ਪਠਾਨਕੋਟ, 25 ਨਵੰਬਰ (ਸੰਧੂ)- ਆਰ. ਆਰ. ਐਮ. ਕੇ. ਆਰੀਆ ਮਹਿਲਾ ਮਹਾਂਵਿਦਿਆਲਿਆ ਦੀ ਐਨ. ਸੀ. ਸੀ. ਯੂਨਿਟ ਵਲੋਂ ਇਨਰਵ੍ਹੀਲ ਕਲੱਬ ਪਠਾਨਕੋਟ ਗ੍ਰੇਟਰ ਦੇ ਸਹਿਯੋਗ ਨਾਲ ਐਨ.ਸੀ.ਸੀ. ਦਾ 79ਵਾਂ ਸਥਾਪਨਾ ਦਿਵਸ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ: ਰੁਪਿੰਦਰਜੀਤ ਗਿੱਲ ਦੀ ਅਗਵਾਈ ਹੇਠ ਮਨਾਇਆ ਗਿਆ । ਇਸ ਮੌਕੇ ‘ ਔਰਤਾਂ ਵਿਰੁੱਧ ਹਿੰਸਾ ਨੂੰ ਨਾਂਹ ਕਹੋ’ ਮੁਹਿੰਮ ਤਹਿਤ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ । ਪ੍ਰੋਗਰਾਮ ਵਿਚ ਮੁੱਖ ਬੁਲਾਰੇ ਵਜੋਂ ਐਡਵੋਕੇਟ ਰੋਮਿਕਾ ਅੰਦੋਤਰਾ ਨੇ ਸ਼ਿਰਕਤ ਕੀਤੀ । ਉਨ੍ਹਾਂ ਵਿਦਿਆਰਥਣਾਂ ਨੂੰ ਮਹਿਲਾਵਾਂ ਦੇ ਕਾਨੂੰਨੀ ਅਧਿਕਾਰਾਂ, ਸੁਰੱਖਿਆ ਨਾਲ ਸਬੰਧਿਤ ਕਾਨੂੰਨੀ ਪ੍ਰਬੰਧਾਂ ਅਤੇ ਲਿੰਗਕ ਭੇਦਭਾਵ ਤੇ ਹਿੰਸਾ ਵਿਰੁੱਧ ਕਾਨੂੰਨੀ ਸਹਾਇਤਾ ਲੈਣ ਬਾਰੇ ਜਾਣਕਾਰੀ ਦਿੱਤੀ । ਪ੍ਰੋਗਰਾਮ ਦੀ ਸ਼ੁਰੂਆਤ ਮਹਿਲਾਵਾਂ ਵਿਰੁੱਧ ਹਰ ਤਰ੍ਹਾਂ ਦੀ ਹਿੰਸਾ ਖ਼ਤਮ ਕਰਨ ਦੀ ਸਹੁੰ ਚੁੱਕਣ ਨਾਲ ਹੋਈ । ਇਸ ਮੌਕੇ ਜਾਗਰੂਕਤਾ ਰੈਲੀ, ਪੋਸਟਰ ਮੇਕਿੰਗ ਮੁਕਾਬਲਾ, ਨਾਟਕ ਅਤੇ ਸੈਮੀਨਾਰ ਸਮੇਤ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ । ਚਾਰਟਰ ਪ੍ਰਧਾਨ ਕਵਿਤਾ ਹਾਂਡਾ ਅਤੇ ਸੀ.ਟੀ.ਓ. ਡਾ: ਸ਼ਵੇਤਾ ਠਾਕੁਰ ਨੇ ‘ਸਤਿਕਾਰਯੋਗ ਰਿਸ਼ਤਿਆਂ ਲਈ ਸਿੱਖਿਆ’ ਵਿਸ਼ੇ ’ਤੇ ਵਿਦਿਆਰਥਣਾਂ ਨਾਲ ਵਿਚਾਰ ਸਾਂਝੇ ਕੀਤੇ । ਇਨਰਵ੍ਹੀਲ ਕਲੱਬ ਦੀ ਪ੍ਰਧਾਨ ਪੂਜਾ ਗੁਪਤਾ ਨੇ ਕਿਹਾ ਕਿ ਮਹਿਲਾਵਾਂ ਦੀ ਸੁਰੱਖਿਆ ਅਤੇ ਸਨਮਾਨ ਨੂੰ ਯਕੀਨੀ ਬਣਾਉਣਾ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਹੈ । ਕਾਰਜਕਾਰੀ ਪ੍ਰਿੰਸੀਪਲ ਡਾ: ਰੁਪਿੰਦਰਜੀਤ ਗਿੱਲ ਨੇ ਪ੍ਰੋਗਰਾਮ ਦੇ ਆਯੋਜਨ ਲਈ ਸਬੰਧਿਤ ਵਿਭਾਗਾਂ ਅਤੇ ਇਨਰਵ੍ਹੀਲ ਕਲੱਬ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮਹਿਲਾਵਾਂ ਵਿਰੁੱਧ ਹਿੰਸਾ ਖ਼ਤਮ ਕਰਨ ਲਈ ਸਿੱਖਿਆ, ਜਾਗਰੂਕਤਾ ਅਤੇ ਸਮੂਹਿਕ ਯਤਨ ਬੇਹੱਦ ਜ਼ਰੂਰੀ ਹਨ ।