ਫ਼ਤਹਿਗੜ੍ਹ ਚੂੜੀਆਂ, 12 ਸਤੰਬਰ (ਐੱਮ.ਐੱਸ. ਫੁੱਲ)-ਸ੍ਰੀ ਗੁਰੂ ਰਾਮਦਾਸ ਗਰੁੱਪ ਆਫ਼ ਇੰਸਟੀਚਿਊਟਸ ਪੰਧੇਰ ਵਿਖੇ ਐੱਸ.ਡੀ.ਐੱਮ. ਹਲਕਾ ਮਜੀਠਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਸਹਿਯੋਗ ਨਾਲ ਲਗਾਇਆ ਗਿਆ 3 ਰੋਜ਼ਾ ਵੋਟਰ ਰਜਿਸਟ੍ਰੇਸ਼ਨ ਕੈਂਪ ਅੱਜ ਸਫ਼ਲਤਾਪੂਰਵਕ ਸਮਾਪਤ ਹੋਇਆ। ਇਹ ਕੈਂਪ 27 ਅਗਸਤ, 2 ਸਤੰਬਰ ਅਤੇ 8 ਸਤੰਬਰ ਨੂੰ ਵੱਖ-ਵੱਖ ਪੜਾਵਾਂ ਵਿਚ ਕਰਵਾਇਆ ਗਿਆ। ਕੈਂਪ ਦੌਰਾਨ ਸਵੀਪ ਟੀਮ ਅਤੇ ਬੂਥ ਲੈਵਲ ਅਧਿਕਾਰੀਆਂ ਨੇ ਵਿਦਿਆਰਥੀਆਂ ਨੂੰ ਵੋਟਰ ਵਜੋਂ ਰਜਿਸਟਰ ਹੋਣ ਦੀ ਪ੍ਰਕਿਰਿਆ, ਵੋਟਰ ਸੂਚੀ ਵਿਚ ਨਾਂਅ ਦਰਜ ਕਰਵਾਉਣ ਤੇ ਵੋਟ ਦੇ ਮਹੱਤਵ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਸਵੀਪ ਟੀਮ ਮੈਂਬਰ ਭੁਪਿੰਦਰ ਸਿੰਘ ਅਤੇ ਦੀਪਕ ਸੋਨੀ, ਸੁਪਰਵਾਈਜ਼ਰ ਬਲਵਿੰਦਰ ਸਿੰਘ, ਰਮਨ ਕੁਮਾਰ ਤੇ ਬਿਕਰਮਜੀਤ ਸਿੰਘ ਨੇ ਵਿਦਿਆਰਥੀਆਂ ਦੀ ਰਹਿਨੁਮਾਈ ਕੀਤੀ। ਸਮਾਗਮ ਦੌਰਾਨ ਕਾਲਜ ਦੇ ਮੈਨੇਜਿੰਗ ਡਾਇਰੈਕਟਰ ਅਵਤਾਰ ਸਿੰਘ ਕੰਗ ਅਤੇ ਚੇਅਰਪਰਸਨ ਹਰਜਿੰਦਰਪਾਲ ਕੌਰ ਕੰਗ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਵੋਟ ਦੇ ਅਧਿਕਾਰ ਦੀ ਮਹੱਤਤਾ ਸਮਝਾਉਂਦਿਆਂ ਕਿਹਾ ਕਿ ਲੋਕਤੰਤਰ ਵਿਚ ਹਰ ਨੌਜਵਾਨ ਵੋਟਰ ਦੀ ਭਾਗੀਦਾਰੀ ਬੇਹੱਦ ਜਰੂਰੀ ਹੈ ਤੇ ਵਿਦਿਆਰਥੀਆਂ ਨੂੰ ਅੱਗੇ ਆ ਕੇ ਆਪਣੀ ਵੋਟ ਬਣਵਾਉਣੀ ਚਾਹੀਦੀ ਹੈ। ਉਨ੍ਹਾਂ ਵਲੋਂ ਸਵੀਪ ਟੀਮ ਅਤੇ ਕਾਲਜ ਸਟਾਫ਼ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ। ਇਸ ਮੌਕੇ ਸੁਪਰਵਾਈਜ਼ਰ ਵਲੋਂ ਵੀ ਵਿਦਿਆਰਥੀਆਂ ਨੂੰ ਵੋਟ ਦੇ ਅਧਿਕਾਰ ਬਾਰੇ ਸੰਦੇਸ਼ ਦਿੱਤਾ ਗਿਆ। ਕੈਂਪ ਦੌਰਾਨ ਕਾਲਜ ਮੈਨੇਜ਼ਮੈਂਟ ਵਲੋਂ ਸਵੀਪ ਟੀਮ ਅਤੇ ਸਮੂਹ ਸਹਿਯੋਗੀ ਮੈਂਬਰਾਂ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ। ਮੈਨੇਜਿੰਗ ਡਾਇਰੈਕਟਰ ਤੇ ਚੇਅਰਪਰਸਨ ਨੇ ਸਮੂਹ ਸਵੀਪ ਟੀਮ ਮੈਂਬਰਾਂ ਅਤੇ ਸੁਪਰਵਾਈਜ਼ਰ ਦੇ ਯਤਨਾਂ ਦੀ ਸ਼ਾਲਾਘਾ ਕੀਤੀ। ਇਸ ਮੌਕੇ ਡਾ. ਮੀਨੂ ਚੌਧਰੀ, ਪ੍ਰਿੰਸੀਪਲ, ਸ੍ਰੀ ਗੁਰੂ ਰਾਮਦਾਸ ਕਾਲਜ ਆਫ਼ ਐਜੂਕੇਸ਼ਨ, ਡਾ. ਅਨਮੋਲਦੀਪ ਕੌਰ, ਸ੍ਰੀ ਗੁਰੂ ਰਾਮਦਾਸ ਡਿਗਰੀ ਕਾਲਜ, ਅਮਿਤ ਕੁਮਾਰ, ਪੂਨਮ ਅੰਗੂਰਾਲਾ ਅਤੇ ਸੰਗੀਤਾ ਸ਼ਰਮਾ ਆਦਿ ਹਾਜ਼ਰ ਸਨ।