ਲੋੜਵੰਦ ਪਰਿਵਾਰ ਦੀ ਬੇਟੀ ਦੇ ਵਿਆਹ ਲਈ ਇਕ ਲੱਖ ਰੁਪਏ ਦੀ ਆਰਥਿਕ ਸਹਾਇਤਾ ਵੀ ਦਿੱਤੀ
ਸੰਘੋਲ, 7 ਨਵੰਬਰ (ਗੁਰਨਾਮ ਸਿੰਘ ਚੀਨਾ)-ਦੀਵਾਲੀ ਦੇ ਪਵਿੱਤਰ ਤਿਉਹਾਰ ਮੌਕੇ ਪਰਮਦੀਪ ਸਿੰਘ ਪੰਮਾ ਸਾਈਂ (ਸਲੇਮਪੁਰ ਬ੍ਰਾਹਮਣਾਂ ਵਾਲਿਆਂ) ਵਲੋਂ ਆਪਣੇ ਪਰਿਵਾਰ ਸਮੇਤ ਆਪਣੇ ਜੱਦੀ ਪਿੰਡ ਖੰਟ ਵਿਖੇ ਲੋੜਵੰਦ ਤੇ ਗ਼ਰੀਬ ਪਰਿਵਾਰਾਂ ਨਾਲ ਦੀਵਾਲੀ ਦਾ ਤਿਉਹਾਰ ਮਨਾਇਆ ਗਿਆ ਤੇ ਉਨ੍ਹਾਂ ਨੂੰ ਤੋਹਫ਼ੇ ਅਤੇ ਮਠਿਆਈਆਂ ਵੰਡ ਕੇ ਖ਼ੁਸ਼ੀਆਂ ਸਾਂਝੀਆਂ ਕੀਤੀਆਂ ਗਈਆਂ। ਇਸ ਮੌਕੇ ਉਨ੍ਹਾਂ ਨੇ ਪਿੰਡ ਵਾਸੀਆਂ ਨੂੰ ਦੀਵਾਲੀ ਦੀਆਂ ਵਧਾਈਆਂ ਦਿੰਦਿਆਂ ਆਪਸੀ ਪਿਆਰ, ਭਾਈਚਾਰਕ ਸਾਂਝ ਅਤੇ ਮਿਲਵਰਤਨ ਨਾਲ ਤਿਉਹਾਰ ਮਨਾਉਣ ਦਾ ਸੁਨੇਹਾ ਦਿੱਤਾ।
ਸੰਘੋਲ, 7 ਨਵੰਬਰ (ਗੁਰਨਾਮ ਸਿੰਘ ਚੀਨਾ)-ਦੀਵਾਲੀ ਦੇ ਪਵਿੱਤਰ ਤਿਉਹਾਰ ਮੌਕੇ ਪਰਮਦੀਪ ਸਿੰਘ ਪੰਮਾ ਸਾਈਂ (ਸਲੇਮਪੁਰ ਬ੍ਰਾਹਮਣਾਂ ਵਾਲਿਆਂ) ਵਲੋਂ ਆਪਣੇ ਪਰਿਵਾਰ ਸਮੇਤ ਆਪਣੇ ਜੱਦੀ ਪਿੰਡ ਖੰਟ ਵਿਖੇ ਲੋੜਵੰਦ ਤੇ ਗ਼ਰੀਬ ਪਰਿਵਾਰਾਂ ਨਾਲ ਦੀਵਾਲੀ ਦਾ ਤਿਉਹਾਰ ਮਨਾਇਆ ਗਿਆ ਤੇ ਉਨ੍ਹਾਂ ਨੂੰ ਤੋਹਫ਼ੇ ਅਤੇ ਮਠਿਆਈਆਂ ਵੰਡ ਕੇ ਖ਼ੁਸ਼ੀਆਂ ਸਾਂਝੀਆਂ ਕੀਤੀਆਂ ਗਈਆਂ। ਇਸ ਮੌਕੇ ਉਨ੍ਹਾਂ ਨੇ ਪਿੰਡ ਵਾਸੀਆਂ ਨੂੰ ਦੀਵਾਲੀ ਦੀਆਂ ਵਧਾਈਆਂ ਦਿੰਦਿਆਂ ਆਪਸੀ ਪਿਆਰ, ਭਾਈਚਾਰਕ ਸਾਂਝ ਅਤੇ ਮਿਲਵਰਤਨ ਨਾਲ ਤਿਉਹਾਰ ਮਨਾਉਣ ਦਾ ਸੁਨੇਹਾ ਦਿੱਤਾ। ਇਸ ਮੌਕੇ ਪਰਮਦੀਪ ਸਿੰਘ ਪੰਮਾ ਸਾਈਂ ਨੇ ਕਿਹਾ ਕਿ ਦੀਵਾਲੀ ਖ਼ੁਸ਼ੀਆਂ ਅਤੇ ਰੌਸ਼ਨੀ ਦਾ ਤਿਉਹਾਰ ਹੈ, ਜਿਸ ਨੂੰ ਸਾਰਿਆਂ ਨੂੰ ਰਲ-ਮਿਲ ਕੇ ਮਨਾਉਣਾ ਚਾਹੀਦਾ ਹੈ। ਤਿਉਹਾਰਾਂ ਦੀ ਅਸਲ ਖ਼ੁਸ਼ੀ ਉਦੋਂ ਮਿਲਦੀ ਹੈ ਜਦੋਂ ਅਸੀਂ ਆਪਣੀਆਂ ਖ਼ੁਸ਼ੀਆਂ ਲੋੜਵੰਦਾਂ ਨਾਲ ਸਾਂਝੀਆਂ ਕਰਦੇ ਹਾਂ ਅਤੇ ਉਨ੍ਹਾਂ ਦੇ ਚਿਹਰਿਆਂ ’ਤੇ ਮੁਸਕਰਾਹਟ ਲਿਆਉਣ ਦਾ ਯਤਨ ਕਰਦੇ ਹਾਂ। ਇਸ ਮੌਕੇ ਪੰਮਾ ਸਾਈਂ ਨੇ ਆਪਣੇ ਜੱਦੀ ਪਿੰਡ ਨਾਲ ਜੁੜੀਆਂ ਯਾਦਾਂ ਸਾਂਝੀਆਂ ਕਰਦਿਆਂ ਭਾਵੁਕ ਹੁੰਦਿਆਂ ਕਿਹਾ ਕਿ ਜਦੋਂ ਵੀ ਉਹ ਆਪਣੇ ਪਿੰਡ ਆਉਂਦੇ ਹਨ ਤਾਂ ਮਨ ਨੂੰ ਅਜਿਹਾ ਸਕੂਨ ਮਿਲਦਾ ਹੈ ਕਿ ਦਿਲ ਕਰਦਾ ਹੈ ਕਿ ਇੱਥੋਂ ਕਦੇ ਵਾਪਸ ਹੀ ਨਾ ਜਾਈਏ ਤੇ ਉਨ੍ਹਾਂ ਦਾ ਬਚਪਨ ਇਸੇ ਪਿੰਡ ਦੀਆਂ ਗਲੀਆਂ ਅਤੇ ਮਿੱਟੀ ਨਾਲ ਜੁੜਿਆ ਹੋਇਆ ਹੈ, ਜਿਸ ਕਰਕੇ ਪਿੰਡ ਨਾਲ ਉਨ੍ਹਾਂ ਦਾ ਮੋਹ ਅੱਜ ਵੀ ਪਹਿਲਾਂ ਵਾਂਗ ਬਰਕਰਾਰ ਹੈ। ਇਸ ਮੌਕੇ ਉਨ੍ਹਾਂ ਵਲੋਂ ਇਕ ਲੋੜਵੰਦ ਪਰਿਵਾਰ ਦੀ ਬੇਟੀ ਦੇ ਵਿਆਹ ਲਈ ਇਕ ਲੱਖ ਰੁਪਏ ਦੀ ਆਰਥਿਕ ਸਹਾਇਤਾ ਵੀ ਦਿੱਤੀ ਗਈ। ਉਨ੍ਹਾਂ ਦੇ ਇਸ ਉਪਰਾਲੇ ਦੀ ਪਿੰਡ ਵਾਸੀਆਂ ਵਲੋਂ ਸ਼ਲਾਘਾ ਕੀਤੀ ਗਈ। ਇਸ ਮੌਕੇ ਟਰੈਫ਼ਿਕ ਸੋਸ਼ਲ ਵਰਕਰ ਜਸਪਾਲ ਸਿੰਘ ਮਾਨ, ਸਰਪੰਚ ਅਮਰਜੀਤ ਕੌਰ ਖੰਟ, ਜਸਬੀਰ ਸਿੰਘ, ਪੰਚ ਗੁਰਪ੍ਰੀਤ ਸਿੰਘ, ਹਰਵਿੰਦਰ ਸਿੰਘ, ਹਰਦੀਪ ਸਿੰਘ, ਸਵਰਨ ਸਿੰਘ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।