29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

‘ਇੰਡੀਆ’ ਗੱਠਜੋੜ ਹੱਦਬੰਦੀ ਬਿੱਲ ਦਾ ਕਰੇਗਾ ਵਿਰੋਧ

ਨਵੀਂ ਦਿੱਲੀ, 28 ਨਵੰਬਰ (ਉਪਮਾ ਡਾਗਾ ਪਾਰਥ)- ਵਿਰੋਧੀ ਧਿਰਾਂ ਦੇ ਗੱਠਜੋੜ ‘ਇੰਡੀਆ ਬਲਾਕ’ ਨੇ ਸਨਿਚਰਵਾਰ ਨੂੰ ਕੀਤੀ ਰਣਨੀਤਕ ਬੈਠਕ ’ਚ ਵਿਸ਼ੇਸ਼ ਇਜਲਾਸ ’ਚ ਹੱਦਬੰਦੀ ਬਿੱਲ ਦਾ ਵਿਰੋਧ ਕਰਨ ਦਾ ਫ਼ੈਸਲਾ ਕੀਤਾ ਹੈ। ਬੈਠਕ ਤੋਂ ਬਾਅਦ ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਨੇ ਕੇਂਦਰ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਸਰਕਾਰ ਇਕ ਬਿੱਲ ਰਾਹੀਂ ਦੇਸ਼ ’ਚ ਪੱਟੀਦਰਜ ਜਾਤਾਂ ਅਤੇ ਪੱਟੀਦਰਜ ਕਬੀਲਿਆਂ ਨਾਲ ਨਾਇਨਸਾਫ਼ੀ ਕਰਨ ਜਾ ਰਹੀ ਹੈ। ਉਨ੍ਹਾਂ ਇਸ ਨੂੰ ਲੋਕਤੰਤਰ ਖ਼ਤਮ ਕਰਨ ਅਤੇ ਵਿਸ਼ੇਸ਼ ਵਿਆਪਕ ਮੁੜ ਨਿਰੀਖਣ..

ਅਜੀਤ ਡੈਸਕ 29-11-2026

ਨਵੀਂ ਦਿੱਲੀ, 28 ਨਵੰਬਰ (ਉਪਮਾ ਡਾਗਾ ਪਾਰਥ)- ਵਿਰੋਧੀ ਧਿਰਾਂ ਦੇ ਗੱਠਜੋੜ ‘ਇੰਡੀਆ ਬਲਾਕ’ ਨੇ ਸਨਿਚਰਵਾਰ ਨੂੰ ਕੀਤੀ ਰਣਨੀਤਕ ਬੈਠਕ ’ਚ ਵਿਸ਼ੇਸ਼ ਇਜਲਾਸ ’ਚ ਹੱਦਬੰਦੀ ਬਿੱਲ ਦਾ ਵਿਰੋਧ ਕਰਨ ਦਾ ਫ਼ੈਸਲਾ ਕੀਤਾ ਹੈ। ਬੈਠਕ ਤੋਂ ਬਾਅਦ ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਨੇ ਕੇਂਦਰ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਸਰਕਾਰ ਇਕ ਬਿੱਲ ਰਾਹੀਂ ਦੇਸ਼ ’ਚ ਪੱਟੀਦਰਜ ਜਾਤਾਂ ਅਤੇ ਪੱਟੀਦਰਜ ਕਬੀਲਿਆਂ ਨਾਲ ਨਾਇਨਸਾਫ਼ੀ ਕਰਨ ਜਾ ਰਹੀ ਹੈ। ਉਨ੍ਹਾਂ ਇਸ ਨੂੰ ਲੋਕਤੰਤਰ ਖ਼ਤਮ ਕਰਨ ਅਤੇ ਵਿਸ਼ੇਸ਼ ਵਿਆਪਕ ਮੁੜ ਨਿਰੀਖਣ (ਐੱਸ.ਆਈ.ਆਰ.) ਵਾਂਗ ਸੱਤਾ ਧਿਰ ਨੂੰ ਫ਼ਾਇਦਾ ਪਹੁੰਚਾਉਣ ਵਾਲੀ ਕਵਾਇਦ ਕਰਾਰ ਦਿੱਤਾ। ਸਨਿਚਰਵਾਰ ਨੂੰ ਹੋਈ ‘ਇੰਡੀਆ’ ਗੱਠਜੋੜ ਦੀ ਬੈਠਕ, ਜਿਸ ’ਚ ਐਨ.ਸੀ.ਪੀ.ਸੀ. (ਸ਼ਰਦ ਧੜੇ) ਨੇ ਹਿੱਸਾ ਨਹੀਂ ਲਿਆ, ’ਚ ਮਲਿਕਅਰਜੁਨ ਖੜਗੇ, ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ, ਟੀ.ਐਮ.ਸੀ., ਸ਼ਿਵ ਸੈਨਾ (ਊਧਵ ਧੜਾ) ਦੇ ਨੁਮਾਇੰਦਿਆਂ ਸਮੇਤ ਕਈ ਨੇਤਾ ਸ਼ਾਮਿਲ ਹੋਏ। ਖੜਗੇ ਨੇ ਕਿਹਾ ਕਿ ਹੱਦਬੰਦੀ ਬਿੱਲ ਰਾਹੀਂ ਭਾਜਪਾ ਪੂਰੀ ਸੱਤਾ ਹੱਥ ’ਚ ਲੈਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਬਿੱਲ ਨੂੰ ਲੋਕਤੰਤਰ ਲਈ ਵੱਡਾ ਖ਼ਤਰਾ ਦੱਸਦਿਆਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਉਨ੍ਹਾਂ (ਭਾਜਪਾ) ਨੇ ‘400 ਪਾਰ’ ਦਾ ਨਾਅਰਾ ਦਿੱਤਾ ਸੀ, ਪਰ ਜਦੋਂ ਅਜਿਹਾ ਨਹੀਂ ਹੋ ਪਾਇਆ ਤਾਂ ਹੁਣ ਉਹ ਸੀਟਾਂ ਵਧਾ ਕੇ 850 ਕਰਨਾ ਚਾਹੁੰਦੇ ਹਨ ਅਤੇ ਹਮੇਸ਼ਾ ਲਈ ਸੱਤਾ ’ਚ ਬਣੇ ਰਹਿਣਾ ਚਾਹੁੰਦੇ ਹਨ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਬਿੱਲ ’ਚ ਐੱਸ.ਸੀ./ਐੱਸ.ਟੀ. ਭਾਈਚਾਰੇ ਦੇ ਹਿੱਤਾਂ ਨੂੰ ਪੂਰੀ ਤਰ੍ਹਾਂ ਅਣਗੌਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਰਾਜ ’ਚ ਐੱਸ.ਸੀ. ਅਤੇ ਐੱਸ.ਟੀ. ਲਈ ਰਾਖਵੀਆਂ ਸੀਟਾਂ ਦੀ ਗਿਣਤੀ ਉਸ ਰਾਜ ’ਚ ਉਨ੍ਹਾਂ ਦੀ ਆਬਾਦੀ ਦੇ ਅਨੁਪਾਤ ’ਚ ਹੋਣੀ ਚਾਹੀਦੀ ਹੈ, ਇਸ ਲਈ ਐੱਸ.ਸੀ./ਐੱਸ.ਟੀ. ਲਈ ਰਾਖਵੀਆਂ ਸੀਟਾਂ ਦੀ ਗਿਣਤੀ ਵਧਣੀ ਚਾਹੀਦੀ ਹੈ ਪਰ ਪ੍ਰਸਤਾਵਿਤ ਸੋਧ ’ਚ ਇਸ ਦੀ ਕੋਈ ਵਿਵਸਥਾ ਨਹੀਂ ਹੈ। ਕਾਂਗਰਸ ਪ੍ਰਧਾਨ ਨੇ ਅੱਗੇ ਇਹ ਵੀ ਕਿਹਾ ਕਿ 2026 ਦੀ ਮਰਦਮਸ਼ੁਮਾਰੀ ਆਉਣ ਵਾਲੀ ਹੈ ਪਰ ਫਿਰ ਵੀ ਸਰਕਾਰ ਇਸ ’ਤੇ ਚੁੱਪ ਹੈ। ਜੇਕਰ ਸਰਕਾਰ  ਸੀਟਾਂ ਦੀ ਵੰਡ ਨਵੀਂ ਮਰਦਮਸ਼ੁਮਾਰੀ ਦੇ ਅੰਕੜਿਆਂ ਦੇ ਆਧਾਰ ’ਤੇ ਕਰਦੀ ਤਾਂ ਐੱਸ.ਸੀ./ਐੱਸ.ਟੀ. ਭਾਈਚਾਰਿਆਂ ਨੂੰ ਸੁਭਾਵਿਕ ਤੌਰ ’ਤੇ ਵੱਧ ਸੀਟਾਂ ਮਿਲਦੀਆਂ, ਜੋ ਉਨ੍ਹਾਂ ਦੀ ਵਧੀ ਹੋਈ ਆਬਾਦੀ ਨੂੰ ਦਰਸਾਉਂਦੀਆਂ। ਉਨ੍ਹਾਂ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਮੋਦੀ ਸਰਕਾਰ ਇਹ ਯਕੀਨੀ ਬਣਾਉਣਾ ਚਾਹੁੰਦੀ ਹੈ ਕਿ ਐੱਸ.ਸੀ./ਐੱਸ.ਟੀ. ਨੂੰ ਆਪਣਾ ਹੱਕ ਨਾ ਮਿਲੇ। ਕਾਂਗਰਸ ਪ੍ਰਧਾਨ ਨੇ ਇਕ ਹੋਰ ਮੁੱਦਾ ਉਠਾਉਂਦਿਆਂ ਇਹ ਵੀ ਕਿਹਾ ਕਿ ਉਸੇ ਚੋਣ ਕਮਿਸ਼ਨ ਨੂੰ ਹੱਦਬੰਦੀ ਦੀ ਜ਼ਿੰਮੇਵਾਰੀ ਸੌਂਪੀ ਜਾ ਰਹੀ ਹੈ, ਜਿਸ ਨੇ ਵੋਟਰ ਸੂਚੀ ਤੋਂ 10 ਕਰੋੜ ਤੋਂ ਵੱਧ ਲੋਕਾਂ ਦੇ ਨਾਂਅ ਹਟਾ ਦਿੱਤੇ ਹਨ। ਅਸੀਂ ਇਸ ਨੂੰ ਸਵੀਕਾਰ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਮੁੱਖ ਚੋਣ ਕਮਿਸ਼ਨਰ ’ਤੇ ਪਹਿਲਾਂ ਹੀ ਗੰਭੀਰ ਇਲਜ਼ਾਮ ਹਨ ਤੇ ਜੇਕਰ ਹੱਦਬੰਦੀ ਵੀ ਉਨ੍ਹਾਂ ਦੀ ਅਗਵਾਈ ਹੇਠ ਹੋਈ ਤਾਂ ਇਸ ’ਚ ਹੋਰ ਵੀ ਗੜਬੜੀਆਂ ਹੋਣਗੀਆਂ। ਜਦੋਂ ‘ਵੋਟ ਚੋਰੀ’ ਦੇ ਇਲਜ਼ਾਮਾਂ ’ਤੇ ਚੋਣ ਕਮਿਸ਼ਨ ਨੂੰ ਨਿਰਦੇਸ਼ ਦਿੱਤੇ ਜਾਂਦੇ ਹਨ ਤਾਂ ਉਹ ਹੱਦਬੰਦੀ ਦੌਰਾਨ ਕੁਝ ਵੀ ਹੇਰ-ਫੇਰ ਕਰ ਸਕਦੇ ਹਨ। ਖੜਗੇ ਨੇ ਬਿੱਲ ਲਈ ਪਾਰਟੀਆਂ ਨੂੰ ਤੋੜਣ ਦਾ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਪਿਛਲੀ ਵਾਰ ਜਦੋਂ ਬਿੱਲ ਲਿਆਂਦਾ ਗਿਆ ਸੀ ਤਾਂ ਉਹ ਲੋਕ ਨਾਕਾਮ ਹੋ ਗਏ ਸੀ। ਹੁਣ ਉਨ੍ਹਾਂ ਟੀ.ਐਮ.ਸੀ. ਨੂੰ ਤੋੜਿਆ, ਐਨ.ਸੀ.ਪੀ. ਨੂੰ ਤੋੜਿਆ, ਸ਼ਿਵ ਸੈਨਾ ਨੂੰ ਤੋੜਿਆ। ਸਾਰੀਆਂ ਪਾਰਟੀਆਂ ਨੂੰ ਤੋੜ ਕੇ ਜਦੋਂ ਉਨ੍ਹਾਂ ਨੂੰ ਮਹਿਸੂਸ ਹੋਇਆ ਕਿ ਉਨ੍ਹਾਂ ਕੋਲ ਗਿਣਤੀ ਹੈ, ਹਾਲਾਂਕਿ ਹਾਲੇ ਵੀ ਸਪੱਸ਼ਟ ਨਹੀਂ ਹੈ ਕਿ ਆਖਿਰ ’ਚ ਕੌਣ ਉਨ੍ਹਾਂ ਦਾ ਸਮਰਥਨ ਕਰੇਗਾ, ਉਹ ਫਿਰ ਇਹ ਬਿੱਲ ਲਿਆ ਰਹੇ ਹਨ, ਜੋ ਕਿ ਦੇਸ਼ ਲਈ ਵੱਡਾ ਖ਼ਤਰਾ ਹੈ।

 

ਪਿਛਲੀ ਖ਼ਬਰ ਅਫ਼ਗਾਨਿਸਤਾਨ ਦੇ ਸਕੂਲ ’ਚ ਭਿਆਨਕ ਧਮਾਕਾ, 11 ਮੌਤਾਂ ਅਗਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਜਾਇਆ ਨਗਰ ਕੀਰਤਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।