ਵਰਲਡ ਯੂਨੀਵਰਸਿਟੀ ਵਲੋਂ ਰਾਸ਼ਟਰੀ ਸਿੱਖਿਆ ਦਿਵਸ ਮੌਕੇ ‘ਕਿਸ਼ੋਰਾਂ ਵਿਚ ਹਮਲਾਵਰ ਵਿਵਹਾਰ’ ਬਾਰੇ ਖੋਜ ਕਾਨਫ਼ਰੰਸ
ਫ਼ਤਹਿਗੜ੍ਹ ਸਾਹਿਬ, 11 ਨਵੰਬਰ (ਬਲਜਿੰਦਰ ਸਿੰਘ) -ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫ਼ਤਹਿਗੜ੍ਹ ਸਾਹਿਬ ਦੇ ਸਿੱਖਿਆ ਵਿਭਾਗ ਵਲੋਂ ਰਾਸ਼ਟਰੀ ਸਿੱਖਿਆ ਦਿਵਸ ਮੌਕੇ ਕਿਸ਼ੋਰਾਂ ਵਿਚ ਹਮਲਾਵਰ ਵਿਵਹਾਰ ਦੇ ਮਨੋਵਿਗਿਆਨਕ, ਸਮਾਜਿਕ ਅਤੇ ਵਿਵਹਾਰਿਕ ਪਹਿਲੂਆਂ ਨੂੰ ਸਮਝਣ ਦੇ ਉਦੇਸ਼ ਨਾਲ ਵਿਦਿਆਰਥੀ ਖੋਜ ਕਾਨਫ਼ਰੰਸ ਕਰਵਾਈ ਗਈ। ਕਾਨਫ਼ਰੰਸ ਦਾ ਵਿਸ਼ਾ ‘ਕਿਸ਼ੋਰਾਂ ਵਿਚ ਹਮਲਾਵਰ ਵਿਵਹਾਰ ਜੋਖ਼ਮ ਕਾਰਕਾਂ ਤੋਂ ਮਾਨਸਿਕ ਦ੍ਰਿੜ੍ਹਤਾ ਤੱਕ ਖੋਜ, ਰੋਕਥਾਮ ਤੇ ਦਖ਼ਲਅੰਦਾਜ਼ੀ’ ਸੀ।
ਫ਼ਤਹਿਗੜ੍ਹ ਸਾਹਿਬ, 11 ਨਵੰਬਰ (ਬਲਜਿੰਦਰ ਸਿੰਘ) -ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫ਼ਤਹਿਗੜ੍ਹ ਸਾਹਿਬ ਦੇ ਸਿੱਖਿਆ ਵਿਭਾਗ ਵਲੋਂ ਰਾਸ਼ਟਰੀ ਸਿੱਖਿਆ ਦਿਵਸ ਮੌਕੇ ਕਿਸ਼ੋਰਾਂ ਵਿਚ ਹਮਲਾਵਰ ਵਿਵਹਾਰ ਦੇ ਮਨੋਵਿਗਿਆਨਕ, ਸਮਾਜਿਕ ਅਤੇ ਵਿਵਹਾਰਿਕ ਪਹਿਲੂਆਂ ਨੂੰ ਸਮਝਣ ਦੇ ਉਦੇਸ਼ ਨਾਲ ਵਿਦਿਆਰਥੀ ਖੋਜ ਕਾਨਫ਼ਰੰਸ ਕਰਵਾਈ ਗਈ। ਕਾਨਫ਼ਰੰਸ ਦਾ ਵਿਸ਼ਾ ‘ਕਿਸ਼ੋਰਾਂ ਵਿਚ ਹਮਲਾਵਰ ਵਿਵਹਾਰ ਜੋਖ਼ਮ ਕਾਰਕਾਂ ਤੋਂ ਮਾਨਸਿਕ ਦ੍ਰਿੜ੍ਹਤਾ ਤੱਕ ਖੋਜ, ਰੋਕਥਾਮ ਤੇ ਦਖ਼ਲਅੰਦਾਜ਼ੀ’ ਸੀ। ਡਾ. ਪਰਿਤ ਪਾਲ ਸਿੰਘ, ਵਾਈਸ ਚਾਂਸਲਰ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਯੂਨੀਵਰਸਿਟੀਆਂ ਨੂੰ ਸਿੱਖਿਆ ਦੇ ਨਾਲ-ਨਾਲ ਸਮਾਜਿਕ ਤੇ ਮਨੋਵਿਗਿਆਨਕ ਚੁਨੌਤੀਆਂ ਦੇ ਹੱਲ ਲਈ ਵੀ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਨੇ ਗੁਣਵੱਤਾ ਪੂਰਨ ਖੋਜ ਤੇ ਸਮਾਜਿਕ ਸਰੋਕਾਰਾਂ ਨਾਲ ਜੁੜੀ ਸਿੱਖਿਆ ਨੂੰ ਉਤਸ਼ਾਹਿਤ ਕਰਨ ਦੀ ਵਚਨਬੱਧਤਾ ਦੁਹਰਾਈ। ਡਾ. ਸੁਖਵਿੰਦਰ ਸਿੰਘ ਬਿਲਿੰਗ, ਡੀਨ ਅਕਾਦਮਿਕ ਮਾਮਲੇ ਨੇ ਉਦਘਾਟਨੀ ਭਾਸ਼ਣ ਦਿੰਦਿਆਂ ਖੋਜ ਤੇ ਅਕਾਦਮਿਕ ਸੰਵਾਦ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ ਤੇ ਵਿਦਿਆਰਥੀਆਂ ਨੂੰ ਵਿਗਿਆਨਕ ਦ੍ਰਿਸ਼ਟੀਕੋਣ ਅਪਣਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਡਾ. ਹਰਨੀਤ ਬਿਲਿੰਗ, ਮੁਖੀ, ਸਿੱਖਿਆ ਵਿਭਾਗ ਨੇ ਸਵਾਗਤੀ ਭਾਸ਼ਣ ਦਿੱਤਾ। ਉਨ੍ਹਾਂ ਨੇ ਕਿਸ਼ੋਰਾਂ ਵਿਚ ਹਮਲਾਵਰ ਵਿਵਹਾਰ ਨੂੰ ਬਹੁਪੱਖੀ ਸਮੱਸਿਆ ਦੱਸਦਿਆਂ ਇਸ ਦੇ ਮਨੋਵਿਗਿਆਨਕ ਅਤੇ ਸਮਾਜਿਕ ਕਾਰਨਾਂ ਨੂੰ ਸਮਝਣ ਦੀ ਲੋੜ ’ਤੇ ਜ਼ੋਰ ਦਿੱਤਾ। ਪਹਿਲੇ ਤਕਨੀਕੀ ਸੈਸ਼ਨ ਵਿੱਚ ਡਾ. ਇੰਦਰਪ੍ਰੀਤ ਕੌਰ ਸੰਧੂ ਐਸੋਸੀਏਟ ਪ੍ਰੋਫੈਸਰ ਮਨੋਵਿਗਿਆਨ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਡਾ. ਅੰਕਿਤ ਡਾਂਗੀ ਮਨੋਚਿਕਿਤਸਾ ਵਿਭਾਗ ਪੀ.ਜੀ.ਆਈ ਚੰਡੀਗੜ੍ਹ ਨੇ ਵਿਸ਼ਾ ਮਾਹਿਰਾਂ ਵਜੋਂ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਨੇ ਮਾਨਸਿਕ ਸਿਹਤ ਪ੍ਰਤੀ ਜਾਗਰੂਕਤਾ, ਸਮੱਸਿਆਵਾਂ ਦੀ ਸਮੇਂ ਸਿਰ ਪਛਾਣ ਅਤੇ ਪੇਸ਼ੇਵਰ ਸਹਾਇਤਾ ਦੀ ਮਹੱਤਤਾ ਉਜਾਗਰ ਕੀਤੀ। ਦੂਜੇ ਤੇ ਤੀਜੇ ਤਕਨੀਕੀ ਸੈਸ਼ਨਾਂ ਵਿਚ ਪੰਜਾਬ ਦੇ ਵੱਖ-ਵੱਖ ਸਿੱਖਿਆ ਕਾਲਜਾਂ ਦੇ ਖੋਜਾਰਥੀਆਂ ਤੇ ਵਿਦਿਆਰਥੀਆਂ ਵਲੋਂ ਆਨਲਾਈਨ ਤੇ ਆਫ਼ਲਾਈਨ ਮਾਧਿਅਮ ਰਾਹੀਂ 15 ਖੋਜ ਪੱਤਰ ਪੇਸ਼ ਕੀਤੇ ਗਏ। ਇਨ੍ਹਾਂ ਸੈਸ਼ਨਾਂ ਦੀ ਪ੍ਰਧਾਨਗੀ ਡਾ. ਕਿਰਨ ਸਚਦੇਵਾ ਮਨੋਵਿਗਿਆਨੀ ਤੇ ਪੁਨਰਵਾਸ ਕੌਂਸਲਰ ਨੇ ਕੀਤੀ। ਉਨ੍ਹਾਂ ਨੇ ਕਿਸ਼ੋਰਾਂ ਦੀ ਭਾਵਨਾਤਮਕ ਸਿਹਤ ਅਤੇ ਵਿਵਹਾਰਿਕ ਸਮੱਸਿਆਵਾਂ ਦੇ ਹੱਲ ਲਈ ਕੌਂਸਲਿੰਗ ਅਤੇ ਮਾਨਸਿਕ ਦ੍ਰਿੜ੍ਹਤਾ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਸਮਾਪਤੀ ਸੈਸ਼ਨ ਵਿੱਚ ਮਿਸ ਨਵਜੋਤ ਕੌਰ, ਕਾਨਫ਼ਰੰਸ ਕੋਆਰਡੀਨੇਟਰ ਨੇ ਰਿਪੋਰਟ ਪੇਸ਼ ਕੀਤੀ। ਡਾ. ਸੁਮਨ ਪ੍ਰੀਤ ਕੌਰ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ। ਇਸ ਮੌਕੇ ਸਨਮਾਨ ਸਮਾਰੋਹ ਵੀ ਕਰਵਾਇਆ ਗਿਆ।