ਨਵੀਂ ਦਿੱਲੀ, 22 ਅਕਤੂਬਰ (ਉਪਮਾ ਡਾਗਾ ਪਾਰਥ)- ਦੇਸ਼ ਭਰ ’ਚ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਅਤੇ ਵਿਸ਼ੇਸ਼ ਵਿਆਪਕ ਸੋਧ (ਐਸ.ਆਈ.ਆਰ.) ਕਵਾਇਦ ਖ਼ਿਲਾਫ਼ ਲਗਾਤਾਰ ਚੱਲ ਰਹੇ ਪ੍ਰਦਰਸ਼ਨਾਂ ਦਰਮਿਆਨ ਹੁਣ 23 ਅਕਤੂਬਰ ਨੂੰ ਹੋਣ ਵਾਲੇ ਪ੍ਰਦਰਸ਼ਨ ’ਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਪਤੀ ਪਰਾਕਲਾ ਪ੍ਰਭਾਕਰ ਵੀ ਸ਼ਾਮਿਲ ਹੋਣਗੇ। ਪਰਾਕਲਾ ਪ੍ਰਭਾਕਰ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਪਾਏ ਪੋਸਟਰ ਨੂੰ ਸਾਂਝਾ ਕਰ ਕੇ ਉਕਤ ਜਾਣਕਾਰੀ ਦਿੱਤੀ। ਪੋਸਟਰ ’ਚ ਉਹ ਅਦਾਕਾਰ ਪ੍ਰਕਾਸ਼ ਰਾਜ, ਸੀਨੀਅਰ ਵਕੀਲ ਪ੍ਰਸ਼ਾਂਤ ਭੂਸ਼ਣ, ਕਿਸਾਨ ਨੇਤਾ ਰਾਕੇਸ਼ ਟਿਕੈਤ, ਸੀ.ਜੇ.ਪੀ. ਦੇ ਮੋਢੀ ਅਭੀਜੀਤ ਦੀਪਕੇ, ਏ.ਆਈ.ਐਸ.ਏ. ਦੀ ਪ੍ਰਧਾਨ ਨੇਹਾ ਬੋਰਾ ਦੇ ਨਾਲ ਨਜ਼ਰ ਆ ਰਹੇ ਹਨ। ਇਹ ਪ੍ਰਦਰਸ਼ਨ 23 ਅਕਤੂਬਰ ਨੂੰ ਹੋਏਗਾ। ਪੋਸਟਰ ’ਚ ਵਿਰੋਧੀ ਧਿਰਾਂ ਦੇ ਗੱਠਜੋੜ ‘ਇੰਡੀਆ’ ਧੜੇ ਦੇ ਨੇਤਾਵਾਂ ਅਤੇ ਆਮ ਜਨਤਾ ਨੂੰ ਵੀ ਪ੍ਰਦਰਸ਼ਨ ’ਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਗਈ ਹੈ।