03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਦਾਖ਼ਲੇ ਦੇ ਨਾਂਅ ’ਤੇ 21 ਲੱਖ ਦੀ ਆਨਲਾਈਨ ਠੱਗੀ

ਪਠਾਨਕੋਟ, 2 ਅਕਤੂਬਰ (ਸੁਮਿਤ/ਵਿਨੋਦ)-ਪਠਾਨਕੋਟ ਸਾਈਬਰ ਕ੍ਰਾਈਮ ਪੁਲਿਸ ਨੇ ਐਮ. ਬੀ.

ਰਾਏਪੁਰ ’ਚ ‘ਬਰਾਈਟ ਮਾਰਗ ਦੇ ਨਾਂਅ ਹੇਠ ਖੋਲ੍ਹਿਆ ਨਵਾਂ ਕਾਊਂਸਲਿੰਗ ਸੈਂਟਰ ਤੇ ਬਰਾਮਦ ਕੀਤੀ ਸਕਾਰਪੀਓ-ਏਨ ਕਾਰ। ਤਸਵੀਰਾਂ: ਸੁਮਿਤ 03-10-2026
ਪਠਾਨਕੋਟ, 2 ਅਕਤੂਬਰ (ਸੁਮਿਤ/ਵਿਨੋਦ)-ਪਠਾਨਕੋਟ ਸਾਈਬਰ ਕ੍ਰਾਈਮ ਪੁਲਿਸ ਨੇ ਐਮ.ਬੀ.ਬੀ.ਐਸ. ’ਚ ਦਾਖ਼ਲਾ ਦਿਵਾਉਣ ਦੇ ਨਾਂਅ ’ਤੇ ਕਥਿਤ ਤੌਰ ’ਤੇ ਲਗਭਗ 21 ਲੱਖ ਰੁਪਏ ਦੀ ਆਨਲਾਈਨ ਠੱਗੀ ਕਰਨ ਵਾਲੇ ਇਕ ਕਥਿਤ ਗਿਰੋਹ ਦਾ ਪਰਦਾਫਾਸ਼ ਕਰਦਿਆਂ ਛੱਤੀਸਗੜ੍ਹ ਦੇ ਰਾਏਪੁਰ ਤੋਂ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਅਨੁਸਾਰ ਪਠਾਨਕੋਟ ਵਾਸੀ ਸ਼ਿਕਾਇਤਕਰਤਾ ਵਿਕਰਮਜੀਤ ਨੇ ਦੱਸਿਆ ਕਿ ਉਸ ਦੇ ਪੁੱਤਰ ਨੇ ਸਾਲ 2025 ’ਚ ਨੀਟ ਦੀ ਪ੍ਰੀਖਿਆ ਦਿੱਤੀ ਸੀ । ਇਸ ਤੋਂ ਬਾਅਦ ਵੱਖ-ਵੱਖ ਫੋਨ ਨੰਬਰਾਂ ਤੋਂ ਐਮ.ਬੀ.ਬੀ.ਐਸ. ਦਾਖ਼ਲੇ ਸਬੰਧੀ ਉਸ ਨਾਲ ਸੰਪਰਕ ਕੀਤਾ ਗਿਆ । ਪੁਲਿਸ ਮੁਤਾਬਿਕ ‘ਦ ਏਡਮਿਸ਼ਨ ਸੋਲੂਸ਼ਨ ਗੁਰੂਗ੍ਰਾਮ ਸਥਿਤ ਕਾਊਂਸਲਿੰਗ ਸੈਂਟਰ ਦੇ ਨਾਂਅ ’ਤੇ ਸੰਪਰਕ ਕਰਕੇ ਇਕ ਵੱਡੇ ਕਾਲਜ ’ਚ ਘੱਟ ਫੀਸ ’ਤੇ ਐਮ.ਬੀ.ਬੀ.ਐਸ. ਦਾਖ਼ਲਾ ਕਰਵਾਉਣ ਦਾ ਕਥਿਤ ਭਰੋਸਾ ਦਿੱਤਾ ਗਿਆ। ਇਸ ਦੇ ਬਾਅਦ ਸ਼ਿਕਾਇਤਕਰਤਾ ਵਲੋਂ ਵੱਖ-ਵੱਖ ਖਾਤਿਆਂ ’ਚ ਕਰੀਬ 21 ਲੱਖ ਰੁਪਏ ਟਰਾਂਸਫਰ ਕੀਤੇ ਗਏ । ਕੁਝ ਸਮੇਂ ਬਾਅਦ ਕਾਊਂਸਲਿੰਗ ਸੈਂਟਰ ਬੰਦ ਹੋ ਗਿਆ । ਜਾਂਚ ਦੌਰਾਨ ਪੁਲਿਸ ਨੂੰ ਪਤਾ ਲੱਗਾ ਕਿ ਮੁਲਜ਼ਮਾਂ ਨੇ ਗੁਰੂਗ੍ਰਾਮ ’ਚ ‘ਦ ਏਡਮਿਸ਼ਨ ਸੋਲੂਸ਼ਨ’ ਦੇ ਨਾਂਅ ’ਤੇ ਸੈਂਟਰ ਬੰਦ ਕਰਕੇ ਰਾਏਪੁਰ ਵਿਚ ‘ਬਰਾਈਟ ਮਾਰਗ ਦੇ ਨਾਂਅ ਹੇਠ ਨਵਾਂ ਕਾਊਂਸਲਿੰਗ ਸੈਂਟਰ ਖੋਲ੍ਹਿਆ ਸੀ । ਪੁਲਿਸ ਅਨੁਸਾਰ ਮੁਲਜ਼ਮ ਆਪਣੀ ਪਹਿਚਾਣ ਲੁਕਾਉਣ ਲਈ ਕਥਿਤ ਤੌਰ ’ਤੇ ਜਾਅਲੀ ਆਧਾਰ ਕਾਰਡ, ਪੈਨ ਕਾਰਡ ਤੇ ਹੋਰ ਦਸਤਾਵੇਜ਼ਾਂ ਦੀ ਵਰਤੋਂ ਕਰ ਰਹੇ ਸਨ । ਪਠਾਨਕੋਟ ਸਾਈਬਰ ਕ੍ਰਾਈਮ ਪੁਲਿਸ ਨੇ ਤਕਨੀਕੀ ਜਾਂਚ ਦੇ ਆਧਾਰ ’ਤੇ ਰਾਏਪੁਰ ਛੱਤੀਸਗੜ੍ਹ ਤੋਂ ਦੋ ਕਥਿਤ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਦੀ ਪਹਿਚਾਣ ਬੰਟੀ ਕੁਮਾਰ ਤਿਵਾਰੀ ਪੁੱਤਰ ਸ਼ਿਵ ਕੁਮਾਰ ਤਿਵਾਰੀ ਵਾਸੀ ਬਿਹਾਰ ਤੇ ਮੁਹੰਮਦ ਜੁਬੈਰ ਪੁੱਤਰ ਸ਼ੇਰ ਖ਼ਾਨ ਵਾਸੀ ਦਿੱਲੀ ਵਜੋਂ ਦੱਸੀ ਗਈ ਹੈ । ਪੁਲਿਸ ਨੇ ਮੁਲਜ਼ਮਾਂ ਕੋਲੋਂ ਤਿੰਨ ਲੈਪਟਾਪ, 48 ਮੋਬਾਈਲ ਫੋਨ ਤੇ ਜਾਅਲੀ ਸਿੰਮ ਕਾਰਡ, ਵਿਦਿਆਰਥੀਆਂ/ਐਮ.ਬੀ.ਬੀ.ਐਸ. ਕਾਲਜਾਂ ਨਾਲ ਸਬੰਧਿਤ ਡਾਟਾ, ਦਫ਼ਤਰੀ ਡਾਇਰੀਆਂ ਤੇ ਜਾਅਲੀ ਦਸਤਾਵੇਜ਼, ਤਿੰਨ ਡੈਬਿਟ ਕਾਰਡ, ਤਿੰਨ ਜਾਅਲੀ ਆਧਾਰ ਕਾਰਡ ਤੇ ਇਕ ਸਕਾਰਪੀਓ ਏਨ ਕਾਰ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ । ਪੁਲਿਸ ਮੁਤਾਬਿਕ ਮੁੱਢਲੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਕਥਿਤ ਕਾਲ ਸੈਂਟਰ ਦੀਆਂ ਬ੍ਰਾਂਚਾਂ ਵੱਖ-ਵੱਖ ਨਾਵਾਂ ਹੇਠ ਕਈ ਰਾਜਾਂ ’ਚ ਸਰਗਰਮ ਸਨ ਤੇ ਲੋਕਾਂ ਨਾਲ ਠੱਗੀ ਕੀਤੀ ਜਾ ਰਹੀ ਸੀ । ਪੁਲਿਸ ਨੂੰ ਇਸ ਨੈਟਵਰਕ ’ਚ ਹੋਰ ਵਿਅਕਤੀਆਂ ਦੀ ਸ਼ਮੂਲੀਅਤ ਦੇ ਸੰਕੇਤ ਵੀ ਮਿਲੇ ਹਨ ਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਯਤਨ ਜਾਰੀ ਹਨ । ਇਸ ਮਾਮਲੇ ਵਿਚ ਸਾਈਬਰ ਕ੍ਰਾਈਮ ਥਾਣਾ ਪਠਾਨਕੋਟ ਵਿਖੇ ਕੇਸ ਦਰਜ ਕੀਤਾ ਗਿਆ ਹੈ । ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕਿਸੇ ਵੀ ਤਰ੍ਹਾਂ ਦੇ ਲਾਲਚ ਜਾਂ ਝਾਂਸੇ ਵਿਚ ਆ ਕੇ ਆਨਲਾਈਨ ਸਕੀਮਾਂ ’ਚ ਪੈਸਾ ਨਾ ਲਗਾਉਣ ਤੇ ਆਪਣਾ ਓ.ਟੀ.ਪੀ, ਪਿੰਨ ਜਾਂ ਪਾਸਵਰਡ ਕਿਸੇ ਨਾਲ ਸਾਂਝਾ ਨਾ ਕਰਨ । ਆਨਲਾਈਨ ਧੋਖਾਧੜੀ ਹੋਣ ਦੀ ਸੂਰਤ ’ਚ ਤੁਰੰਤ ਹੈਲਪਲਾਈਨ ਨੰਬਰ 1930 ’ਤੇ ਰਿਪੋਰਟ ਕਰਨ ।
ਪਿਛਲੀ ਖ਼ਬਰ ਯੁਵਕ ਮੇਲੇ ’ਚ ਆਰੀਆ ਮਹਿਲਾ ਮਹਾਂਵਿਦਿਆਲਿਆ ਪਠਾਨਕੋਟ ਨੇ ਮਾਰੀਆਂ ਮੱਲਾਂ ਅਗਲੀ ਖ਼ਬਰ ਫੋਕਲ ਪੁਆਇੰਟ ਨੌਰੰਗਪੁਰ ਮੰਡੀ ਵਿਚ ਚੇਅਰਮੈਨ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਨੇ ਕੀਤਾ ਦੌਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।