਹਾਰ ਤੁਹਾਡੇ ਜੀਵਨ ’ਚ ਸੁਖ, ਸ਼ਾਂਤੀ ਅਤੇ ਵਿਕਾਸ ਲੈ ਕੇ ਆਏ।