04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਮੁੱਖ ਮੰਤਰੀ ਵਲੋਂ ਨੌਜਵਾਨਾਂ ਨੂੰ ਦੀਵਾਲੀ ਦਾ ਤੋਹਫ਼ਾ, 801 ਨੂੰ ਮਿਲੀਆਂ ਸਰਕਾਰੀ ਨੌਕਰੀਆਂ

ਮੁੱਖ ਮੰਤਰੀ ਵਲੋਂ ਨੌਜਵਾਨਾਂ ਨੂੰ ਦੀਵਾਲੀ ਦਾ ਤੋਹਫ਼ਾ, 801 ਨੂੰ ਮਿਲੀਆਂ ਸਰਕਾਰੀ ਨੌਕਰੀਆਂ

ਅਜੀਤ ਡੈਸਕ 04-11-2026

ਐੱਸ. ਏ. ਐੱਸ. ਨਗਰ, 3 ਨਵੰਬਰ (ਪ੍ਰੋ. ਅਵਤਾਰ ਸਿੰਘ)-ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਮੁਹਾਲੀ ਦੇ ਵਿਕਾਸ ਭਵਨ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਨਵੇਂ ਭਰਤੀ ਹੋਏ 801 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇ ਨਿਯੁਕਤੀ ਪੱਤਰ ਸੌਂਪਦਿਆਂ ਦੀਵਾਲੀ ਦਾ ਤੋਹਫ਼ਾ ਦਿੱਤਾ ਹੈ । ਇਸ ਮੌਕੇ ਮੁੱਖ ਮੰਤਰੀ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਹਰੇਕ ਨਿਯੁਕਤੀ ਪੂਰੀ ਤਰ੍ਹਾਂ ਬਿਨਾਂ ਪੈਸੇ ਜਾਂ ਸਿਫ਼ਾਰਸ਼ ਤੋਂ ਮੈਰਿਟ ਦੇ ਆਧਾਰ ’ਤੇ ਕੀਤੀ ਗਈ ਹੈ । ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਵੇਲੇ ਪੈਸੇ ਤੇ ਸਿਫ਼ਾਰਸ਼ਾਂ ਰਾਹੀਂ ਲੱਖਾਂ ਰੁ. ’ਚ ਸਰਕਾਰੀ ਨੌਕਰੀਆਂ ਵਿਕਦੀਆਂ ਸਨ, ਜਦਕਿ ਸਾਡੀ ਸਰਕਾਰ ਨੇ ਬਿਨਾਂ 1 ਰੁਪਿਆ ਲਏ ਪਾਰਦਰਸ਼ੀ ਭਰਤੀ ਯਕੀਨੀ ਬਣਾਈ ਹੈ । ਉਨ੍ਹਾਂ ਐਲਾਨ ਕੀਤਾ ਕਿ ਅਗਲੇ ਹਫ਼ਤੇ 600 ਹੋਰਨਾਂ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਜਾਣਗੀਆਂ । ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਵਲੋਂ ਹੁਣ ਤੱਕ 71,777 ਤੋਂ ਵੱਧ ਨੌਜਵਾਨਾਂ ਨੂੰ ਪੂਰੀ ਤਰ੍ਹਾਂ ਮੁਫ਼ਤ ਅਤੇ ਨਿਰੋਲ ਮੈਰਿਟ ਦੇ ਆਧਾਰ ’ਤੇ ਸਰਕਾਰੀ ਨੌਕਰੀਆਂ ਦਿੱਤੀਆਂ ਹਨ । ਉਨ੍ਹਾਂ ਕਿਹਾ ਕਿ ਸਿੱਖਿਆ ਦੇ ਖੇਤਰ ’ਚ ਕੀਤੇ ਗਏ ਕੰਮਾਂ ਦੀ ਬਦੌਲਤ ਪੰਜਾਬ ਅੱਜ ਪ੍ਰਾਇਮਰੀ ਸਿੱਖਿਆ ਦੇ ਮਾਮਲੇ ’ਚ ਦੇਸ਼ ਭਰ ’ਚੋਂ ਨੰਬਰ ਇਕ ’ਤੇ ਹੈ । ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਦਾ ਮੁੱਖ ਮਕਸਦ ਹਰ ਘਰ ’ਚ ਰੁਜ਼ਗਾਰ ਤੇ ਖ਼ੁਸ਼ਹਾਲੀ ਲਿਆ ਕੇ ਪੰਜਾਬ ਨੂੰ ਮੁੜ ‘ਰੰਗਲਾ ਪੰਜਾਬ’ ਬਣਾਉਣਾ ਹੈ । ਉਨ੍ਹਾਂ ਵਿਰੋਧੀਆਂ ’ਤੇ ਤੰਜ ਕਸਦਿਆਂ ਕਿਹਾ ਕਿ ਵਿਰੋਧੀ ਧਿਰ ਕਿਸੇ ਠੋਸ ਮੁੱਦੇ ਦੀ ਅਣਹੋਂਦ ਕਾਰਨ ਉਨ੍ਹਾਂ ਖ਼ਿਲਾਫ਼ ਦੂਸ਼ਣਬਾਜ਼ੀ ਕਰ ਰਹੀ ਹੈ । ਉਨ੍ਹਾਂ ਵਿਰੋਧੀ ਧਿਰ ਦੇ ਆਗੂਆਂ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਉਹ ਉਨ੍ਹਾਂ ’ਤੇ ਭ੍ਰਿਸ਼ਟਾਚਾਰ ਦਾ ਇਕ ਵੀ ਦੋਸ਼ ਸਾਬਤ ਕਰਨ ਜਾਂ ਫ਼ਿਰ ਰਾਜਨੀਤੀ ਛੱਡ ਦੇਣ । ਇਸੇ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼੍ਰੋਮਣੀ ਅਕਾਲੀ ਦਲ (ਬ) ਅਤੇ ਕਾਂਗਰਸ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਇਨ੍ਹਾਂ ਪਾਰਟੀਆਂ ਨੇ ਆਪਣੇ ਨਿੱਜੀ ਹਿੱਤਾਂ ਲਈ ਰਾਜਨੀਤੀ ਕਰਕੇ ਪੰਜਾਬ ਨੂੰ ਆਰਥਿਕ ਅਤੇ ਸਮਾਜਿਕ ਮੰਦਹਾਲੀ ਵੱਲ ਧੱਕਿਆ ਹੈ । ਨਵੇਂ ਭਰਤੀ ਹੋਏ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਦਿਨ ਉਨ੍ਹਾਂ 801 ਪਰਿਵਾਰਾਂ ਲਈ ਇਤਿਹਾਸਕ ਤੇ ਭਾਵੁਕ ਹੈ, ਜਿਨ੍ਹਾਂ ਦੇ ਨੌਜਵਾਨਾਂ ਨੇ ਆਪਣੀ ਮਿਹਨਤ ਤੇ ਲਗਨ ਨਾਲ ਸਰਕਾਰੀ ਮੁਲਾਜ਼ਮ ਬਣਨ ਦਾ ਮਾਣ ਹਾਸਿਲ ਕੀਤਾ ਹੈ । ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਨੇ ਇਹ ਯਕੀਨੀ ਬਣਾਇਆ ਹੈ ਕਿ ਸਿਆਸੀ ਪਹੁੰਚ ਜਾਂ ਪੈਸਾ ਨਹੀਂ, ਸਗੋਂ ਯੋਗਤਾ ਹੀ ਪੰਜਾਬ ਦੇ ਨੌਜਵਾਨਾਂ ਦੇ ਭਵਿੱਖ ਦਾ ਫ਼ੈਸਲਾ ਕਰੇਗੀ । ਉਨ੍ਹਾਂ ਨਵ- ਨਿਯੁਕਤ ਮੁਲਾਜ਼ਮਾਂ ਨੂੰ ਉੱਚੇ ਨਿਸ਼ਾਨੇ ਮਿੱਥਣ ਲਈ ਪ੍ਰੇਰਿਤ ਕਰਦਿਆਂ ਯੂ. ਪੀ. ਐਸ. ਸੀ. ਪ੍ਰੀਖਿਆਵਾਂ ਦੀ ਤਿਆਰੀ ਕਰਨ ਤੇ ਆਈ. ਏ. ਐਸ. ਅਤੇ ਆਈ. ਪੀ. ਐਸ. ਅਫ਼ਸਰ ਬਣਨ ਦੀ ਇੱਛਾ ਰੱਖਣ ਦਾ ਸੱਦਾ ਦਿੱਤਾ । ਮੁੱਖ ਮੰਤਰੀ ਨੇ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਉਂਦਿਆਂ ਕਿਹਾ ਕਿ ਪੰਜਾਬ ਹੁਣ ਲੋਕ-ਪੱਖੀ ਸੋਚ, ਵਿਸ਼ਵਾਸ ਤੇ ਵਿਕਾਸ ਦੀ ਨਵੀਂ ਹਵਾ ਦਾ ਗਵਾਹ ਬਣ ਰਿਹਾ ਹੈ । ਅੰਤ ’ਚ ਉਨ੍ਹਾਂ ਆਪਣੀ ਸਰਕਾਰ ਦੀ ਵਚਨਬੱਧਤਾ ਦੁਹਰਾਉਂਦਿਆਂ ਕਿਹਾ ਕਿ ਸਰਕਾਰ ਸਿਆਸੀ ਸਾਂਝਾਂ ਤੋਂ ਉੱਪਰ ਉੱਠ ਕੇ ਸਮਾਜ ਦੇ ਹਰ ਵਰਗ ਲਈ ਰੁਜ਼ਗਾਰ, ਜਨਤਕ ਸੇਵਾਵਾਂ ’ਚ ਸੁਧਾਰ ਅਤੇ ਖ਼ੁਸ਼ਹਾਲ ਭਵਿੱਖ ਬਣਾਉਣ ਦੇ ਆਪਣੇ ਮਿਸ਼ਨ ਨੂੰ ਜਾਰੀ ਰੱਖੇਗੀ। ਇਸ ਮੌਕੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਸਮੇਤ ਵੱਖ-ਵੱਖ ਵਿਭਾਗਾਂ ਦੇ ਉੱਚ ਅਧਿਕਾਰੀ ਵੀ ਹਾਜ਼ਰ ਸਨ।

ਪਿਛਲੀ ਖ਼ਬਰ ਪ੍ਰਦਰਸ਼ਨ ਵਾਲੀ ਥਾਂ ’ਤੇ ਕਬਜ਼ਾ ਨਹੀਂ ਕਰ ਸਕਦੇ ਪ੍ਰਦਰਸ਼ਨਕਾਰੀ-ਸੁਪਰੀਮ ਕੋਰਟ ਅਗਲੀ ਖ਼ਬਰ ‘ਐਸ.ਆਈ.ਆਰ.’ ਖਰੜਾ ਵੋਟਰ ਸੂਚੀ ’ਚ ਨਾਂਅ ਨਹੀਂ ਤਾਂ ਰਜਿਸਟਰਡ ਵੋਟਰ ਵੀ ‘ਫਾਰਮ 6’ ਜਮ੍ਹਾਂ ਕਰਵਾ ਸਕਦੇ ਹਨ-ਚੋਣ ਕਮਿਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।