02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਪੰਜਾਬ ’ਚ ਪਰਾਲੀ ਸਾੜਨ ਦੀਆਂ ਘਟਨਾਵਾਂ ਨੇ ਫੜਿਆ ਜ਼ੋਰ, ਇਕੋ ਦਿਨ ’ਚ 194 ਥਾਵਾਂ ’ਤੇ ਲੱਗੀ ਅੱਗਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ’ਚ ਕਿਸਾਨਾਂ ਨੇ ਪਰਾਲੀ ਸਾੜਨ ਤੋਂ ਕੀਤਾ ਕਾਫ਼ੀ ਹੱਦ ਤੱਕ ਗੁਰੇਜ਼ ਹੁਣ ਤੱਕ ਸਿਰਫ਼ 11 ਘਟਨਾਵਾਂ ਦਰਜ

ਅਮਲੋਹ, 1 ਨਵੰਬਰ (ਹਰਪ੍ਰੀਤ ਸਿੰਘ ਗਿੱਲ)-ਪੰਜਾਬ ਵਿਚ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਵਿਚ ਅਕਤੂਬਰ ਦੇ ਆਖ਼ਰੀ ਹਫ਼ਤੇ ਦੌਰਾਨ ਅਚਾਨਕ ਤੇਜ਼ੀ ਆ ਗਈ ਹੈ। 29 ਅਕਤੂਬਰ ਨੂੰ ਇਕੋ ਦਿਨ ਸੂਬੇ ਵਿਚ 194 ਥਾਵਾਂ ’ਤੇ ਪਰਾਲੀ ਸਾੜਨ ਦੀਆਂ ਘਟਨਾਵਾਂ ਸਾਹਮਣੇ ਆਈਆਂ, ਜਿਸ ਨਾਲ ਇਸ ਸੀਜ਼ਨ ਦੌਰਾਨ ਅੱਗ ਲਗਾਉਣ ਦੇ ਕੁੱਲ ਮਾਮਲਿਆਂ ਦੀ ਗਿਣਤੀ 1,007 ਤੱਕ ਪਹੁੰਚ ਗਈ ਹੈ।

ਫ਼ਤਹਿਗੜ੍ਹ ਸਾਹਿਬ ਦੇ ਪਿੰਡ ਭੱਟੋਂ ਵਿਚ ਕਿਸਾਨ ਦਵਿੰਦਰ ਸਿੰਘ ਟਿਵਾਣਾ ਦੇ ਖੇਤ ਵਿਚ ਕਟਾਈ ਦੇ ਨਾਲ ਹੀ ਰੋਟਾਵੇਟਰ ਨਾਲ ਖੇਤਾਂ ’ਚ ਰਲਾਈ ਜਾ ਰਹੀ ਪਰਾਲੀ ਦਾ ਦ੍ਰਿਸ਼। ਤਸਵੀਰ: ਹਰਪ੍ਰੀਤ ਸਿੰਘ ਗਿੱਲ 02-11-2026
ਅਮਲੋਹ, 1 ਨਵੰਬਰ (ਹਰਪ੍ਰੀਤ ਸਿੰਘ ਗਿੱਲ)-ਪੰਜਾਬ ਵਿਚ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਵਿਚ ਅਕਤੂਬਰ ਦੇ ਆਖ਼ਰੀ ਹਫ਼ਤੇ ਦੌਰਾਨ ਅਚਾਨਕ ਤੇਜ਼ੀ ਆ ਗਈ ਹੈ। 29 ਅਕਤੂਬਰ ਨੂੰ ਇਕੋ ਦਿਨ ਸੂਬੇ ਵਿਚ 194 ਥਾਵਾਂ ’ਤੇ ਪਰਾਲੀ ਸਾੜਨ ਦੀਆਂ ਘਟਨਾਵਾਂ ਸਾਹਮਣੇ ਆਈਆਂ, ਜਿਸ ਨਾਲ ਇਸ ਸੀਜ਼ਨ ਦੌਰਾਨ ਅੱਗ ਲਗਾਉਣ ਦੇ ਕੁੱਲ ਮਾਮਲਿਆਂ ਦੀ ਗਿਣਤੀ 1,007 ਤੱਕ ਪਹੁੰਚ ਗਈ ਹੈ। ਹਵਾ ਦੀ ਗੁਣਵੱਤਾ ਪ੍ਰਬੰਧਨ ਕਮਿਸ਼ਨ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਅਨੁਸਾਰ ਸੂਬੇ ਵਿਚ ਪਰਾਲੀ ਸਾੜਨ ਦੇ ਸਭ ਤੋਂ ਵੱਧ ਮਾਮਲੇ ਤਰਨਤਾਰਨ ਜ਼ਿਲ੍ਹੇ ਵਿਚ ਸਾਹਮਣੇ ਆਏ ਹਨ, ਜਿੱਥੇ 29 ਅਕਤੂਬਰ ਤੱਕ ਇਨ੍ਹਾਂ ਦੀ ਗਿਣਤੀ 397 ਹੋ ਗਈ ਹੈ। ਇਸੇ ਤਰ੍ਹਾਂ ਅੰਮ੍ਰਿਤਸਰ ਵਿਚ 171 ਅਤੇ ਫ਼ਿਰੋਜ਼ਪੁਰ ਵਿਚ 104 ਮਾਮਲੇ ਦਰਜ ਕੀਤੇ ਗਏ ਹਨ। ਇਨ੍ਹਾਂ ਤਿੰਨਾਂ ਜ਼ਿਲਿ੍ਆਂ ਵਿਚ ਹੀ ਪਰਾਲੀ ਸਾੜਨ ਦੀਆਂ ਕੁੱਲ 672 ਘਟਨਾਵਾਂ ਸਾਹਮਣੇ ਆਈਆਂ ਹਨ, ਜੋ ਸੂਬੇ ਦੇ ਕੁੱਲ ਮਾਮਲਿਆਂ ਦਾ ਲਗਭਗ 67 ਫ਼ੀਸਦੀ ਬਣਦੀਆਂ ਹਨ। ਦੂਜੇ ਪਾਸੇ, ਇਨ੍ਹਾਂ ਅੰਕੜਿਆਂ ਵਿਚ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਕਿਸਾਨਾਂ ਵਲੋਂ ਪਰਾਲੀ ਦੀ ਸੁਚੱਜੀ ਸੰਭਾਲ ਕਰਨ ਸਬੰਧੀ ਅਪਣਾਏ ਜਾ ਰਹੇ ਰੁਝਾਨ ਦੀ ਵੀ ਝਲਕ ਮਿਲਦੀ ਹੈ। ਪਿਛਲੇ ਸਾਲਾਂ ਦੀ ਤਰ੍ਹਾਂ ਇਸ ਸਾਲ ਵੀ ਜ਼ਿਲ੍ਹੇ ਵਿਚ ਪਰਾਲੀ ਸਾੜਨ ਦੀਆਂ ਘਟਨਾਵਾਂ ਵਿਚ ਵੱਡੀ ਕਮੀ ਦਰਜ ਕੀਤੀ ਗਈ ਹੈ। ਪ੍ਰਾਪਤ ਅੰਕੜਿਆਂ ਅਨੁਸਾਰ 29 ਅਕਤੂਬਰ ਤੱਕ ਜ਼ਿਲ੍ਹੇ ਵਿਚ ਪਰਾਲੀ ਸਾੜਨ ਦੇ ਸਿਰਫ਼ 11 ਮਾਮਲੇ ਸਾਹਮਣੇ ਆਏ ਹਨ। ਜੇਕਰ ਪਿਛਲੇ ਚਾਰ ਸਾਲਾਂ ਦੇ ਅੰਕੜਿਆਂ ’ਤੇ ਨਜ਼ਰ ਮਾਰੀਏ ਤਾਂ ਸਾਲ 2022 ਵਿਚ ਜ਼ਿਲ੍ਹੇ ਅੰਦਰ ਪਰਾਲੀ ਸਾੜਨ ਦੀਆਂ 1,149 ਘਟਨਾਵਾਂ ਦਰਜ ਹੋਈਆਂ ਸਨ, ਜੋ 2023 ਵਿਚ ਘੱਟ ਕੇ 888, 2024 ਵਿਚ 233 ਅਤੇ 2025 ਵਿਚ ਸਿਰਫ਼ 49 ਰਹਿ ਗਈਆਂ। ਇਸ ਤਰ੍ਹਾਂ ਸਾਲ 2022 ਦੇ ਮੁਕਾਬਲੇ 2025 ਵਿਚ ਜ਼ਿਲ੍ਹੇ ਅੰਦਰ ਪਰਾਲੀ ਸਾੜਨ ਦੀਆਂ ਘਟਨਾਵਾਂ ਵਿਚ ਲਗਭਗ 96 ਫ਼ੀਸਦੀ ਕਮੀ ਦਰਜ ਕੀਤੀ ਗਈ ਹੈ। ਇਸ ਸਾਲ ਵੀ 13 ਅਕਤੂਬਰ ਤੱਕ ਜ਼ਿਲ੍ਹੇ ਵਿਚ ਅੱਗ ਲਗਾਉਣ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਸੀ, ਜਦੋਂਕਿ 29 ਅਕਤੂਬਰ ਤੱਕ ਇਹ ਗਿਣਤੀ ਸਿਰਫ਼ 11 ਰਹੀ। ਪਰਾਲੀ ਸਾੜਨ ਦੀਆਂ ਘਟਨਾਵਾਂ ਵਿਚ ਕਮੀ ਦਾ ਇਹ ਰੁਝਾਨ ਸਿਰਫ਼ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਤੱਕ ਹੀ ਸੀਮਤ ਨਹੀਂ, ਸਗੋਂ ਪਿਛਲੇ ਕੁਝ ਸਾਲਾਂ ਦੌਰਾਨ ਪੂਰੇ ਪੰਜਾਬ ਵਿਚ ਵੀ ਅਜਿਹੀਆਂ ਘਟਨਾਵਾਂ ਵਿਚ ਵੱਡੀ ਕਮੀ ਦਰਜ ਕੀਤੀ ਗਈ ਹੈ। ਪੁਰਾਣੇ ਅੰਕੜਿਆਂ ਅਨੁਸਾਰ ਸਾਲ 2022 ਵਿਚ ਪੂਰੇ ਪੰਜਾਬ ਵਿਚ ਪਰਾਲੀ ਸਾੜਨ ਦੇ 49,922 ਮਾਮਲੇ ਸਾਹਮਣੇ ਆਏ ਸਨ, ਜੋ 2023 ਵਿਚ ਘੱਟ ਕੇ 36,663, 2024 ਵਿਚ 10,909 ਅਤੇ 2025 ਵਿਚ ਸਿਰਫ਼ 5,114 ਰਹਿ ਗਏ। ਇਸ ਤਰ੍ਹਾਂ ਸਾਲ 2022 ਦੇ ਮੁਕਾਬਲੇ 2025 ਵਿਚ ਸੂਬੇ ਅੰਦਰ ਪਰਾਲੀ ਸਾੜਨ ਦੀਆਂ ਘਟਨਾਵਾਂ ਵਿਚ ਲਗਭਗ 90 ਫ਼ੀਸਦੀ ਕਮੀ ਦਰਜ ਕੀਤੀ ਗਈ ਹੈ। ਇਸ ਸਾਲ ਵੀ ਪ੍ਰਸ਼ਾਸਨ ਵਲੋਂ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਰੋਕਣ ਲਈ ਸਖ਼ਤੀ ਵਰਤੀ ਜਾ ਰਹੀ ਹੈ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ 29 ਅਕਤੂਬਰ ਤੱਕ ਦੇ ਅੰਕੜਿਆਂ ਅਨੁਸਾਰ ਪਰਾਲੀ ਸਾੜਨ ਵਾਲੇ ਕਿਸਾਨਾਂ ਵਿਰੁੱਧ ਕੀਤੀ ਗਈ ਕਾਰਵਾਈ ਤਹਿਤ 349 ਮਾਮਲਿਆਂ ਵਿੱਚ ਕੁੱਲ 17.50 ਲੱਖ ਰੁਪਏ ਦਾ ਵਾਤਾਵਰਨ ਮੁਆਵਜ਼ਾ ਲਗਾਇਆ ਗਿਆ ਹੈ, ਜਿਸ ਵਿਚੋਂ 13.15 ਲੱਖ ਰੁਪਏ ਤੋਂ ਵੱਧ ਦੀ ਵਸੂਲੀ ਵੀ ਹੋ ਚੁੱਕੀ ਹੈ। ਇਸ ਤੋਂ ਇਲਾਵਾ ਪਰਾਲੀ ਸਾੜਨ ਦੇ ਮਾਮਲਿਆਂ ਵਿਚ 246 ਐੱਫ.ਆਈ.ਆਰ. ਦਰਜ ਕੀਤੀਆਂ ਗਈਆਂ ਹਨ ਅਤੇ 297 ਕਿਸਾਨਾਂ ਦੀਆਂ ਜ਼ਮੀਨੀ ਰਿਕਾਰਡਾਂ ਵਿਚ ਰੈੱਡ ਐਂਟਰੀਆਂ ਵੀ ਕੀਤੀਆਂ ਗਈਆਂ ਹਨ। ਇਸ ਦੇ ਨਾਲ ਹੀ ਸਬੰਧਿਤ ਨੋਡਲ ਅਤੇ ਨਿਗਰਾਨ ਅਧਿਕਾਰੀਆਂ ਨੂੰ 426 ਕਾਰਨ ਦੱਸੋ ਨੋਟਿਸ ਅਤੇ ਚਿਤਾਵਨੀਆਂ ਜਾਰੀ ਕੀਤੀਆਂ ਗਈਆਂ ਹਨ।ਪ੍ਰਸ਼ਾਸਨ ਵਲੋਂ ਵਰਤੀ ਜਾ ਰਹੀ ਇਸ ਸਖ਼ਤੀ ਦੇ ਬਾਵਜੂਦ ਇਕੋ ਦਿਨ ਵਿਚ ਪਰਾਲੀ ਸਾੜਨ ਦੀਆਂ 194 ਘਟਨਾਵਾਂ ਸਾਹਮਣੇ ਆਉਣ ਦੇ ਕਾਰਨਾਂ ਬਾਰੇ ਜਦੋਂ ਖੇਤੀਬਾੜੀ ਵਿਭਾਗ ਦੇ ਇਕ ਉੱਚ ਅਧਿਕਾਰੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਸ ਸਾਲ ਝੋਨੇ ਦੀ ਕਟਾਈ ਵਿਚ ਹੋਈ ਦੇਰੀ ਅਤੇ ਅਕਤੂਬਰ ਮਹੀਨੇ ਦੌਰਾਨ ਪਈ ਬੇਮੌਸਮੀ ਬਾਰਸ਼ ਕਾਰਨ ਪਰਾਲੀ ਦੇ ਪ੍ਰਬੰਧਨ ਦਾ ਕੰਮ ਪ੍ਰਭਾਵਿਤ ਹੋਇਆ ਹੈ। ਉਨ੍ਹਾਂ ਅਨੁਸਾਰ ਕਣਕ ਦੀ ਬਿਜਾਈ ਦਾ ਸਮਾਂ ਸਿਰ ’ਤੇ ਹੋਣ ਕਾਰਨ ਕਿਸਾਨਾਂ ਨੂੰ ਖੇਤ ਖ਼ਾਲੀ ਕਰਨ ਦੀ ਕਾਹਲੀ ਹੈ। ਕਣਕ ਦੀ ਬਿਜਾਈ ਪਛੜਨ ਦੇ ਡਰੋਂ ਕੁਝ ਕਿਸਾਨ ਪਰਾਲੀ ਦਾ ਸੁਚੱਜਾ ਪ੍ਰਬੰਧ ਕਰਨ ਦੀ ਬਜਾਏ ਖੇਤਾਂ ਵਿਚ ਅੱਗ ਲਗਾਉਣ ਦਾ ਰਾਹ ਅਪਣਾ ਰਹੇ ਹਨ।
ਪਿਛਲੀ ਖ਼ਬਰ ਹਲਕੇ ਦੇ ਲੋਕ 2027 ਦੀਆਂ ਚੋਣਾਂ ਵਿਚ ਹਲਕਾ ਵਿਧਾਇਕ ਲਖਬੀਰ ਸਿੰਘ ਰਾਏ ਦੀ ਜਿੱਤ ਯਕੀਨੀ ਬਣਾਉਣਗੇ-ਪੋਲਾ ਅਗਲੀ ਖ਼ਬਰ ਕੰਵਰਵੀਰ ਸਿੰਘ ਟੌਹੜਾ ਦੇ ਦਫ਼ਤਰ ਵਿਖੇ ਅੰਕਿਤ ਅਤੇ ਅੰਮ੍ਰਿਤ ਸਿੰਘ ਔਜਲਾ ਦਾ ਕੀਤਾ ਗਿਆ ਵਿਸ਼ੇਸ਼ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।