ਪਟਿਆਲਾ,16 ਸਤੰਬਰ (ਧਰਮਿੰਦਰ ਸਿੰਘ ਸਿੱਧੂ)- ਪਿਛਲੇ ਦਿਨੀ ਐੱਸ. ਡੀ. ਐਮ ਪਟਿਆਲਾ ਵਲੋਂ ਰਾਸ਼ਨ ਕਾਰਡ ਵੈਰੀਫਿਕੇਸ਼ਨ ਸਬੰਧੀ ਲੋਕਲ ਪਟਿਆਲਾ ਦੇ ਸਕੂਲਾਂ ’ਚੋਂ ਸੈਂਕੜਿਆਂ ਦੀ ਗਿਣਤੀ ਵਿਚ ਅਧਿਆਪਕਾਂ ਦੀਆਂ ਲਾਈਆਂ ਡਿਊਟੀਆਂ ਖ਼ਿਲਾਫ਼ ਸਮੂਹ ਅਧਿਆਪਕ ਜਥੇਬੰਦੀਆਂ ਵਲੋਂ ਮਿੰਨੀ ਸਕੱਤਰੇਤ ਵਿਖੇ ਕੀਤੇ ਰੋਸ ਪ੍ਰਦਰਸ਼ਨ ਦੇ ਚੱਲਦਿਆਂ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਤੈਅ ਕਰਵਾਈ ਮੀਟਿੰਗ ਤਹਿਤ ਅੱਜ ਡੀ. ਸੀ. ਪਟਿਆਲਾ ਹਿਮਾਂਸ਼ੂ ਅਗਰਵਾਲ ਨਾਲ ਅਧਿਆਪਕ ਜਥੇਬੰਦੀਆਂ ਦੀ ਮੀਟਿੰਗ ਹੋਈ। ਮੀਟਿੰਗ ਦੌਰਾਨ ਅਧਿਆਪਕ ਆਗੂਆਂ ਡਾ. ਰਾਮ ਸ਼ਰਨ, ਮਨਿੰਦਰ ਬਾਬਾ, ਗੁਰਪ੍ਰੀਤ ਗੁਰੂ ਨੇ ਰਾਸ਼ਨ ਕਾਰਡ ਵੈਰੀਫਿਕੇਸ਼ਨ ਸਮੇਤ ਹੋਰਨਾਂ ਗੈਰਵਿਦਿਅਕ ਡਿਊਟੀਆਂ ਦੇ ਮੁਕੰਮਲ ਬਾਈਕਾਟ ਕਰਨ ਦੇ ਫੈਸਲੇ ਬਾਰੇ ਡੀ.ਸੀ. ਪਟਿਆਲਾ ਨੂੰ ਸੂਚਿਤ ਕਰਦੇ ਹੋਏ ਸਪੱਸ਼ਟ ਕੀਤਾ ਕਿ ਰਾਸ਼ਨ ਕਾਰਡ ਵੈਰੀਫਿਕੇਸ਼ਨ ਡਿਊਟੀਆਂ ਨੂੰ ਅਧਿਆਪਕ ਜੁਆਇਨ ਨਹੀਂ ਕਰਨਗੇ ਅਤੇ ਇਸ ਸੰਬੰਧੀ ਜਾਰੀ ਲਿਸਟਾਂ ਨੂੰ ਬਿਨ੍ਹਾਂ ਦੇਰੀ ਤੋਂ ਵਾਪਿਸ ਲਿਆ ਜਾਵੇ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਡੀ.ਸੀ. ਪਟਿਆਲਾ ਵਲੋਂ ਹਾਂ ਪੱਖੀ ਹੁੰਗਾਰਾ ਭਰਦੇ ਹੋਏ ਸਮੂਹ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਜ਼ਿਲ੍ਹਾਂ ਸਿੱਖਿਆ ਅਫ਼ਸਰ ਨੂੰ ਜ਼ਰੂਰੀ ਨਿਰਦੇਸ਼ ਜਾਰੀ ਕਰਨ ਦਾ ਭਰੋਸਾ ਦਿੱਤਾ ਅਤੇ ਇਨ੍ਹਾਂ ਡਿਊਟੀਆਂ ਕਾਰਨ ਸਕੂਲਾਂ ਦੇ ਵਿੱਦਿਅਕ ਮਾਹੌਲ ਅਤੇ ਕੁੱਲ ਪ੍ਰਬੰਧਨ ਤੇ ਪੈਣ ਵਾਲੇ ਮਾਰੂ ਪ੍ਰਭਾਵਾਂ ਬਾਰੇ ਅਧਿਆਪਕ ਜੱਥੇਬੰਦੀਆਂ ਵੱਲੋਂ ਪ੍ਰਗਟਾਈ ਚਿੰਤਾ ਨਾਲ਼ ਉਹਨਾਂ ਵੱਲੋਂ ਸਹਿਮਤੀ ਪ੍ਰਗਟਾਉਂਦੇ ਹੋਏ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੀਆਂ ਗੈਰ ਵਿਦਿਅਕ ਡਿਊਟੀਆਂ ਲਗਾਉਣ ਤੋਂ ਇਤਿਹਾਤ ਵਰਤਣ ਦਾ ਭਰੋਸਾ ਦਿੱਤਾ ਗਿਆ।