ਦਸੂਹਾ, 13 ਨਵੰਬਰ (ਭੁੱਲਰ)- 2016 ਬੈਚ ਦੇ ਪੀ.ਸੀ.ਐੱਸ. ਅਧਿਕਾਰੀ ਅਮਨਦੀਪ ਕੌਰ ਘੁੰਮਣ ਨੇ ਵਧੀਕ ਡਿਪਟੀ ਕਮਿਸ਼ਨਰ, ਦਸੂਹਾ ਵਜੋਂ ਅਹੁਦਾ ਸੰਭਾਲ ਲਿਆ ਹੈ। ਅਹੁਦਾ ਸੰਭਾਲਣ ਉਪਰੰਤ ਵਧੀਕ ਡਿਪਟੀ ਕਮਿਸ਼ਨਰ ਅਮਨਦੀਪ ਕੌਰ ਘੁੰਮਣ ਨੇ ਦੱਸਿਆ ਕਿ ਦਸੂਹਾ, ਮੁਕੇਰੀਆਂ, ਤਲਵਾੜਾ, ਹਾਜੀਪੁਰ ਅਤੇ ਟਾਂਡਾ ਆਦਿ ਖੇਤਰਾਂ ਦੇ ਵਸਨੀਕਾਂ ਨੂੰ ਪ੍ਰਸ਼ਾਸਨਿਕ ਸੇਵਾਵਾਂ ਲਈ ਹੁਣ ਹੁਸ਼ਿਆਰਪੁਰ ਨਹੀਂ ਜਾਣਾ ਪਿਆ ਕਰੇਗਾ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਰੋਜ਼ਾਨਾ ਲੋੜੀਂਦੀਆਂ ਪ੍ਰਸ਼ਾਸਨਿਕ ਸੇਵਾਵਾਂ, ਜਿਨ੍ਹਾਂ ਵਿਚ ਵੱਖ-ਵੱਖ ਤਰ੍ਹਾਂ ਦੇ ਸਰਟੀਫਿਕੇਟ, ਪੈਨਸ਼ਨਾਂ ਆਦਿ ਦੇ ਮਾਮਲੇ, ਫ਼ਸਲਾਂ ਦੀ ਖ਼ਰੀਦ, ਮੰਡੀਆਂ ਵਿਚ ਲੋੜੀਂਦੇ ਪ੍ਰਬੰਧ ਅਤੇ ਲੋਕ ਮਸਲੇ ਸ਼ਾਮਲ ਹਨ, ਦਸੂਹਾ ਵਿਖੇ ਹੀ ਵਧੀਕ ਡਿਪਟੀ ਕਮਿਸ਼ਨਰ ਦੇ ਦਫ਼ਤਰ ਵਲੋਂ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਆਉਂਦੇ ਕੁੱਝ ਦਿਨਾਂ ਵਿਚ ਵਧੀਕ ਡਿਪਟੀ ਕਮਿਸ਼ਨਰ ਦੇ ਦਫ਼ਤਰ ਦਾ ਕੰਮ ਪੂਰਨ ਤੌਰ ’ਤੇ ਸੁਚਾਰੂ ਢੰਗ ਨਾਲ ਸ਼ੁਰੂ ਹੋ ਜਾਵੇਗਾ ਜਿਸ ਦੀ ਲੋਕਾਂ ਨੂੰ ਬੇਹੱਦ ਸਹੂਲਤ ਹੋਵੇਗੀ।