ਦਸੂਹਾ, 23 ਸਤੰਬਰ (ਭੁੱਲਰ)- ਦਰਸ਼ਨ ਅਕਾਦਮੀ ਸੀ.ਬੀ.ਐੱਸ.ਈ. ਸੀਨੀਅਰ ਸੈਕੰਡਰੀ ਸਕੂਲ, ਦਸੂਹਾ ਵਿਖੇ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਪ੍ਰਤੀ ਪਿਆਰ ਅਤੇ ਸਤਿਕਾਰ ਦੀ ਭਾਵਨਾ ਪੈਦਾ ਕਰਨ ਦੇ ਉਦੇਸ਼ ਨਾਲ ਵਿਸ਼ਵ ਪੰਜਾਬੀ ਦਿਵਸ ਬੜੇ ਉਤਸ਼ਾਹ ਅਤੇ ਜੋਸ਼ ਨਾਲ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨੇ ਪੰਜਾਬੀ ਭਾਸ਼ਾ ਦੀ ਮਹੱਤਤਾ ਨੂੰ ਸਮਝਦਿਆਂ ਇਸ ਦੇ ਪ੍ਰਚਾਰ ਅਤੇ ਪ੍ਰਸਾਰ ਦਾ ਸੰਦੇਸ਼ ਦਿੱਤਾ। ਸਮਾਗਮ ਦੌਰਾਨ ਵਿਦਿਆਰਥੀਆਂ ਵੱਲੋਂ ਪੰਜਾਬੀ ਭਾਸ਼ਾ ਨਾਲ ਸਬੰਧਿਤ ਕਵਿਤਾਵਾਂ, ਕਵਿਤਾ ਉਚਾਰਨ, ਭਾਸ਼ਣ, ਵਿਚਾਰ-ਵਟਾਂਦਰਾ ਅਤੇ ਸੱਭਿਆਚਾਰਕ ਗਤੀਵਿਧੀਆਂ ਪੇਸ਼ ਕੀਤੀਆਂ ਗਈਆਂ। ਸਕੂਲ ਦੇ ਸਮੂਹ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਪੰਜਾਬੀ ਵਿੱਚ ਦਸਤਖ਼ਤ ਕਰਕੇ ਆਪਣੀ ਮਾਂ-ਬੋਲੀ ਪੰਜਾਬੀ ਪ੍ਰਤੀ ਪਿਆਰ ਅਤੇ ਸਤਿਕਾਰ ਦਾ ਪ੍ਰਗਟਾਵਾ ਕੀਤਾ। ਵਿਦਿਆਰਥੀਆਂ ਨੇ ਪੰਜਾਬੀ ਸਾਹਿਤ ਦੇ ਮਹਾਨ ਲੇਖਕਾਂ, ਕਵੀਆਂ ਅਤੇ ਪੰਜਾਬੀ ਭਾਸ਼ਾ ਦੇ ਵਿਕਾਸ ਵਿੱਚ ਉਨ੍ਹਾਂ ਦੇ ਯੋਗਦਾਨ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ। ਵਿਦਿਆਰਥੀਆਂ ਨੇ ਪੰਜਾਬੀ ਵਰਨਮਾਲਾ ਵੀ ਲਿਖੀ ਅਤੇ ਆਪਣੇ ਮਾਪਿਆਂ ਤੇ ਬਜ਼ੁਰਗਾਂ ਨਾਲ ਗੱਲਬਾਤ ਕਰਕੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ “ਪੰਜਾਬੀ ਮਾਂ-ਬੋਲੀ ਮੇਰੇ ਲਈ ਕੀ ਹੈ?”ਇਸ ਗਤੀਵਿਧੀ ਰਾਹੀਂ ਬੱਚਿਆਂ ਨੇ ਆਪਣੇ ਵਿਚਾਰਾਂ ਨੂੰ ਪੰਜਾਬੀ ਵਿੱਚ ਪ੍ਰਗਟ ਕੀਤਾ ਅਤੇ ਮਾਂ-ਬੋਲੀ ਨਾਲ ਆਪਣੇ ਭਾਵਨਾਤਮਕ ਰਿਸ਼ਤੇ ਨੂੰ ਸਮਝਿਆ। ਇਸ ਨਾਲ ਘਰ ਅਤੇ ਸਕੂਲ ਵਿਚਕਾਰ ਪੰਜਾਬੀ ਭਾਸ਼ਾ ਨੂੰ ਲੈ ਕੇ ਇੱਕ ਸੁੰਦਰ ਸਾਂਝ ਵੀ ਬਣੀ। ਇਸ ਮੌਕੇ ਵਿਦਿਆਰਥੀਆਂ ਨੇ “ਪੰਜਾਬੀ ਸਾਡੀ ਪਹਿਚਾਣ, ਸਾਡਾ ਮਾਣ” ਅਤੇ “ਪੰਜਾਬੀ ਬੋਲੋ, ਪੰਜਾਬੀ ਲਿਖੋ, ਪੰਜਾਬੀ ਨੂੰ ਅੱਗੇ ਵਧਾਈਏ” ਵਰਗੇ ਸੰਦੇਸ਼ਾਂ ਰਾਹੀਂ ਆਪਣੀ ਮਾਂ-ਬੋਲੀ ਪ੍ਰਤੀ ਪਿਆਰ ਦਾ ਪ੍ਰਗਟਾਵਾ ਕੀਤਾ। ਵਿਦਿਆਰਥੀਆਂ ਵੱਲੋਂ ਪੰਜਾਬੀ ਭਾਸ਼ਾ ਦੀ ਮਹੱਤਤਾ ਦਰਸਾਉਂਦੇ ਪੋਸਟਰ ਅਤੇ ਚਾਰਟ ਵੀ ਤਿਆਰ ਕੀਤੇ ਗਏ। ਸਕੂਲ ਦੇ ਪ੍ਰਿੰਸੀਪਲ ਸ੍ਰੀ ਰਸਿਕ ਗੁਪਤਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬੀ ਸਿਰਫ਼ ਸਾਡੀ ਭਾਸ਼ਾ ਹੀ ਨਹੀਂ, ਸਗੋਂ ਸਾਡੀ ਵਿਰਾਸਤ, ਸੱਭਿਆਚਾਰ ਅਤੇ ਪਹਿਚਾਣ ਦਾ ਮਹੱਤਵਪੂਰਨ ਹਿੱਸਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪੰਜਾਬੀ ਭਾਸ਼ਾ ਨੂੰ ਪੜ੍ਹਨ, ਲਿਖਣ ਅਤੇ ਰੋਜ਼ਾਨਾ ਜੀਵਨ ਵਿੱਚ ਸਤਿਕਾਰ ਨਾਲ ਵਰਤਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਹਰਭਜਨ ਸਿੰਘ, ਸ਼ਿਵਦੇਵ ਸਿੰਘ, ਹਰਪ੍ਰੀਤ ਸਿੰਘ, ਬਲਵਿੰਦਰ ਸਿੰਘ, ਹਰਜੀਤ ਕੁਮਾਰ, ਕੁਲਦੀਪ ਸਿੰਘ, ਐਚ.ਐਮ. ਮੈਡਮ ਆਰਤੀ ਸ਼ਰਮਾ, ਐਸ਼ਵਾਨੀ, ਮਿਸਿਜ਼ ਮਨਦੀਪ, ਕੰਚਨ, ਗੁਰਦੀਪ, ਨਿਰਮਲਜੀਤ, ਸਮ੍ਰਿਤੀ, ਕੁਲਜੀਤ, ਮੋਨਿਕਾ, ਸੁਖਵੀਰ, ਸ਼ਾਰਧਾ, ਮਨਿੰਦਰ ਕੌਰ, ਅਮਨਦੀਪ ਕੌਰ, ਲਿੱਲੀ, ਸ਼ਰਨਜੀਤ, ਕਾਮਨਾ, ਰਾਜਵਿੰਦਰ, ਨੀਹਾਰਿਕਾ, ਤਜਿੰਦਰ ਆਦਿ ਹਾਜ਼ਰ ਸਨ।