ਗੁਰਦਾਸਪੁਰ, 20 ਅਕਤੂਬਰ (ਪੰਕਜ ਸ਼ਰਮਾ)-ਦੁਸਹਿਰੇ ਦਾ ਤਿਉਹਾਰ ਸ਼ਹਿਰ ’ਚ ਧੂਮਧਾਮ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਗੁਰਦਾਸਪੁਰ ਸ਼ਹਿਰ ਅੰਦਰ ਦੋ ਵੱਖ-ਵੱਖ ਥਾਵਾਂ ’ਤੇ ਦੁਸਹਿਰੇ ਦੇ ਸਮਾਗਮ ਕਰਵਾਏ ਗਏ । ਦੋਵਾਂ ਥਾਵਾਂ ’ਤੇ ਲੋਕਾਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕਰਦਿਆਂ ਇਸ ਤਿਉਹਾਰ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ । ਦੁਸਹਿਰੇ ਦੇ ਸਬੰਧ ’ਚ ਪਹਿਲਾ ਸਮਾਗਮ ਗੁਰਦਾਸਪੁਰ ਮੇਲਾ ਕਮੇਟੀ ਵਲੋਂ ਹਰਦੋਛੰਨੀ ਰੋਡ ’ਤੇ ਜੀ.ਐਨ.ਡੀ.ਯੂ. ਕੈਂਪਸ ਦੇ ਸਾਹਮਣੇ ਕਰਵਾਇਆ ਗਿਆ । ਇਸ ਮੌਕੇ ਮੁੱਖ ਮਹਿਮਾਨ ਵਜੋਂ ਹਲਕਾ ਇੰਚਾਰਜ ਰਮਨ ਬਹਿਲ ਨੇ ਸ਼ਿਰਕਤ ਕੀਤੀ । ਸਮਾਗਮ ਦੌਰਾਨ ਦੁਸਹਿਰੇ ਦੇ ਤਿਉਹਾਰ ਦੀ ਮਹੱਤਤਾ ਨੂੰ ਦਰਸਾਉਂਦਿਆਂ ਬੁਰਾਈ ਨੂੰ ਤਿਆਗ ਕੇ ਸੱਚਾਈ ਅਤੇ ਨੇਕੀ ਦੇ ਰਾਹ ’ਤੇ ਚੱਲਣ ਦਾ ਸੰਦੇਸ਼ ਦਿੱਤਾ ਗਿਆ । ਇਸੇ ਤਰ੍ਹਾਂ ਗੁਰਦਾਸਪੁਰ ਮੇਲਾ ਕਮੇਟੀ ਵਲੋਂ ਦੂਜਾ ਸਮਾਗਮ ਇੰਪਰੂਵਮੈਂਟ ਟਰੱਸਟ ਬਟਾਲਾ ਰੋਡ ਵਿਖੇ ਕਰਵਾਇਆ ਗਿਆ । ਸਮਾਗਮ ’ਚ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ । ਇਸ ਮੌਕੇ ਤਿਉਹਾਰ ਨੂੰ ਆਪਸੀ ਭਾਈਚਾਰੇ, ਸਦਭਾਵਨਾ ਅਤੇ ਸੱਚਾਈ ਦੀ ਜਿੱਤ ਦੇ ਪ੍ਰਤੀਕ ਵਜੋਂ ਮਨਾਇਆ ਗਿਆ । ਦੁਸਹਿਰੇ ਦਾ ਤਿਉਹਾਰ ਸਾਨੂੰ ਸਿੱਖਿਆ ਦਿੰਦਾ ਹੈ ਕਿ ਚਾਹੇ ਬੁਰਾਈ ਕਿੰਨੀ ਵੀ ਤਾਕਤਵਰ ਕਿਉਂ ਨਾ ਹੋਵੇ, ਅੰਤ ਵਿਚ ਜਿੱਤ ਸੱਚਾਈ ਤੇ ਨੇਕੀ ਦੀ ਹੀ ਹੁੰਦੀ ਹੈ । ਸ਼ਹਿਰ ਵਿਚ ਦੋ ਥਾਵਾਂ ’ਤੇ ਕਰਵਾਏ ਗਏ ਇਨ੍ਹਾਂ ਸਮਾਗਮਾਂ ਨਾਲ ਤਿਉਹਾਰ ਦਾ ਉਤਸ਼ਾਹ ਦੇਖਣ ਨੂੰ ਮਿਲਿਆ । ਜਦੋਂ ਕਿ ਗੁਰਦਾਸਪੁਰ ਪੁਲਿਸ ਵਲੋਂ ਵੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਸਨ । ਇਸ ਦੌਰਾਨ ਕਾਨੂੰਨ ਵਿਵਸਥਾ ਬਣਾਈ ਰੱਖਣ, ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਸ਼ਹਿਰ ਦੇ ਅਹਿਮ ਸਥਾਨਾਂ ’ਤੇ ਪੁਲਿਸ ਮੁਲਾਜ਼ਮ ਤਾਇਨਾਤ ਰਹੇ । ਦੁਸਹਿਰੇ ਦੇ ਸਮਾਗਮਾਂ ਵਿਚ ਸ਼ਾਮਿਲ ਹੋਣ ਲਈ ਆਉਣ ਵਾਲੇ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਪੁਲਿਸ ਵਲੋਂ ਸੁਰੱਖਿਆ ਪ੍ਰਬੰਧਾਂ ਨੂੰ ਯਕੀਨੀ ਬਣਾਇਆ ਗਿਆ ਪਿੰਡ ਬੱਬੇਹਾਲੀ ’ਚ ਧੂਮ-ਧਾਮ ਨਾਲ ਮਨਾਇਆ ਦੁਸਹਿਰੇ ਦਾ ਪਵਿੱਤਰ ਤਿਉਹਾਰ * ਗੁਰਬਚਨ ਸਿੰਘ ਬੱਬੇਹਾਲੀ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ ਗੁਰਦਾਸਪੁਰ, (ਚੱਕਰਾਜਾ)-ਪਿੰਡ ਬੱਬੇਹਾਲੀ ਵਿਖੇ ਦੁਸਹਿਰੇ ਦਾ ਤਿਉਹਾਰ ਬੜੀ ਸ਼ਰਧਾ, ਉਤਸ਼ਾਹ ਅਤੇ ਧੂਮ-ਧਾਮ ਨਾਲ ਮਨਾਇਆ ਗਿਆ । ਇਸ ਸ਼ੁੱਭ ਦਿਹਾੜੇ ’ਤੇ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਬ) ਗੁਰਬਚਨ ਸਿੰਘ ਬੱਬੇਹਾਲੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਪ੍ਰਬੰਧਕਾਂ ਅਤੇ ਇਲਾਕਾ ਨਿਵਾਸੀਆਂ ਨੂੰ ਦੁਸਹਿਰੇ ਦੀਆਂ ਲੱਖ-ਲੱਖ ਵਧਾਈਆਂ ਦਿੱਤੀਆਂ । ਸਮਾਗਮ ਦੌਰਾਨ ਵੱਡੀ ਗਿਣਤੀ ਵਿਚ ਪਹੁੰਚੇ ਲੋਕਾਂ, ਬੱਚਿਆਂ ਤੇ ਪਰਿਵਾਰਾਂ ਨੇ ਮੇਲੇ ਦਾ ਭਰਪੂਰ ਆਨੰਦ ਮਾਣਿਆ । ਸਮੁੱਚੇ ਇਲਾਕੇ ਵਿਚ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲਿਆ ਅਤੇ ਰਾਵਣ ਦੇ ਪੁਤਲੇ ਦੇ ਦਹਿਨ ਨਾਲ ਸਮਾਗਮ ਸਫਲਤਾ ਪੂਰਵਕ ਨੇਪਰੇ ਚੜ੍ਹਿਆ । ਪਿੰਡ ਬਰਿਆਰ ਵਿਖੇ ਨਿਊ ਰਾਮਾ ਨਾਟਕ ਕਲੱਬ ਵਲੋਂ ਦੁਸਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗੁਰਦਾਸਪੁਰ, (ਚੱਕਰਾਜਾ)-ਇੱਥੋਂ ਨਜ਼ਦੀਕੀ ਪੈਂਦੇ ਪਿੰਡ ਬਰਿਆਰ ਵਿਖੇ ਨਿਊ ਰਾਮਾ ਨਾਟਕ ਕਲੱਬ ਬਰਿਆਰ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦੁਸਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ । ਇਸ ਮੌਕੇ ਪਿੰਡ ਦੇ ਸਰਪੰਚ ਪ੍ਰਭਪ੍ਰੀਤ ਸਿੰਘ ਬਾਜਵਾ ਵਲੋਂ ਦੁਸਹਿਰੇ ਮੇਲੇ ਦਾ ਉਦਘਾਟਨ ਕੀਤਾ ਗਿਆ ਤੇ ਕਲਾਕਾਰਾਂ ਤੇ ਆਏ ਪਤਵੰਤਿਆਂ ਨੂੰ ਸਨਮਾਨਿਤ ਕੀਤਾ ਗਿਆ । ਦੁਸਹਿਰਾ ਕਮੇਟੀ ਦੇ ਪ੍ਰਧਾਨ ਹਰਜੀਤ ਸਿੰਘ ਕਾਲਾ, ਰਾਜ ਕੁਮਾਰ ਰਾਜੂ ਤੇ ਦੁਸਹਿਰਾ ਕਮੇਟੀ ਦੇ ਮੈਂਬਰਾਂ ਵਲੋਂ ਮੁੱਖ ਮਹਿਮਾਨ ਪ੍ਰਭਪ੍ਰੀਤ ਸਿੰਘ ਬਾਜਵਾ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਤੇ ਦਿਨ ਢੱਲਦਿਆਂ ਰਾਵਣ ਤੇ ਕੁੰਭਕਰਨ ਦਾ ਦਹਿਨ ਕੀਤਾ ਗਿਆ । ਇਸ ਮੌਕੇ ਪ੍ਰਬੰਧਕ ਅਸ਼ੋਕ ਕੁਮਾਰ, ਤਰਲੋਕ ਚੰਦ, ਗਗਨਦੀਪ ਸਿੰਘ, ਵੀਰੂ ਬਰਿਆਰ, ਚੇਅਰਮੈਨ ਰੂਪ ਲਾਲ ਪੰਮਾ, ਅਰੁਣ ਕੁਮਾਰ, ਡਾਇਰੈਕਟਰ ਸਤੀਸ਼ ਕੁਮਾਰ, ਡਾਇਰੈਕਟਰ ਰਵੀ ਕੁਮਾਰ, ਸੁਰਜੀਤ ਕੁਮਾਰ, ਕੈਸ਼ੀਅਰ ਅਸ਼ੋਕ ਕੁਮਾਰ, ਸਟੇਟ ਸੈਕਟਰੀ ਹਿੰਮਤ ਕੁਮਾਰ, ਏ.ਐਸ.ਆਈ. ਬਰਿਆਰ ਚੌਕੀ ਰਵੀ ਕੁਮਾਰ ਅਤੇ ਸਮੂਹ ਕਮੇਟੀ ਮੈਂਬਰ ਹਾਜ਼ਰ ਸਨ। ਪਿੰਡ ਤਿੱਬੜ ਵਿਖੇ ਧੂਮਧਾਮ ਨਾਲ ਮਨਾਇਆ ਦੁਸਹਿਰੇ ਦਾ ਤਿਉਹਾਰ ਗੁਰਦਾਸਪੁਰ/ਤਿੱਬੜ (ਗੁਰਪ੍ਰਤਾਪ ਸਿੰਘ)-ਪਿੰਡ ਤਿੱਬੜ ਵਿਖੇ ਦੁਸਹਿਰਾ ਕਮੇਟੀ ਦੇ ਪ੍ਰਧਾਨ ਰੇਸ਼ਮ ਸਿੰਘ ਦੀ ਯੋਗ ਅਗਵਾਈ ਹੇਠ ਦੁਸਹਿਰੇ ਦਾ ਪਵਿੱਤਰ ਤਿਉਹਾਰ ਬੜੀ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ ।ਸਮਾਗਮ ਦੌਰਾਨ ਪੰਜਾਬ ਸਟੇਟ ਕੋਆਪ੍ਰੇਟਿਵ ਐਗਰੀਕਲਚਰ ਰੂਲਰ ਡਿਵੈਲਪਮੈਂਟ ਬੈਂਕ ਚੰਡੀਗੜ੍ਹ ਦੇ ਸਾਬਕਾ ਚੇਅਰਮੈਨ ਅਜੇ ਵਰਮਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ । ਸਮਾਗਮ ਦੌਰਾਨ ਵੱਡੀ ਗਿਣਤੀ ਵਿਚ ਪਹੁੰਚੀਆਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਪ੍ਰਬੰਧਕਾਂ ਅਤੇ ਮੁੱਖ ਮਹਿਮਾਨ ਨੇ ਦੁਸਹਿਰੇ ਦੇ ਤਿਉਹਾਰ ਦੀ ਮਹੱਤਤਾ ’ਤੇ ਚਾਨਣਾ ਪਾਇਆ । ਇਸ ਮੌਕੇ ਕਮੇਟੀ ਵਲੋਂ ਆਏ ਹੋਏ ਮੁੱਖ ਮਹਿਮਾਨ ਅਜੇ ਵਰਮਾ ਤੇ ਹੋਰ ਪ੍ਰਮੁੱਖ ਸ਼ਖਸੀਅਤਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ । ਇਲਾਕਾ ਨਿਵਾਸੀਆਂ ਨੇ ਪੂਰੇ ਉਤਸ਼ਾਹ ਨਾਲ ਮੇਲੇ ਦਾ ਆਨੰਦ ਮਾਣਿਆ । ਮਹਾਰਾਜਾ ਰਣਜੀਤ ਸਿੰਘ ਪਾਰਕ ਵਿਖੇ ਦੁਸਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਦੀਨਾਨਗਰ, (ਸੋਢੀ/ਸ਼ਰਮਾ/ਘੁੰਮਣ)-ਮਹਾਂਕਾਲੀ ਡਰਾਮੈਟਿਕ ਕਲੱਬ ਰਾਮ ਲੀਲ੍ਹਾ ਤੇ ਦੁਸਹਿਰਾ ਕਮੇਟੀ ਦੀਨਾਨਗਰ ਵਲੋਂ ਸਥਾਨਕ ਮਹਾਰਾਜਾ ਰਣਜੀਤ ਸਿੰਘ ਪਾਰਕ ਵਿਖੇ ਦੁਸਹਿਰੇ ਦਾ ਤਿਉਹਾਰ ਬਹੁਤ ਧੂਮਧਾਮ ਨਾਲ ਮਨਾਇਆ ਗਿਆ । ਇਸ ਮੌਕੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਸ਼ੋਕ ਚੌਧਰੀ ਮੁੱਖ ਮਹਿਮਾਨ ਦੇ ਤੌਰ ’ਤੇ ਸ਼ਾਮਿਲ ਹੋਏ । ਪਾਰਕ ਵਿਚ ਰਾਵਣ, ਕੁੰਭਕਰਨ ਤੇ ਮੇਘਨਾਥ ਦੇ ਪੁਤਲੇ ਲਗਾਏ ਗਏ ਸਨ । ਜਿਨ੍ਹਾਂ ਨੂੰ ਅਗਨ ਭੇਟ ਕੀਤਾ ਗਿਆ । ਇਸ ਮੌਕੇ ਭਾਰੀ ਆਤਿਸ਼ਬਾਜ਼ੀ ਵੀ ਕੀਤੀ ਗਈ ।ਸਫ਼ਾ 5 ਦੀ ਬਾਕੀ
ਦੀਨਾਨਗਰ ਦੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੇ ਵੀ ਭਾਰੀ ਗਿਣਤੀ ਵਿਚ ਇਸ ਮੇਲੇ ਦੌਰਾਨ ਸ਼ਿਰਕਤ ਕੀਤੀ । ਮਹਾਂਕਾਲੀ ਡਰਾਮੈਟਿਕ ਕਲੱਬ ਵਲੋਂ ਇਕ ਵਿਸ਼ਾਲ ਸ਼ੋਭਾ ਯਾਤਰਾ ਵੀ ਕੱਢੀ ਗਈ, ਜੋ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਹੁੰਦੀ ਹੋਈ ਸਥਾਨਕ ਮਹਾਰਾਜਾ ਰਣਜੀਤ ਸਿੰਘ ਪਾਰਕ ਵਿਖੇ ਸਮਾਪਤ ਹੋਈ । ਮੇਲੇ ਦੌਰਾਨ ਪੁਲਿਸ ਪ੍ਰਸ਼ਾਸਨ ਵਲੋਂ ਸੁਰੱਖਿਆ ਦੇ ਵੀ ਕੜੇ ਇੰਤਜ਼ਾਮ ਕੀਤੇ ਗਏ ਸਨ । ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਮ ਲੀਲ੍ਹਾ ਅਤੇ ਦੁਸਹਿਰਾ ਕਮੇਟੀ ਦੇ ਸਰਪ੍ਰਸਤ ਬਾਬਾ ਪ੍ਰਵੀਨ, ਬਲਾਕ ਸੰਮਤੀ ਦੀਨਾਨਗਰ ਦੇ ਸਾਬਕਾ ਚੇਅਰਮੈਨ ਹਰਵਿੰਦਰ ਸਿੰਘ ਭੱਟੀ, ਸੀਨੀਅਰ ਕਾਂਗਰਸੀ ਆਗੂ ਵਰਿੰਦਰ ਸਿੰਘ ਨੌਸ਼ਹਿਰਾ, ਮੀਡੀਆ ਇੰਚਾਰਜ ਦੀਪਕ ਭੱਲਾ, ਨਗਰ ਕੌਂਸਲ ਦੇ ਪ੍ਰਧਾਨ ਸੁਨੀਤਾ ਕੁਮਾਰੀ, ਕੌਂਸਲਰ ਦੀਪਕ ਨਿਸ਼ਚਲ, ਸਾਬਕਾ ਕੌਂਸਲਰ ਅਜੇ ਕੁਮਾਰ, ਸੰਦੀਪ ਕੁਮਾਰ, ਆਲੀਆ ਸਮਾਜ ਦੇ ਪ੍ਰਧਾਨ ਈਸ਼ਵਰ ਭੱਲਾ, ਮਹਾਂ ਮੰਤਰੀ ਅਰੁਣ ਵਿਜ, ਰਾਜੇਸ਼ ਮਹਾਜਨ ਆਦਿ ਹਾਜ਼ਰ ਸਨ ।
ਪਿੰਡ ਚਾਵਾ ਤੇ ਨਵਾਂ ਨੌਸ਼ਹਿਰਾ ’ਚ ਦੁਸਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ
ਗੁਰਦਾਸਪੁਰ, (ਅਸ਼ੋਕ ਸ਼ਰਮਾ)-ਗੁਰਦਾਸਪੁਰ ਦੇ ਪਿੰਡ ਚਾਵਾ ਤੇ ਨਵਾਂ ਨੌਸ਼ਹਿਰਾ ਵਿਖੇ ਦੁਸਹਿਰਾ ਦਾ ਤਿਉਹਾਰ ਇਲਾਕੇ ਦੀਆਂ ਸੰਗਤਾਂ, ਪ੍ਰਵਾਸੀ ਭਾਰਤੀ ਤੇ ਪਿੰਡ ਵਾਸੀਆਂ ਦੇ ਸਹਿਯੋਗ ਤੇ ਖਾਸ ਕਰਕੇ ਰਾਮ ਲੀਲ੍ਹਾ ਕਮੇਟੀ ਸਦਕਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ । ਜਦੋਂ ਕਿ ਬੁੱਤਾਂ ਨੂੰ ਅਗਨੀ ਭੇਟ ਪਿੰਡ ਦੇ ਸਰਪੰਚ ਠੇਕੇਦਾਰ ਸੁਲੱਖਣ ਸਿੰਘ ਨੇ ਕੀਤੀ ਤੇ ਉਨ੍ਹਾਂ ਦੀ ਟੀਮ ਮੌਕੇ ’ਤੇ ਵੱਡੀ ਗਿਣਤੀ ਵਿਚ ਹਾਜ਼ਰ ਸੀ । ਇਸ ਮੌਕੇ ਪਿੰਡ ਚਾਵਾ, ਨਵਾਂ ਨੌਸ਼ਹਿਰਾ, ਨਵਾਂ ਸ਼ਾਲਾ ਤੇ ਪੁਲ ਤਿੱਬੜੀ ਦੇ ਪ੍ਰਵਾਸੀ ਭਾਰਤੀਆਂ ਖੁੱਲ੍ਹੇ ਰੂਪ ਵਿਚ ਦਾਨ ਕੀਤਾ । ਰਾਮ ਲੀਲ੍ਹਾ ਨਾਟਕ ਕਲੱਬ ਦੇ ਪ੍ਰਧਾਨ ਰਾਜੂ ਪਠਾਨੀਆ, ਰਾਜੇਸ਼ ਮਿਨਹਾਸ, ਠਾਕੁਰ ਰਾਜੇਸ਼ ਸਾਬਕਾ ਸਰਪੰਚ, ਪ੍ਰੇਮ ਲਾਲ, ਠਾਕੁਰ ਬਲਬੀਰ ਸਿੰਘ ਨੇ ਪਹੁੰਚੀਆਂ ਸ਼ਖਸੀਅਤਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ। ਇਸ ਮੌਕੇ ਮੁੱਖ ਮਹਿਮਾਨ ਠੇਕੇਦਾਰ ਸੁਲੱਖਣ ਸਿੰਘ ਨੇ ਕਿਹਾ ਕਿ ਇਸ ਇਲਾਕੇ ਦੀ ਰਾਮ ਲੀਲ੍ਹਾ 10 ਪਿੰਡਾਂ ਵਿਚ ਪ੍ਰਸਿੱਧ ਹੈ ਤੇ ਲੋਕਾਂ ਨੂੰ ਧਾਰਮਿਕ ਸੰਸਕਾਰਾਂ ਨਾਲ ਜੋੜਨ ਦਾ ਵਿਸ਼ੇਸ਼ ਉਪਰਾਲਾ ਹੈ । ਜਿਸ ਦੀ ਜਿੰਨ੍ਹੀ ਵੀ ਸ਼ਲਾਘਾ ਕੀਤੀ ਜਾਵੇ ਉਹ ਘੱਟ ਹੈ । ਇਸ ਮੌਕੇ ਹਾਜ਼ਰ ਪਤਵੰਤਿਆਂ ’ਚ ਲਾਡੀ ਸੈਣੀ ਨਵਾਂ ਸ਼ਾਲਾ, ਕਰਨਜੀਤ ਸਿੰਘ ਮੁਲਤਾਨੀ, ਰਿੱਕੀ ਸਿੰਘ, ਹਰਜੀਤ ਸਿੰਘ, ਗੁਰਪ੍ਰਸ਼ਾਦ ਸਿੰਘ, ਪੁਸ਼ਪਿੰਦਰ ਸਿੰਘ ਕਾਟਲ, ਸੁਭਾਸ਼ ਸ਼ਰਮਾ, ਅਸ਼ੋਕ ਸ਼ਰਮਾ, ਪੁਲ ਤਿੱਬੜੀ, ਹਰਜੀਤ ਸਿੰਘ ਬਿਜਲੀਵਾਲ, ਬਲਵਿੰਦਰ ਸਿੰਘ ਪਠਾਨੀਆ, ਡਾ: ਰਿੰਕੂ ਬਾਵਾ ਨੇ ਸਾਂਝੇ ਤੌਰ ’ਤੇ ਕਿਹਾ ਕਿ ਪਿੰਡ ਚਾਵਾ ਦਾ ਦੁਸਹਿਰਾ ਬੁਲੰਦੀਆਂ ’ਤੇ ਪਹੁੰਚਾਉਣ ਵਾਸਤੇ ਕੋਈ ਵੀ ਕਸਰ ਨਹੀਂ ਛੱਡੀ ਜਾਵੇਗੀ । ਪ੍ਰਧਾਨ ਰਾਜੂ ਨੇ ਕਿਹਾ ਕਿ 21 ਅਕਤੂਬਰ ਨੂੰ ਕਲਾਕਾਰਾਂ ਨੂੰ ਵਧੀਆ ਕਾਰਗੁਜਾਰੀ ਲਈ ਵਿਸ਼ੇਸ਼ ਮਾਨ ਸਨਮਾਨ ਦਿੱਤਾ ਜਾਵੇਗਾ ।
ਪਿੰਡ ਪੂਰੋਵਾਲ ਅਰਾਈਆਂ ਵਿਚ ਧੂਮਧਾਮ ਨਾਲ ਮਨਾਇਆ ਦੁਸਹਿਰਾ
ਜੌੜਾ ਛੱਤਰਾਂ, (ਪਰਮਜੀਤ ਸਿੰਘ ਘੁੰਮਣ)- ਦੁਸਹਿਰੇ ਦਾ ਤਿਉਹਾਰ ਪਿੰਡ ਪੂਰੋਵਾਲ ਅਰਾਈਆਂ ਵਿਖੇ ਧਾਰਮਿਕ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ । ਇਸ ਮੌਕੇ ਪਿੰਡ ਵਾਸੀਆਂ ਨੇ ਵਧ-ਚੜ੍ਹ ਕੇ ਸ਼ਮੂਲੀਅਤ ਕੀਤੀ ਤੇ ਤਿਉਹਾਰ ਦੀਆਂ ਖ਼ੁਸ਼ੀਆਂ ਸਾਂਝੀਆਂ ਕੀਤੀਆਂ । ਸਮਾਗਮ ਦੌਰਾਨ ਭਗਵਾਨ ਸ੍ਰੀ ਰਾਮ ਦੇ ਜੀਵਨ ਤੋਂ ਪ੍ਰੇਰਣਾ ਲੈਂਦਿਆਂ ਸੱਚਾਈ, ਨੇਕੀ ਤੇ ਧਰਮ ਦੇ ਰਾਹ ’ਤੇ ਚੱਲਣ ਦਾ ਸੰਦੇਸ਼ ਦਿੱਤਾ ਗਿਆ । ਦੁਸਹਿਰੇ ਦੀ ਮਹੱਤਤਾ ਨੂੰ ਯਾਦ ਕਰਦਿਆਂ ਇਹ ਸੁਨੇਹਾ ਦਿੱਤਾ ਗਿਆ ਕਿ ਹੰਕਾਰ, ਅਨਿਆਂ ਤੇ ਬੁਰਾਈ ਦਾ ਅੰਤ ਨਿਸ਼ਚਿਤ ਹੈ ਤੇ ਮਨੁੱਖ ਨੂੰ ਹਰ ਹਾਲਤ ਵਿਚ ਸੱਚ ਅਤੇ ਚੰਗਿਆਈ ਦਾ ਸਾਥ ਦੇਣਾ ਚਾਹੀਦਾ ਹੈ । ਇਸ ਮੌਕੇ ਸਮਾਜ ’ਚ ਆਪਸੀ ਭਾਈਚਾਰਾ, ਪਿਆਰ, ਸਦਭਾਵਨਾ ਅਤੇ ਏਕਤਾ ਬਣਾਈ ਰੱਖਣ ਦੀ ਭਾਵਨਾ ਨੂੰ ਵੀ ਉਭਾਰਿਆ ਗਿਆ । ਦੁਸਹਿਰੇ ਦੇ ਇਸ ਪਾਵਨ ਮੌਕੇ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਤੇ ਸੱਚਾਈ, ਚੰਗਿਆਈ ਤੇ ਇਨਸਾਨੀਅਤ ਦੇ ਰਾਹ ’ਤੇ ਚੱਲਣ ਦਾ ਸੁਨੇਹਾ ਦਿੱਤਾ ।
ਦੀਨਾਨਗਰ ਵਿਖੇ ਧੂਮਧਾਮ ਨਾਲ ਮਨਾਇਆ ਦੁਸਹਿਰੇ ਦਾ ਤਿਉਹਾਰ
ਦੀਨਾਨਗਰ, (ਸ਼ਾਮ ਸਿੰਘ ਘੁੰਮਣ/ਸੋਢੀ/ਸ਼ਰਮ)-ਸਨਾਤਨ ਧਰਮ ਸਭਾ ਵਲੋਂ ਦੀਨਾਨਗਰ ਵਿਖੇ ਦੁਸਹਿਰੇ ਦਾ ਤਿਉਹਾਰ ਬੜੀ ਧੂਮਧਾਮ ਤੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ । ਸਭਾ ਵਲੋਂ ਸਾਲਾਨਾ ਪਰੰਪਰਾ ਨੂੰ ਬਰਕਰਾਰ ਰੱਖਦਿਆਂ ਪ੍ਰਧਾਨ ਰਮੇਸ਼ ਅਗਰਵਾਲ ਦੀ ਅਗਵਾਈ ਹੇਠ ਸ਼ਹਿਰ ਅੰਦਰ ਭਗਵਾਨ ਸ੍ਰੀ ਰਾਮ ਜੀ ਦੇ ਪਵਿੱਤਰ ਜੀਵਨ ’ਤੇ ਅਧਾਰਿਤ ਮਨਮੋਹਕ ਝਾਕੀਆਂ ਕੱਢੀਆਂ ਗਈਆਂ । ਇਨ੍ਹਾਂ ਝਾਕੀਆਂ ਦੇ ਦਰਸ਼ਨਾਂ ਲਈ ਦੀਨਾਨਗਰ ਤੇ ਆਸ-ਪਾਸ ਦੇ ਇਲਾਕਿਆਂ ਤੋਂ ਵੱਡੀ ਗਿਣਤੀ ਵਿਚ ਸ਼ਰਧਾਲੂ ਅਤੇ ਸਥਾਨਕ ਲੋਕ ਮੌਜੂਦ ਸਨ । ਝਾਕੀਆਂ ਦੇ ਸ਼ਹਿਰ ਦੇ ਮੁੱਖ ਬਾਜ਼ਾਰਾਂ ਅਤੇ ਜੀ.ਟੀ. ਰੋਡ ਤੋਂ ਹੁੰਦੀਆਂ ਹੋਈਆਂ ਸਥਾਨਿਕ ਰਾਮ ਲੀਲ੍ਹਾ ਗਰਾਊਂਡ ਵਿਖੇ ਪਹੁੰਚ ਕੇ ਸਮਾਪਤ ਹੋਈਆਂ । ਜਿੱਥੇ ਰਾਮ ਲੀਲ੍ਹਾ ਗਰਾਊਂਡ ਵਿਚ ਰਾਵਣ, ਕੁੰਭਕਰਨ ਅਤੇ ਮੇਘਨਾਦ ਦੇ ਵਿਸ਼ਾਲ ਪੁਤਲੇ ਸਥਾਪਿਤ ਕੀਤੇ ਗਏ ਸਨ । ਇਸ ਮੌਕੇ ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਪੁਤਲਿਆਂ ਨੂੰ ਅਗਨ ਭੇਟ ਕਰਨ ਦੀ ਰਸਮ ਮੁੱਖ ਮਹਿਮਾਨ ਵਜੋਂ ਪਹੁੰਚੀ ਸਥਾਨਕ ਵਿਧਾਇਕਾ ਅਰੁਣਾ ਚੌਧਰੀ ਨੇ ਨਿਭਾਈ ਤੇ ਮੌਜੂਦ ਲੋਕਾਂ ਨੂੰ ਦੁਸਹਿਰੇ ਦੇ ਸਬੰਧ ਵਿਚ ਸੰਦੇਸ਼ ਦਿੱਤਾ । ਪੁਤਲਿਆਂ ਨੂੰ ਅਗਨ ਭੇਟ ਕਰਨ ਤੋਂ ਪਹਿਲਾਂ ਰਾਮ ਲੀਲ੍ਹਾ ਗਰਾਊਂਡ ਵਿਖੇ ਮਨਮੋਹਕ ਆਤਿਸ਼ਬਾਜੀ ਕੀਤੀ ਗਈ । ਇਸ ਮੌਕੇ ਸਭਾ ਦੇ ਅਹੁਦੇਦਾਰਾਂ ਵਿਚ ਹਿੰਦੂ ਸੁਰੱਖਿਆ ਸਮਿਤੀ ਦੇ ਸੂਬਾ ਮੀਤ ਪ੍ਰਧਾਨ ਡਾ: ਹਰੀਦੇਵ ਅਗਨੀਹੋਤਰੀ, ਕੌਂਸਲਰ ਮਨੋਜ ਗੁਪਤਾ, ਹੈਪੀ ਅਗਰਵਾਲ, ਇੰਦਰਜੀਤ ਮਾਣਾ, ਰਾਜੀਵ ਡੋਗਰਾ, ਪਵਨ ਡੋਗਰਾ, ਬਲਬੀਰ ਸੂਰੀ ਦੇ ਇਲਾਵਾ ਸ਼ਹਿਰ ਦੇ ਪਤਵੰਤੇ ਸੱਜਣ ਮੌਜੂਦ ਸਨ ।
ਕਸਬਾ ਬਹਿਰਾਮਪੁਰ ਵਿਖੇ ਦੁਸਹਿਰੇ ਦਾ ਤਿਉਹਾਰ ਸ਼ਰਧਾ ਭਾਵਨਾ ਨਾਲ ਮਨਾਇਆ
ਬਹਿਰਾਮਪੁਰ, (ਬਲਬੀਰ ਸਿੰਘ ਕੋਲਾ)-ਸਥਾਨਕ ਕਸਬਾ ਬਹਿਰਾਮਪੁਰ ਵਿਖੇ ਰਾਮ ਲੀਲ੍ਹਾ ਕਮੇਟੀ, ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਵਲੋਂ ਰਾਮ ਲੀਲ੍ਹਾ ਗਰਾਊਂਡ ਬਹਿਰਾਮਪੁਰ ਵਿਖੇ ਦੁਸਹਿਰੇ ਦਾ ਤਿਉਹਾਰ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ । ਹਰ ਸਾਲ ਦੀ ਤਰ੍ਹਾਂ ਵੱਡੇ ਆਕਾਰ ਵਾਲਾ ਰਾਵਣ ਦਾ ਪੁਤਲਾ ਬਣਾਇਆ ਗਿਆ ਅਤੇ ਸ਼ਾਮ ਨੂੰ ਅਗਨ ਭੇਟ ਕੀਤਾ ਗਿਆ । ਬਹਿਰਾਮਪੁਰ ਤੋਂ ਇਲਾਵਾ ਝਬਕਰਾ, ਮਰਾੜਾ ਅਤੇ ਦੋਦਵਾਂ ਵਿਚ ਵੀ ਦੁਸਹਿਰਾ ਧੂਮਧਾਮ ਨਾਲ ਮਨਾਇਆ ਗਿਆ ।
ਸਰਹੱਦੀ ਖੇਤਰ ’ਚ ਵੱਖ-ਵੱਖ ਥਾਈਂ ਧੂਮਧਾਮ ਨਾਲ ਮਨਾਇਆ ਦੁਸਹਿਰਾ ਦਾ ਤਿਉਹਾਰ
ਦੋਰਾਂਗਲਾ, (ਚੱਕਰਾਜਾ)-ਦੁਸਹਿਰੇ ਦਾ ਤਿਉਹਾਰ ਸਰਹੱਦੀ ਖੇਤਰ ਦੇ ਕਸਬਾ ਦੋਰਾਂਗਲਾ, ਗਾਹਲੜੀ, ਨੌਸ਼ਹਿਰਾ, ਕਠਿਆਲੀ ਤੇ ਹੋਰ ਕਈ ਪਿੰਡਾਂ ’ਚ ਸ਼ਰਧਾ ਪੂਰਵਕ ਤੇ ਧੂਮਧਾਮ ਨਾਲ ਮਨਾਇਆ ਗਿਆ । ਇਸ ਮੌਕੇ ਸ੍ਰੀ ਰਾਮ ਚੰਦਰ ਜੀ ਦੇ ਜੀਵਨ ਨਾਲ ਸਬੰਧਿਤ ਝਾਕੀਆਂ ਕੱਢੀਆਂ ਗਈਆਂ ਅਤੇ ਸ਼ਾਮ ਨੂੰ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਪੁਤਲੇ ਸਾੜੇ ਗਏ । ਇਸ ਤਿਉਹਾਰ ਨੂੰ ਲੈ ਕੇ ਲੋਕਾਂ ’ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਤੇ ਦੁਸਹਿਰੇ ਵਾਲੀਆਂ ਥਾਵਾਂ ’ਤੇ ਸੱਜੀਆਂ ਦੁਕਾਨਾਂ ਤੋਂ ਲੋਕਾਂ ਵਲੋਂ ਖਰੀਦੋ ਫਰੋਕਤ ਕੀਤੀ ਗਈ । ਜ਼ਿਕਰਯੋਗ ਹੈ ਕਿ ਦੁਸਹਿਰੇ ਦੇ ਤਿਉਹਾਰ ਦੌਰਾਨ ਗਾਹਲੜੀ ਵਿਖੇ ਲਗਾਏ ਦੁਸਹਿਰੇ ’ਤੇ ਪੁਲਿਸ ਦੀ ਕਾਰਗੁਜਾਰੀ ਕਾਫੀ ਢਿੱਲੀ ਦੇਖਣ ਨੂੰ ਮਿਲੀ । ਹੁੱਲੜਬਾਜ਼ਾਂ ਵਲੋਂ ਜੰਮ ਕੇ ਹੁੱਲੜਬਾਜ਼ੀ ਕੀਤੀ ਗਈ । ਇੱਥੋਂ ਤੱਕ ਕਿ ਜ਼ਿਆਦਾਤਰ ਪੁਲਿਸ ਵਰਦੀ ਦੀ ਬਜਾਏ ਸਿਵਲ ’ਚ ਹੀ ਦੇਖਣ ਨੂੰ ਮਿਲੀ ।