ਫ਼ਾਜ਼ਿਲਕਾ, 16 ਸਤੰਬਰ (ਦਵਿੰਦਰ ਪਾਲ ਸਿੰਘ)-ਸਥਾਨਕ ਐੱਮ.ਆਰ.ਸਰਕਾਰੀ ਕਾਲਜ ਵਿਖੇ ਉਚੇਰੀ ਸਿੱਖਿਆ ਵਿਭਾਗ, ਪੰਜਾਬ ਅਤੇ ਅਦਿੱਤਿਆ ਬਿਰਲਾ ਐਜੂਕੇਸ਼ਨ ਟਰੱਸਟ ਦੇ ਸਾਂਝੇ ਸਹਿਯੋਗ ਨਾਲ ਚੱਲ ਰਹੇ ‘ਸੰਗਤ ਮੈਂਟਲ ਹੈਲਥ ਕਲੱਬ’ ਅਧੀਨ ਚੁਣੇ ਗਏ 25 ਵਿਦਿਆਰਥੀਆਂ ਲਈ ਲਗਾਇਆ ਗਿਆ ਤਿੰਨ ਰੋਜ਼ਾ ਵਿਸ਼ੇਸ਼ ਸਿਖਲਾਈ ਕੈਂਪ ਸਫਲਤਾਪੂਰਵਕ ਸਮਾਪਤ ਹੋ ਗਿਆ। 14 ਤੋਂ 16 ਸਤੰਬਰ ਤੱਕ ਚੱਲੇ ਇਸ ਕੈਂਪ ਦਾ ਮੁੱਖ ਮਕਸਦ ਚੁਣੇ ਹੋਏ ਵਿਦਿਆਰਥੀਆਂ ਨੂੰ ‘ਮਾਨਸਿਕ ਸਿਹਤ ਫ਼ਸਟ ਐਂਡ ਪ੍ਰਦਾਤਾ’ ਵਜੋਂ ਤਿਆਰ ਕਰਨਾ ਹੈ ਤਾਂ ਜੋ ਉਹ ਮਾਨਸਿਕ ਤਣਾਅ ਜਾਂ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਹੋਰਨਾਂ ਵਿਦਿਆਰਥੀਆਂ ਦੀ ਯੋਗ ਮਦਦ ਕਰ ਸਕਣ। ਇਸ ਸਿਖਲਾਈ ਪ੍ਰੋਗਰਾਮ ਦੌਰਾਨ ਅਦਿੱਤਿਆ ਬਿਰਲਾ ਐਜੂਕੇਸ਼ਨ ਟਰੱਸਟ ਦੇ ਮੈਂਟਰ ਅੰਮ੍ਰਿਤਪਾਲ ਸਿੰਘ ਨੇ ਮੁੱਖ ਟਰੇਨਰ ਵਜੋਂ ਸ਼ਿਰਕਤ ਕਰਦਿਆਂ ਵਿਦਿਆਰਥੀਆਂ ਨੂੰ ਮਾਨਸਿਕ ਸਿਹਤ ਦੀਆਂ ਬਾਰੀਕੀਆਂ ਅਤੇ ਕੌਂਸਲਿੰਗ ਦੇ ਤਰੀਕਿਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਹ ਪ੍ਰੋਗਰਾਮ ਕਾਲਜ ਇੰਚਾਰਜ ਪ੍ਰੋ.ਗੁਰਮਿੰਦਰ ਕੌਰ ਦੀ ਅਗਵਾਈ ਹੇਠ ਨੇਪਰੇ ਚੜ੍ਹਿਆ, ਜਿਸ ਵਿਚ ਨੋਡਲ ਅਫ਼ਸਰ ਪ੍ਰੋ. ਰੇਣੂ ਬਾਲਾ ਤੇ ਕੋਆਰਡੀਨੇਟਰ ਪ੍ਰੋ.ਅਜੈਪਾਲ ਨੇ ਪ੍ਰਬੰਧਕੀ ਭੂਮਿਕਾ ਨਿਭਾਈ। ਇਸ ਮੌਕੇ ਪ੍ਰੋ.ਜਸਕਰਨ ਸਿੰਘ, ਡਾ. ਰੁਪਿੰਦਰ ਕੌਰ ਤੇ ਸੁਪਰਡੈਂਟ ਸ਼੍ਰੀ ਰਾਜੇਸ਼ ਕਟਾਰੀਆ ਵੀ ਮੌਜੂਦ ਸਨ।