26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਦੇਸ਼ ਦੇ ਬਿਜਲੀ ਉਤਪਾਦਨ ’ਚ ਪ੍ਰਮਾਣੂ ਬਿਜਲੀ ਦੀ 3.1 ਫ਼ੀਸਦੀ ਹਿੱਸੇਦਾਰੀ ਨਾਲ 100 ਗੀਗਾਵਾਟ ਦਾ ਸੁਪਨਾ

ਦੇਸ਼ ਦੇ ਬਿਜਲੀ ਉਤਪਾਦਨ ’ਚ ਪ੍ਰਮਾਣੂ ਬਿਜਲੀ ਦੀ 3.1 ਫ਼ੀਸਦੀ ਹਿੱਸੇਦਾਰੀ ਨਾਲ 100 ਗੀਗਾਵਾਟ ਦਾ ਸੁਪਨਾ

ਅਜੀਤ ਡੈਸਕ 26-11-2026

* ਪ੍ਰਮਾਣੂ ਊਰਜਾ ਖੇਤਰ ’ਚ ਨਿੱਜੀ ਕੰਪਨੀਆਂ ਦਾ ਦਾਖ਼ਲਾ *24 ਪਲਾਂਟਾਂ ਤੋਂ ਸਿਰਫ਼ 8,780 ਮੈਗਾਵਾਟ ਬਿਜਲੀ * 2047 ਤੱਕ 11 ਗੁਣਾ ਵਾਧੇ ਦਾ ਦਾਅਵਾ

ਨਰਪਿੰਦਰ ਸਿੰਘ ਧਾਲੀਵਾਲ
ਰਾਮਪੁਰਾ ਫੂਲ, 25 ਨਵੰਬਰ-ਦੇਸ਼ ’ਚ ਬਿਜਲੀ ਦੀ ਵਧਦੀ ਮੰਗ ਪੂਰੀ ਕਰਨ ਤੇ ‘ਵਿਕਸਿਤ ਭਾਰਤ’ ਦੇ ਟੀਚੇ ਤਹਿਤ ਸਵੱਛ ਊਰਜਾ ਵੱਲ ਵਧਣ ਦੇ ਸਰਕਾਰੀ ਦਾਅਵਿਆਂ ਦੀ ਅਸਲ ਤਸਵੀਰ ਇਕ ਤਾਜ਼ਾ ਦਸਤਾਵੇਜ਼ਾਂ ਰਾਹੀਂ ਸਾਹਮਣੇ ਆਈ ਹੈ। ਪ੍ਰਮਾਣੂ ਊਰਜਾ ਵਿਭਾਗ ਵਲੋਂ 12 ਅਗਸਤ 2026 ਨੂੰ ਜਾਰੀ ਅੰਕੜੇ ਜਿੱਥੇ ਭਵਿੱਖ ਦੇ ਵੱਡੇ ਸੁਪਨਿਆਂ ਦੀ ਗੱਲ ਕਰਦੇ ਹਨ ਉੱਥੇ ਹੀ ਮੌਜੂਦਾ ਸਥਿਤੀ ਤੇ ਪਿਛਲੇ ਟੀਚਿਆਂ ਦੀ ਪ੍ਰਾਪਤੀ ਨੂੰ ਲੈ ਕੇ ਕਈ ਗੰਭੀਰ ਪ੍ਰਸ਼ਾਸਨਿਕ ਸਵਾਲ ਵੀ ਖੜ੍ਹੇ ਕਰਦੇ ਹਨ। ਸਰਕਾਰੀ ਰਿਪੋਰਟ ਦੇ ਵਿਸ਼ਲੇਸ਼ਣ ਤੋਂ ਕਈ ਹੈਰਾਨੀਜਨਕ ਤੱਥ ਉੱਭਰ ਕੇ ਸਾਹਮਣੇ ਆਏ ਹਨ। ਟੀਚਿਆਂ ਦੀ ਪ੍ਰਾਪਤੀ ’ਤੇ ਮੰਤਰਾਲੇ ਨੇ ਇਸ ਦਾ ਸਿੱਧਾ ਜਵਾਬ ਦੇਣ ਦੀ ਬਜਾਏ ਪਿਛਲੇ ਟੀਚਿਆਂ ਤੇ ਉਨ੍ਹਾਂ ’ਚ ਹੋਈ ਦੇਰੀ ਦੇ ਕਾਰਨਾਂ ’ਤੇ ਪੂਰੀ ਤਰ੍ਹਾਂ ਚੁੱਪੀ ਧਾਰ ਲਈ ਹੈ। ਜਵਾਬ ’ਚ ਸਿਰਫ਼ ਇਹ ਭਵਿੱਖਬਾਣੀ ਕੀਤੀ ਗਈ ਕਿ ਮੌਜੂਦਾ 8.78 ਗੀਗਾਵਾਟ ਦੀ ਸਮਰੱਥਾ 2031-32 ਤੱਕ ਲਗਭਗ 22 ਗੀਗਾਵਾਟ ਤੱਕ ਪਹੁੰਚਣ ਦੀ ਉਮੀਦ ਹੈ। ਪ੍ਰਸ਼ਾਸਨਿਕ ਜਵਾਬਦੇਹੀ ਦੇ ਨਜ਼ਰੀਏ ਤੋਂ ਇਹ ਵੱਡਾ ਸਵਾਲ ਬਣਦਾ ਹੈ ਕਿ ਆਖ਼ਰ ਪਿਛਲੇ ਟੀਚਿਆਂ ਦੀ ਅਸਲ ਸਥਿਤੀ ਸਾਹਮਣੇ ਕਿਉਂ ਨਹੀਂ ਲਿਆਂਦੀ ਗਈ।
ਸਰਕਾਰੀ ਰਿਕਾਰਡ ਮੁਤਾਬਕ ਇਸ ਵੇਲੇ ਦੇਸ਼ ’ਚ ਕੁੱਲ 24 ਪ੍ਰਮਾਣੂ ਬਿਜਲੀ ਪਲਾਂਟ ਕੰਮ ਕਰ ਰਹੇ ਹਨ, ਜਿਨ੍ਹਾਂ ਦੀ ਕੁੱਲ ਸਥਾਪਿਤ ਸਮਰੱਥਾ 8,780 ਮੈਗਾਵਾਟ (8.78 ਗੀਗਾਵਾਟ) ਹੈ। ਸਾਲ 2025-26 ਦੌਰਾਨ ਦੇਸ਼ ਦੇ ਕੁੱਲ ਬਿਜਲੀ ਉਤਪਾਦਨ ’ਚ ਪ੍ਰਮਾਣੂ ਊਰਜਾ ਦੀ ਹਿੱਸੇਦਾਰੀ ਮਹਿਜ਼ 3.1 ਫ਼ੀਸਦੀ ਰਹੀ ਹੈ। ਇਹ ਅੰਕੜਾ ਦਰਸਾਉਂਦਾ ਹੈ ਕਿ ਦਹਾਕਿਆਂ ਦੇ ਯਤਨਾਂ ਦੇ ਬਾਵਜੂਦ ਦੇਸ਼ ਦੀ ਊਰਜਾ ਪ੍ਰਣਾਲੀ ’ਚ ਪ੍ਰਮਾਣੂ ਬਿਜਲੀ ਦਾ ਯੋਗਦਾਨ ਅਜੇ ਵੀ ਬਹੁਤ ਸੀਮਤ ਹੈ। ਪ੍ਰਮਾਣੂ ਊਰਜਾ ਵਿਭਾਗ ਨੇ ਆਪਣੇ ਰੋਡਮੈਪ ’ਚ ਦੋ ਵੱਡੇ ਟੀਚੇ ਰੱਖੇ ਹਨ। ਪਹਿਲਾ ਟੀਚਾ 2031-32 ਤੱਕ 22,380 ਮੈਗਾਵਾਟ ਸਮਰੱਥਾ ਹਾਸਲ ਕਰਨ ਦਾ ਹੈ, ਜਿਸ ’ਚ 13,600 ਮੈਗਾਵਾਟ ਦੇ ਉਹ ਪ੍ਰੋਜੈਕਟ ਸ਼ਾਮਿਲ ਦੱਸੇ ਗਏ ਹਨ, ਜੋ ਇਸ ਵੇਲੇ ਨਿਰਮਾਣ ਜਾਂ ਯੋਜਨਾਬੰਦੀ ਦੇ ਪੜਾਅ ’ਚ ਹਨ। ਦੂਜਾ ਤੇ ਸਭ ਤੋਂ ਵੱਡਾ ਟੀਚਾ ਕੇਂਦਰੀ ਬਜਟ 2025-26 ’ਚ ਐਲਾਨੇ ਗਏ ‘ਵਿਕਸਿਤ ਭਾਰਤ ਲਈ ਪ੍ਰਮਾਣੂ ਊਰਜਾ ਮਿਸ਼ਨ’ ਤਹਿਤ ਸਾਲ 2047 ਤੱਕ 100 ਗੀਗਾਵਾਟ ਸਮਰੱਥਾ ਹਾਸਲ ਕਰਨ ਦਾ ਹੈ। ਇਸ ਟੀਚੇ ਨੂੰ ਪੂਰਾ ਕਰਨ ਲਈ ਵੱਡੀ ਸਮਰੱਥਾ ਵਾਲੇ ਰਿਐਕਟਰਾਂ ਦੇ ਨਾਲ-ਨਾਲ ਸਵਦੇਸ਼ੀ ਤੌਰ ’ਤੇ ਵਿਕਸਿਤ ਸਮਾਲ ਮਾਡਿਊਲਰ ਰਿਐਕਟਰਾਂ (ਐਸ.ਐਮ.ਆਰ.) ਦੀ ਵਰਤੋਂ ਕੀਤੀ ਜਾਵੇਗੀ। ਹਾਲਾਂਕਿ, ਮੌਜੂਦਾ 8.78 ਗੀਗਾਵਾਟ ਤੋਂ ਅਗਲੇ 21 ਸਾਲਾਂ ਵਿੱਚ 100 ਗੀਗਾਵਾਟ ਤੱਕ ਪਹੁੰਚਣ ਲਈ 11 ਗੁਣਾ ਤੋਂ ਵੱਧ ਵਾਧੇ ਦੀ ਲੋੜ ਹੋਵੇਗੀ, ਜੋ ਕਿ ਪ੍ਰਸ਼ਾਸਨਿਕ ਤੇ ਤਕਨੀਕੀ ਪੱਧਰ ’ਤੇ ਇਕ ਵੱਡੀ ਚੁਣੌਤੀ ਹੈ।
‘ਸ਼ਾਂਤੀ ਐਕਟ 2025’ ਰਾਹੀਂ ਨਿੱਜੀ ਖੇਤਰ ਦੀ ਐਂਟਰੀ
ਇਸ ਰਿਪੋਰਟ ’ਚ ਸਭ ਤੋਂ ਅਹਿਮ ਨੀਤੀਗਤ ਬਦਲਾਅ ‘ਸ਼ਾਂਤੀ ਐਕਟ, 2025’ ਦਾ ਜ਼ਿਕਰ ਹੈ। ਇਸ ਕਾਨੂੰਨ ਰਾਹੀਂ ਹੁਣ ਪ੍ਰਮਾਣੂ ਊਰਜਾ ਵਰਗੇ ਅਤਿ-ਸੰਵੇਦਨਸ਼ੀਲ ਖੇਤਰ ’ਚ ਨਿੱਜੀ ਭਾਰਤੀ ਕੰਪਨੀਆਂ ਤੇ ਸਾਂਝੇ ਉਦਮਾਂ (ਜੁਆਇੰਟ ਵੈਂਚਰਜ਼) ਨੂੰ ਲਾਇਸੈਂਸ-ਅਧਾਰਿਤ ਭਾਗੀਦਾਰੀ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਦਹਾਕਿਆਂ ਤੱਕ ਸਰਕਾਰੀ ਏਕਾਧਿਕਾਰ ਹੇਠ ਰਹੇ ਇਸ ਖੇਤਰ ’ਚ ਨਿੱਜੀ ਕੰਪਨੀਆਂ ਦੇ ਆਉਣ ਨਾਲ ਜਿੱਥੇ ਪੂੰਜੀ ਨਿਵੇਸ਼ ਵੱਧਣ ਦੀ ਸੰਭਾਵਨਾ ਹੈ ਉਥੇ ਹੀ ਭਵਿੱਖ ’ਚ ਸੁਰੱਖਿਆ ਮਾਪਦੰਡਾਂ ਦੀ ਪਾਲਣਾ ਤੇ ਬਿਜਲੀ ਦੀਆਂ ਦਰਾਂ ’ਤੇ ਇਸ ਦੇ ਪ੍ਰਭਾਵ ਨੂੰ ਲੈ ਕੇ ਸਖ਼ਤ ਨਿਗਰਾਨੀ ਦੀ ਲੋੜ ਹੋਵੇਗੀ। ਪੰਜਾਬ ਤੇ ਉੱਤਰੀ ਭਾਰਤ ਦੇ ਨਜ਼ਰੀਏ ਤੋਂ ਦਸਤਾਵੇਜ਼ ਦਾ ਅੰਕੜਾ ਮਹੱਤਵਪੂਰਨ ਹੈ। ਪੰਜਾਬ ਦੇ ਬਿਲਕੁਲ ਗੁਆਂਢੀ ਸੂਬੇ ਹਰਿਆਣਾ ਦੇ ਗੋਰਖਪੁਰ ’ਚ 700-700 ਮੈਗਾਵਾਟ ਦੇ ਦੋ ਯੂਨਿਟ (ਜੀ.ਐਚ.ਏ.ਵੀ.ਪੀ.-1 ਤੇ 2) ਨਿਰਮਾਣ ਅਧੀਨ ਹਨ ਜਦਕਿ 700-700 ਮੈਗਾਵਾਟ ਦੇ ਦੋ ਹੋਰ ਯੂਨਿਟ (ਜੀ.ਐਚ.ਏ.ਵੀ.ਪੀ.-3 ਤੇ 4) ਪ੍ਰੀ-ਪ੍ਰਾਜੈਕਟ ਗਤੀਵਿਧੀਆਂ ਦੇ ਪੜਾਅ ’ਚ ਹਨ। ਇਸੇ ਤਰ੍ਹਾਂ ਰਾਜਸਥਾਨ ਦੇ ਰਾਵਤਭਾਟਾ ’ਚ 700 ਮੈਗਾਵਾਟ ਦਾ ਇਕ ਯੂਨਿਟ (ਆਰ.ਏ.ਪੀ.ਪੀ.-8) ਨਿਰਮਾਣ ਅਧੀਨ ਹੈ ਤੇ 700-700 ਮੈਗਾਵਾਟ ਦੇ ਦੋ ਯੂਨਿਟ (ਆਰ.ਏ.ਪੀ.ਪੀ.-9 ਅਤੇ 10) ਪ੍ਰਸਤਾਵਿਤ ਹਨ। ਰਾਜਸਥਾਨ ਦੇ ਹੀ ਮਾਹੀ ਬਾਂਸਵਾੜਾ ਵਿਚ 700-700 ਮੈਗਾਵਾਟ ਦੇ ਚਾਰ ਯੂਨਿਟ ਪ੍ਰੀ-ਪ੍ਰੋਜੈਕਟ ਪੜਾਅ ਵਿਚ ਹਨ, ਜਦੋਂਕਿ ਉੱਤਰ ਪ੍ਰਦੇਸ਼ ਦੇ ਨਰੋਰਾ ਵਿਚ 700-700 ਮੈਗਾਵਾਟ ਦੇ ਦੋ ਯੂਨਿਟ ਪ੍ਰਸਤਾਵਿਤ ਹਨ। ਦੱਖਣੀ ਭਾਰਤ ਵਿਚ ਕਰਨਾਟਕ ਦੇ ਕੈਗਾ ਵਿਚ ਪਹਿਲਾਂ ਹੀ 220-220 ਮੈਗਾਵਾਟ ਦੇ ਚਾਰ ਯੂਨਿਟ (ਕੈਗਾ-1 ਤੋਂ 4) ਚੱਲ ਰਹੇ ਹਨ ਅਤੇ 700-700 ਮੈਗਾਵਾਟ ਦੇ ਦੋ ਨਵੇਂ ਯੂਨਿਟ (ਕੈਗਾ-5 ਅਤੇ 6) ਨਿਰਮਾਣ ਅਧੀਨ ਹਨ। ਤਾਮਿਲਨਾਡੂ ਦੇ ਕੁਡਨਕੁਲਮ ਵਿਚ 1000-1000 ਮੈਗਾਵਾਟ ਦੇ ਚਾਰ ਵੱਡੇ ਯੂਨਿਟ (ਕੇ.ਕੇ.ਐਨ.ਪੀ.ਪੀ.-3, 4, 5 ਅਤੇ 6) ਨਿਰਮਾਣ ਅਧੀਨ ਹਨ। ਇਸ ਤੋਂ ਇਲਾਵਾ ਤਾਮਿਲਨਾਡੂ ਦੇ ਹੀ ਕਲਪੱਕਮ ਵਿੱਚ 500 ਮੈਗਾਵਾਟ ਦਾ ਪੀ.ਐਫ.ਬੀ.ਆਰ. ਪ੍ਰੋਜੈਕਟ ਨਿਰਮਾਣ ਅਧੀਨ ਹੈ ਅਤੇ 500-500 ਮੈਗਾਵਾਟ ਦੇ ਦੋ ਹੋਰ ਯੂਨਿਟ (ਐਫ.ਬੀ.ਆਰ.-1 ਅਤੇ 2) ਪ੍ਰੀ-ਪ੍ਰੋਜੈਕਟ ਪੜਾਅ ’ਚ ਹਨ। ਸਰਕਾਰੀ ਸੂਚੀ ਮੁਤਾਬਕ ਮੱਧ ਪ੍ਰਦੇਸ਼ ਦੇ ਚੁਟਕਾ ਵਿਚ 700-700 ਮੈਗਾਵਾਟ ਦੇ ਦੋ ਯੂਨਿਟ ਪ੍ਰੀ-ਪ੍ਰੋਜੈਕਟ ਪੜਾਅ ਵਿਚ ਹਨ ਤੇ ਗੁਜਰਾਤ ਦੇ ਕਾਕਰਾਪਾਰ ’ਚ 700-700 ਮੈਗਾਵਾਟ ਦੇ ਦੋ ਯੂਨਿਟ ਪ੍ਰਸਤਾਵਿਤ ਹਨ। ਇਸ ਤੋਂ ਇਲਾਵਾ ਪੰਜ ਵੱਡੀਆਂ ਥਾਵਾਂ ਨੂੰ ਸਿਧਾਂਤਕ ਮਨਜ਼ੂਰੀ (ਇਨ-ਪ੍ਰਿੰਸੀਪਲ ਅਪਰੂਵਲ) ਦਿੱਤੀ ਗਈ ਹੈ, ਜਿਨ੍ਹਾਂ ਵਿਚ ਮਹਾਂਰਾਸ਼ਟਰ ਦਾ ਜੈਤਾਪੁਰ (6 ਗੁਣਾ 1730 ਮੈਗਾਵਾਟ), ਆਂਧਰਾ ਪ੍ਰਦੇਸ਼ ਦਾ ਕੋਵਵਾਡਾ (6 ਗੁਣਾ 1208 ਮੈਗਾਵਾਟ), ਪੱਛਮੀ ਬੰਗਾਲ ਦਾ ਹਰੀਪੁਰ (6 ਗੁਣਾ 1000 ਮੈਗਾਵਾਟ), ਗੁਜਰਾਤ ਦਾ ਮਿੱਠੀ ਵਿਰਦੀ (6 ਗੁਣਾ 1000 ਮੈਗਾਵਾਟ) ਅਤੇ ਮੱਧ ਪ੍ਰਦੇਸ਼ ਦਾ ਭੀਮਪੁਰ (4 ਗੁਣਾ 700 ਮੈਗਾਵਾਟ) ਸ਼ਾਮਲ ਹਨ। ਦਿਲਚਸਪ ਗੱਲ ਇਹ ਹੈ ਕਿ ਨਿਰਮਾਣ ਅਧੀਨ (8,000 ਮੈਗਾਵਾਟ) ਅਤੇ ਪ੍ਰੀ-ਪ੍ਰੋਜੈਕਟ (6,600 ਮੈਗਾਵਾਟ) ਪ੍ਰੋਜੈਕਟਾਂ ਦਾ ਕੁੱਲ ਜੋੜ 14,600 ਮੈਗਾਵਾਟ ਬਣਦਾ ਹੈ, ਜਦੋਂਕਿ ਰਿਪੋਰਟ ਅੰਦਰ ਮੰਤਰੀ ਦੇ ਜਵਾਬ ਵਿੱਚ 2031-32 ਦੇ ਟੀਚੇ ਲਈ 13,600 ਮੈਗਾਵਾਟ ਦਾ ਜ਼ਿਕਰ ਕੀਤਾ ਗਿਆ ਹੈ, ਜਿਸ ਵਿੱਚ 1,000 ਮੈਗਾਵਾਟ ਦੇ ਫ਼ਰਕ ਬਾਰੇ ਕੋਈ ਸਪਸ਼ਟੀਕਰਨ ਨਹੀਂ ਦਿੱਤਾ ਗਿਆ। ਪ੍ਰਮਾਣੂ ਪਲਾਂਟਾਂ ਦੀ ਸੁਰੱਖਿਆ ਬਾਰੇ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਥਾਂ ਦੀ ਚੋਣ, ਡਿਜ਼ਾਈਨ, ਨਿਰਮਾਣ, ਕਮਿਸ਼ਨਿੰਗ ਅਤੇ ਸੰਚਾਲਨ ਦੇ ਹਰ ਪੜਾਅ ’ਤੇ ਸੁਰੱਖਿਆ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਜਾਂਦੀ ਹੈ। ਪਲਾਂਟਾਂ ਨੂੰ ਪ੍ਰਮਾਣੂ ਊਰਜਾ ਰੈਗੂਲੇਟਰੀ ਬੋਰਡ (ਏ.ਈ.ਆਰ.ਬੀ.) ਦੇ ਨਿਯਮਾਂ ਅਨੁਸਾਰ ’ਡਿਫੈਂਸ-ਇਨ-ਡੈਪਥ’ ਅਤੇ ’ਫੇਲ-ਸੇਫ’ ਡਿਜ਼ਾਈਨ ਸਿਧਾਂਤਾਂ ’ਤੇ ਤਿਆਰ ਕੀਤਾ ਜਾਂਦਾ ਹੈ। ਇਨ੍ਹਾਂ ਦਾ ਸੰਚਾਲਨ ਉੱਚ ਯੋਗਤਾ ਪ੍ਰਾਪਤ, ਸਿਖਲਾਈ ਪ੍ਰਾਪਤ ਅਤੇ ਲਾਇਸੈਂਸਸ਼ੁਦਾ ਕਰਮਚਾਰੀਆਂ ਵੱਲੋਂ ਕੀਤਾ ਜਾਂਦਾ ਹੈ ਅਤੇ ਏ.ਈ.ਆਰ.ਬੀ. ਵੱਲੋਂ ਲਗਾਤਾਰ ਬਹੁ-ਪੱਧਰੀ ਸੁਰੱਖਿਆ ਸਮੀਖਿਆ ਕੀਤੀ ਜਾਂਦੀ ਹੈ। ਪਰਮਾਣੂ ਊਰਜਾ ਦਾ ਵਿਸਥਾਰ ਸਿੱਧੇ ਤੌਰ ’ਤੇ ਦੇਸ਼ ਦੇ ਕਰੋੜਾਂ ਬਿਜਲੀ ਖਪਤਕਾਰਾਂ, ਉਦਯੋਗਾਂ ਅਤੇ ਕਿਸਾਨਾਂ ਨਾਲ ਜੁੜਿਆ ਹੋਇਆ ਹੈ। ਜੇਕਰ 2031-32 ਤੱਕ 22,380 ਮੈਗਾਵਾਟ ਅਤੇ 2047 ਤੱਕ 100 ਗੀਗਾਵਾਟ ਦੇ ਟੀਚੇ ਸਮੇਂ ਸਿਰ ਪੂਰੇ ਹੁੰਦੇ ਹਨ, ਤਾਂ ਕੋਲੇ ’ਤੇ ਨਿਰਭਰਤਾ ਘਟੇਗੀ ਅਤੇ ਉੱਤਰੀ ਭਾਰਤ ਸਮੇਤ ਪੂਰੇ ਦੇਸ਼ ਵਿੱਚ ਬਿਜਲੀ ਦੀ ਸਥਿਰ ਸਪਲਾਈ ਯਕੀਨੀ ਬਣ ਸਕਦੀ ਹੈ। ਦੱਸਣਾ ਬਣਦਾ ਹੈ ਕਿ ਪੰਜਾਬ ਵਿੱਚ ਕਿਸੇ ਵੀ ਥਾਂ ਜਿਵੇਂ ਪਟਿਆਲਾ ਜਾਂ ਰੋਪੜ ਲਈ ਭਾਰਤ ਸਰਕਾਰ ਵੱਲੋਂ ਹਾਲੇ ਤੱਕ ਕਿਸੇ ਪਰਮਾਣੂ ਪਲਾਂਟ ਦੀ ਸਥਾਪਨਾ ਨੂੰ ਸਿਧਾਂਤਕ ਪ੍ਰਵਾਨਗੀ ਜਾਂ ਮਨਜ਼ੂਰੀ ਨਹੀਂ ਦਿੱਤੀ ਗਈ ਹੈ, ਹੁਣ ਜੋ ਪੰਜਾਬ ਨੂੰ ਕੇਂਦਰੀ ਪੂਲ ਵਿੱਚੋਂ ਅਸਲ ਉਪਲਬਧਤਾ ਤੇ ਸ਼ਡਿਊਲ ਸਮਰੱਥਾ 170 ਤੋਂ 261 ਮੈਗਾਵਾਟ ਪਰਮਾਣੂ ਬਿਜਲੀ ਦਰਜ ਕੀਤੀ ਗਈ ਹੈ ਇਹ ਵੀ ਕਿ ਖ਼ਾਸ ਕਰਕੇ ਪੰਜਾਬ ਅਤੇ ਹਰਿਆਣਾ ਵਰਗੇ ਖੇਤੀਬਾੜੀ ਪ੍ਰਧਾਨ ਸੂਬਿਆਂ ਵਿੱਚ, ਜਿੱਥੇ ਝੋਨੇ ਦੇ ਸੀਜ਼ਨ ਦੌਰਾਨ ਬਿਜਲੀ ਦੀ ਮੰਗ ਸਿਖ਼ਰ ’ਤੇ ਹੁੰਦੀ ਹੈ, ਗੋਰਖਪੁਰ (ਹਰਿਆਣਾ) ਵਰਗੇ ਨੇੜਲੇ ਪ੍ਰੋਜੈਕਟ ਗਰਿੱਡ ਨੂੰ ਮਜ਼ਬੂਤੀ ਦੇ ਸਕਦੇ ਹਨ। ਪਰ ਦੂਜੇ ਪਾਸੇ, ਜੇਕਰ ਪ੍ਰੋਜੈਕਟਾਂ ਵਿੱਚ ਦੇਰੀ ਹੁੰਦੀ ਹੈ ਜਾਂ ’ਸ਼ਾਂਤੀ ਐਕਟ 2025’ ਤਹਿਤ ਨਿੱਜੀ ਖੇਤਰ ਦੇ ਆਉਣ ਨਾਲ ਬਿਜਲੀ ਉਤਪਾਦਨ ਦੀ ਲਾਗਤ ਵਧਦੀ ਹੈ, ਤਾਂ ਇਸ ਦਾ ਸਿੱਧਾ ਵਿੱਤੀ ਬੋਝ ਆਮ ਖਪਤਕਾਰਾਂ ਅਤੇ ਸੂਬਾ ਸਰਕਾਰਾਂ ਦੀਆਂ ਬਿਜਲੀ ਸਬਸਿਡੀਆਂ ’ਤੇ ਪੈ ਸਕਦਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਸਰਕਾਰ ਪਿਛਲੇ ਟੀਚਿਆਂ ਦੀ ਸਮੀਖਿਆ ਕੀਤੇ ਬਿਨਾਂ 2047 ਦੇ ਇਸ ਵਿਸ਼ਾਲ ਪਰਮਾਣੂ ਮਿਸ਼ਨ ਨੂੰ ਜ਼ਮੀਨੀ ਪੱਧਰ ’ਤੇ ਕਿੰਨੀ ਕੁ ਪਾਰਦਰਸ਼ਤਾ ਅਤੇ ਰਫ਼ਤਾਰ ਨਾਲ ਲਾਗੂ ਕਰ ਪਾਉਂਦੀ ਹੈ।

ਪਿਛਲੀ ਖ਼ਬਰ ਵੋਟਰਾਂ ਦੇ ਗਲਤ ਵੇਰਵਿਆਂ ਨੂੰ ਠੀਕ ਕਰਨ ਲਈ ਫਾਰਮ-8 ਦੀ ਵਰਤੋਂ ਕੀਤੀ ਜਾਵੇ-ਚੋਣ ਕਮਿਸ਼ਨ ਅਗਲੀ ਖ਼ਬਰ ਸੁਪਰੀਮ ਕੋਰਟ ਵਲੋਂ ਰਾਹੁਲ ਗਾਂਧੀ ਖ਼ਿਲਾਫ਼ ਸੀ.ਬੀ.ਆਈ. ਤੇ ਈ.ਡੀ. ਜਾਂਚ ਦੇ ਆਦੇਸ਼ ਰੱਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।