ਲਿੰਕ ਸੜਕਾਂ ਦੇ ਤੇਜ਼ੀ ਨਾਲ ਨਿਰਮਾਣ ਦੇ ਦਾਅਵਿਆਂ ਵਿਚਕਾਰ ਰਾਮਗੜ੍ਹ ’ਚ ਸੜਕ ਦੀ ਹਾਲਤ ’ਤੇ ਉੱਠੇ ਸਵਾਲ
ਮਿੱਟੀ ਉੱਪਰ ਰੋੜੀ-ਲੁੱਕ ਪਾਉਣ ਦਾ ਪਿੰਡ ਵਾਸੀਆਂ ਵਲੋਂ ਦੋਸ਼, ਵਿਰੋਧ ਮਗਰੋਂ ਕੰਮ ਰੁਕਿਆ
ਡਕਾਲਾ, 25 ਸਤੰਬਰ (ਰਵਿੰਦਰ ਸਿੰਘ ਪੰਜੇਟਾ)- ਪੰਜਾਬ ਸਰਕਾਰ ਵਲੋਂ ਪਿੰਡਾਂ ਅੰਦਰ ਲਿੰਕ ਸੜਕਾਂ ਦੇ ਨਿਰਮਾਣ ਅਤੇ ਨਵੀਨੀਕਰਨ ਦੇ ਕੰਮ ਤੇਜ਼ੀ ਨਾਲ ਕਰਵਾਏ ਜਾਣ ਦੇ ਦਾਅਵਿਆਂ ਵਿਚਕਾਰ ਹਲਕਾ ਸਮਾਣਾ ਅਧੀਨ ਆਉਂਦੇ ਪਿੰਡ ਰਾਮਗੜ੍ਹ ਵਿਚ ਸੜਕ ਨਿਰਮਾਣ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਤੇ ਸੰਬੰਧਤ ਵਿਭਾਗ ਦੀ ਕਾਰਗੁਜ਼ਾਰੀ ’ਤੇ ਸਵਾਲ ਉਠਾਉਂਦਿਆਂ ਸੜਕ ਦਾ ਕੰਮ ਮਾਪਦੰਡਾਂ ਅਨੁਸਾਰ ਕਰਵਾਉਣ ਦੀ ਮੰਗ ਕੀਤੀ ਹੈ।
ਪ
ਪਿੰਡ ਰਾਮਗੜ੍ਹ ਸੜਕ ਜੋ ਅੱਧ ਵਿਚਕਾਰ ਰੁੱਕੀ ਹੋਈ ਨਜ਼ਰ ਆ ਰਹੀ ਤਸਵੀਰ। ਅਜੀਤ ਤਸਵੀਰ
26-09-2026
ਡਕਾਲਾ, 25 ਸਤੰਬਰ (ਰਵਿੰਦਰ ਸਿੰਘ ਪੰਜੇਟਾ)- ਪੰਜਾਬ ਸਰਕਾਰ ਵਲੋਂ ਪਿੰਡਾਂ ਅੰਦਰ ਲਿੰਕ ਸੜਕਾਂ ਦੇ ਨਿਰਮਾਣ ਅਤੇ ਨਵੀਨੀਕਰਨ ਦੇ ਕੰਮ ਤੇਜ਼ੀ ਨਾਲ ਕਰਵਾਏ ਜਾਣ ਦੇ ਦਾਅਵਿਆਂ ਵਿਚਕਾਰ ਹਲਕਾ ਸਮਾਣਾ ਅਧੀਨ ਆਉਂਦੇ ਪਿੰਡ ਰਾਮਗੜ੍ਹ ਵਿਚ ਸੜਕ ਨਿਰਮਾਣ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਤੇ ਸੰਬੰਧਤ ਵਿਭਾਗ ਦੀ ਕਾਰਗੁਜ਼ਾਰੀ ’ਤੇ ਸਵਾਲ ਉਠਾਉਂਦਿਆਂ ਸੜਕ ਦਾ ਕੰਮ ਮਾਪਦੰਡਾਂ ਅਨੁਸਾਰ ਕਰਵਾਉਣ ਦੀ ਮੰਗ ਕੀਤੀ ਹੈ। ਪਿੰਡ ਵਾਸੀ ਦਵਿੰਦਰ ਸਿੰਘ, ਸੁਰਿੰਦਰ ਸਿੰਘ ਅਤੇ ਬਹਾਦਰ ਸਿੰਘ ਨੇ ਦੱਸਿਆ ਕਿ ਬਲੇਬੜਾ ਰੋਡ ਤੋਂ ਸ਼ੁਰੂ ਹੋ ਕੇ ਪਿੰਡ ਸਫੇੜਾ ਰਾਹੀਂ ਰਾਮਗੜ੍ਹ ਵਿਚੋਂ ਲੰਘਦੀ ਹੋਈ ਡਕਾਲਾ ਰੋਡ ਨੂੰ ਜਾ ਮਿਲਣ ਵਾਲੀ ਸੜਕ ਦਾ ਨਿਰਮਾਣ ਕਾਰਜ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਮੌਕੇ ’ਤੇ ਕੰਮ ਕਰ ਰਹੇ ਮਜ਼ਦੂਰਾਂ ਵਲੋਂ ਪਹਿਲਾਂ ਸੜਕ ਦੀ ਸਹੀ ਢੰਗ ਨਾਲ ਸਫਾਈ ਤੇ ਤਿਆਰੀ ਕਰਨ ਦੀ ਬਜਾਏ ਮਿੱਟੀ ਉੱਪਰ ਹੀ ਰੋੜੀ ਅਤੇ ਲੁੱਕ ਪਾਉਣ ਦਾ ਕੰਮ ਕੀਤਾ ਜਾ ਰਿਹਾ ਸੀ। ਦਵਿੰਦਰ ਸਿੰਘ, ਸੁਰਿੰਦਰ ਸਿੰਘ ਅਤੇ ਬਹਾਦਰ ਸਿੰਘ ਅਨੁਸਾਰ ਜਦੋਂ ਪਿੰਡ ਵਾਸੀਆਂ ਨੇ ਇਸ ਤਰੀਕੇ ਨਾਲ ਕੀਤੇ ਜਾ ਰਹੇ ਕੰਮ ’ਤੇ ਇਤਰਾਜ਼ ਜਤਾਇਆ ਤਾਂ ਮੌਕੇ ’ਤੇ ਕੰਮ ਅੱਧ ਵਿਚਕਾਰ ਹੀ ਰੋਕ ਦਿੱਤਾ ਗਿਆ। ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਤੇ ਪੰਜਾਬ ਮੰਡੀ ਬੋਰਡ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਰਾਮਗੜ੍ਹ ਵਿਚ ਸੜਕ ਨਿਰਮਾਣ ਦੀ ਮੌਕੇ ’ਤੇ ਜਾਂਚ ਕਰਵਾਈ ਜਾਵੇ, ਕੰਮ ਦੀ ਗੁਣਵੱਤਾ ਦੀ ਜਾਂਚ ਕੀਤੀ ਜਾਵੇ ਤੇ ਮਾਪਦੰਡਾਂ ਅਨੁਸਾਰ ਹੀ ਸੜਕ ਦਾ ਕੰਮ ਮੁਕੰਮਲ ਕਰਵਾਇਆ ਜਾਵੇ। ਇਸ ਸੰਬੰਧੀ ਪੰਜਾਬ ਮੰਡੀ ਬੋਰਡ ਦੇ ਐੱਸ. ਡੀ. ਓ. ਪੰਕਜ ਵਰਮਾ ਨੇ ਪਿੰਡ ਵਾਸੀਆਂ ਵਲੋਂ ਲਗਾਏ ਦੋਸ਼ਾਂ ਸੰਬੰਧੀ ਕਿਹਾ ਕਿ ਸੜਕ ’ਤੇ ਮਿੱਟੀ ਦੀ ਸਫ਼ਾਈ ਕਰਨ ਉਪਰੰਤ ਲੁੱਕ ਤੇ ਰੋੜੀ ਪਾਉਣ ਦਾ ਕੰਮ ਕੀਤਾ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਵਲੋਂ ਸਮੂਹਿਕ ਤੌਰ ’ਤੇ ਕੰਮ ਨਹੀਂ ਰੋਕਿਆ ਗਿਆ। ਉਨ੍ਹਾਂ ਅਨੁਸਾਰ ਪਿੰਡ ਦੇ ਵਸਨੀਕ ਗੁਰਦੀਪ ਸਿੰਘ ਵੱਲੋਂ ਸੜਕ ਦੀ ਚੌੜਾਈ ਤੇ ਰਸਤੇ ਸਬੰਧੀ ਇਤਰਾਜ਼ ਕੀਤਾ ਗਿਆ ਸੀ। ਦੂਜੇ ਪਾਸੇ ਗੁਰਦੀਪ ਸਿੰਘ ਨੇ ਐੱਸ.ਡੀ.ਓ. ਵਲੋਂ ਉਨ੍ਹਾਂ ’ਤੇ ਲਗਾਏ ਗਏ ਇਤਰਾਜ਼ ਦੇ ਦੋਸ਼ਾਂ ਨੂੰ ਬਿਲਕੁਲ ਝੂਠਾ ਤੇ ਬੇਬੁਨਿਆਦ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਜਿਸ ਸਮੇਂ ਸੜਕ ਦਾ ਕੰਮ ਚੱਲ ਰਿਹਾ ਸੀ, ਉਸ ਸਮੇਂ ਉਹ ਘਰ ਵਿਚ ਮੌਜੂਦ ਵੀ ਨਹੀਂ ਸਨ।