ਮੁੱਖ ਮੰਤਰੀ ਦੇ ਦੌਰੇ ਤੋਂ ਹਲਕਾ ਅਮਲੋਹ ਦੇ ਲੋਕਾਂ ਨੂੰ ਕੋਈ ਵੀ ਰਾਹਤ ਜਾਂ ਨਵਾਂ ਵਿਕਾਸ ਪ੍ਰੋਜੈਕਟ ਹਾਸਿਲ ਨਹੀਂ ਹੋਇਆ- ਇੰਜ. ਕੰਵਰਵੀਰ ਸਿੰਘ ਟੌਹੜਾ
ਮੰਡੀ ਗੋਬਿੰਦਗੜ੍ਹ, 12 ਨਵੰਬਰ (ਇਕਬਾਲਦੀਪ ਸੰਧੂ)-ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਇੰਜ. ਕੰਵਰਵੀਰ ਸਿੰਘ ਟੌਹੜਾ ਨੇ ਹਲਕਾ ਅਮਲੋਹ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੇ ਹੋਏ ਦੌਰੇ ਸਬੰਧੀ ਟਿਪਣੀ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਇਸ ਦੌਰੇ ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਮੌਜੂਦਾ ਸਰਕਾਰ ਨੂੰ ਆਮ ਲੋਕਾਂ ਦੀ ਖ਼ੱਜਲ-ਖ਼ੁਆਰੀ ਨਾਲ ਕੋਈ ਸਰੋਕਾਰ ਨਹੀਂ ਹੈ, ਸਗੋਂ ਸਰਕਾਰ ਨੇ ਆਪਣੀ ਸਿਆਸੀ ਚਮਕ ਚਮਕਾਉਣ ਲਈ ਸਰਕਾਰੀ ਸਾਧਨਾਂ ਦੀ ਖੁੱਲ੍ਹ ਕੇ ਦੁਰਵਰਤੋਂ ਕੀਤੀ।
ਮੰਡੀ ਗੋਬਿੰਦਗੜ੍ਹ, 12 ਨਵੰਬਰ (ਇਕਬਾਲਦੀਪ ਸੰਧੂ)-ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਇੰਜ. ਕੰਵਰਵੀਰ ਸਿੰਘ ਟੌਹੜਾ ਨੇ ਹਲਕਾ ਅਮਲੋਹ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੇ ਹੋਏ ਦੌਰੇ ਸਬੰਧੀ ਟਿਪਣੀ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਇਸ ਦੌਰੇ ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਮੌਜੂਦਾ ਸਰਕਾਰ ਨੂੰ ਆਮ ਲੋਕਾਂ ਦੀ ਖ਼ੱਜਲ-ਖ਼ੁਆਰੀ ਨਾਲ ਕੋਈ ਸਰੋਕਾਰ ਨਹੀਂ ਹੈ, ਸਗੋਂ ਸਰਕਾਰ ਨੇ ਆਪਣੀ ਸਿਆਸੀ ਚਮਕ ਚਮਕਾਉਣ ਲਈ ਸਰਕਾਰੀ ਸਾਧਨਾਂ ਦੀ ਖੁੱਲ੍ਹ ਕੇ ਦੁਰਵਰਤੋਂ ਕੀਤੀ। ਆਮ ਲੋਕਾਂ ਦੀ ਖ਼ੂਨ-ਪਸੀਨੇ ਦੀ ਕਮਾਈ ਅਤੇ ਟੈਕਸਾਂ ਦੇ ਰੂਪ ਵਿਚ ਸਰਕਾਰੀ ਖ਼ਜ਼ਾਨੇ ਵਿਚ ਜਮ੍ਹਾ ਹੋਣ ਵਾਲਾ ਪੈਸਾ ਇਸ ਤਰ੍ਹਾਂ ਸਰਕਾਰੀ ਰੈਲੀਆਂ ਅਤੇ ਸਿਆਸੀ ਤਮਾਸ਼ਿਆਂ ’ਤੇ ਬੇਰਹਿਮੀ ਨਾਲ ਬਰਬਾਦ ਕੀਤਾ ਜਾ ਰਿਹਾ ਹੈ। ਅਜਿਹੇ ਫ਼ਜ਼ੂਲ ਖ਼ਰਚਿਆਂ ਕਾਰਨ ਦਿਨ-ਬ-ਦਿਨ ਪੰਜਾਬ ਸਿਰ ਕਰਜ਼ਾ ਬਹੁਤ ਜ਼ਿਆਦਾ ਵਧਦਾ ਜਾ ਰਿਹਾ ਹੈ, ਜਿਸ ਦਾ ਖ਼ਮਿਆਜ਼ਾ ਆਉਣ ਵਾਲੀਆਂ ਪੀੜ੍ਹੀਆਂ ਨੂੰ ਭੁਗਤਣਾ ਪਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਇਸ ਤਾਜ਼ਾ ਦੌਰੇ ਤੋਂ ਹਲਕਾ ਅਮਲੋਹ ਦੇ ਲੋਕਾਂ ਨੂੰ ਕੋਈ ਵੀ ਰਾਹਤ ਜਾਂ ਨਵਾਂ ਵਿਕਾਸ ਪ੍ਰੋਜੈਕਟ ਹਾਸਲ ਨਹੀਂ ਹੋਇਆ। ਹਲਕੇ ਦੇ ਲੋਕਾਂ ਨੂੰ ਇਹ ਉਮੀਦ ਸੀ ਕਿ ਸ਼ਾਇਦ ਮੁੱਖ ਮੰਤਰੀ ਦੇ ਆਉਣ ਨਾਲ ਮੌਕੇ ’ਤੇ ਹੀ ਕੋਈ ਨਵੀਂ ਸੜਕ ਬਣ ਜਾਵੇਗੀ ਅਤੇ ਲੋਕਾਂ ਦਾ ਕੋਈ ਫ਼ਾਇਦਾ ਹੋ ਜਾਵੇਗਾ, ਪਰ ਅਮਲੋਹ ਹਲਕੇ ਦੇ ਲੋਕਾਂ ਦੇ ਹੱਥ ਸਿਵਾਏ ਨਿਰਾਸ਼ਾ ਦੇ ਕੁਝ ਨਹੀਂ ਲੱਗਿਆ। ਹਲਕੇ ਦੇ ਲੋਕ ਲੰਮੇ ਸਮੇਂ ਤੋਂ ਬੁਨਿਆਦੀ ਸਹੂਲਤਾਂ, ਟੁੱਟੀਆਂ ਸੜਕਾਂ, ਰੁਜ਼ਗਾਰ ਅਤੇ ਵਿਕਾਸ ਕਾਰਜਾਂ ਲਈ ਫ਼ਰਿਆਦ ਕਰ ਰਹੇ ਹਨ, ਪਰ ਇਸ ਦੌਰੇ ਦੌਰਾਨ ਵੀ ਅਮਲੋਹ ਦੇ ਹਿੱਸੇ ਸਿਵਾਏ ਖੋਖਲੇ ਦਾਅਵਿਆਂ ਦੇ ਕੁਝ ਨਹੀਂ ਆਇਆ।