ਆਮ ਆਦਮੀ ਪਾਰਟੀ ਨੇ ਡਾ. ਸੁਹਾਨੀ ਡੋਡਾ ਨੂੰ ਅਬੋਹਰ ਹਲਕੇ ਤੋਂ ਉਮੀਦਵਾਰ ਐਲਾਨ ਕੇ ਪਹਿਲ ਕੀਤੀ
ਅਬੋਹਰ ਹਲਕੇ ’ਚ ਇਸ ਵਾਰ ਕਾਂਟੇਦਾਰ ਮੁਕਾਬਲਾ ਹੋਵੇਗਾ
ਅਬੋਹਰ, 20 ਨਵੰਬਰ (ਸੁਖਜੀਤ ਸਿੰਘ ਬਰਾੜ)-ਆਮ ਆਦਮੀ ਪਾਰਟੀ ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਅਬੋਹਰ ਹਲਕੇ ਤੋਂ ਡਾ. ਸੁਹਾਨੀ ਡੋਡਾ ਨੂੰ ਉਮੀਦਵਾਰ ਐਲਾਨ ਕੇ ਪਹਿਲ ਕਰ ਦਿੱਤੀ ਹੈ।
ਅਬੋਹਰ, 20 ਨਵੰਬਰ (ਸੁਖਜੀਤ ਸਿੰਘ ਬਰਾੜ)-ਆਮ ਆਦਮੀ ਪਾਰਟੀ ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਅਬੋਹਰ ਹਲਕੇ ਤੋਂ ਡਾ.ਸੁਹਾਨੀ ਡੋਡਾ ਨੂੰ ਉਮੀਦਵਾਰ ਐਲਾਨ ਕੇ ਪਹਿਲ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਵੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ.ਸੁਹਾਨੀ ਡੋਡਾ ਦੇ ਸਹੁਰਾ ਅਤੇ ਸ਼ਰਾਬ ਕਾਰੋਬਾਰੀ ਸ਼ਿਵ ਲਾਲ ਡੋਡਾ 2012 ਵਿਚ ਅਬੋਹਰ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਚੁੱਕੇ ਹਨ। ਉਨ੍ਹਾਂ ਉਸ ਸਮੇਂ ਕਾਂਗਰਸ ਉਮੀਦਵਾਰ ਸੁਨੀਲ ਕੁਮਾਰ ਜਾਖੜ ਨੂੰ ਤੱਕੜੀ ਟੱਕਰ ਦਿੱਤੀ ਸੀ। ਸ਼ਿਵ ਲਾਲ ਡੋਡਾ ਭਾਵੇਂ ਉਹ ਚੋਣ ਸੁਨੀਲ ਕੁਮਾਰ ਜਾਖੜ ਤੋਂ ਹਰ ਗਏ ਸਨ ਪਰ ਉਨ੍ਹਾਂ ਨੂੰ ਉਸ ਸਮੇਂ 45852 ਵੋਟਾਂ ਹਾਸਲ ਹੋਈਆਂ ਸਨ। ਆਮ ਆਦਮੀ ਪਾਰਟੀ ਤੋਂ ਇਲਾਵਾ ਭਾਵੇਂ ਅਬੋਹਰ ਹਲਕੇ ਤੋਂ ਭਾਜਪਾ, ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਹਾਲੇ ਤੱਕ ਆਪਣੇ ਉਮੀਦਵਾਰ ਚੋਣ ਮੈਦਾਨ ਵਿਚ ਨਹੀਂ ਉਤਾਰੇ ਪਰ ਭਾਜਪਾ ਵਲੋਂ ਸਾਬਕਾ ਭਾਜਪਾ ਸੂਬਾ ਪ੍ਰਧਾਨ ਸੁਨੀਲ ਕੁਮਾਰ ਜਾਖੜ ਦੇ ਭਤੀਜੇ ਅਤੇ ਮੌਜੂਦਾ ਵਿਧਾਇਕ ਸੰਦੀਪ ਕੁਮਾਰ ਜਾਖੜ ਦੇ ਹੀ ਉਮੀਦਵਾਰ ਹੋਣ ਦੀ ਪੂਰੀ ਸੰਭਾਵਨਾ ਹੈ। ਪਰ ਇਹ ਸੀਟ ਹੁਣ ਤੱਕ ਕਾਂਗਰਸ ਦਾ ਗੜ ਰਹੀ ਹੈ। ਬੀਤੇ 55 ਸਾਲ ਤੋਂ ਸਵਰਗੀ ਚੌਧਰੀ ਬਲਰਾਮ ਜਾਖੜ ਦਾ ਪਰਿਵਾਰ ਹੀ ਇਸ ਸੀਟ ਤੋਂ ਕਾਂਗਰਸ ਵਲੋਂ ਚੋਣ ਲੜਦਾ ਆ ਰਿਹਾ ਸੀ। ਇਸ ਸੀਟ ਤੋਂ 1972, 19977 ਵਿਚ ਸਾਬਕਾ ਲੋਕ ਸਭਾ ਸਪੀਕਰ ਸਵਰਗੀ ਚੌਧਰੀ ਬਲਰਾਮ ਜਾਖੜ ਨੇ ਕਾਂਗਰਸ ਉਮੀਦਵਾਰ ਅਤੇ 1980, 1985, 1992, 1997 ’ ਚ ਸਵਰਗੀ ਚੌਧਰੀ ਬਲਰਾਮ ਜਾਖੜ ਦੇ ਵੱਡੇ ਸਪੁੱਤਰ ਸਵਰਗੀ ਚੌਧਰੀ ਸੱਜਣ ਕੁਮਾਰ ਜਾਖੜ ਨੇ ਅਤੇ 2002, 2007, 2017 ’ਚ ਸਵਰਗੀ ਚੌਧਰੀ ਬਲਰਾਮ ਜਾਖੜ ਦੇ ਸਭ ਤੋਂ ਛੋਟੇ ਸਪੁੱਤਰ ਸੁਨੀਲ ਕੁਮਾਰ ਜਾਖੜ ਨੇ ਅਤੇ 2022 ਦੀਆਂ ਚੋਣਾਂ ’ਚ ਸਵਰਗੀ ਬਲਰਾਮ ਜਾਖੜ ਦੇ ਪੋਤਰੇ ਸੰਦੀਪ ਕੁਮਾਰ ਜਾਖੜ ਨੇ ਕਾਂਗਰਸ ਉਮੀਦਵਾਰ ਵਜੋਂ ਚੋਣ ਲੜੀ ਸੀ। 2022 ਦੀਆਂ ਵਿਧਾਨ ਸਭਾ ਚੋਣਾਂ ਉਪਰੰਤ ਕਾਂਗਰਸ ਸੂਬਾ ਪ੍ਰਧਾਨ ਸੁਨੀਲ ਕੁਮਾਰ ਜਾਖੜ ਕਾਂਗਰਸ ਨੂੰ ਅਲਵਿਦਾ ਕਹਿ ਕੇ ਭਾਜਪਾ ਵਿਚ ਸ਼ਾਮਿਲ ਹੋ ਗਏ ਸਨ। ਹੁਣ ਉਨ੍ਹਾਂ ਦੇ ਭਤੀਜੇ ਅਤੇ ਮੌਜੂਦਾ ਵਿਧਾਇਕ ਸੰਦੀਪ ਕੁਮਾਰ ਜਾਖੜ ਵੀ ਭਾਜਪਾ ਤੋਂ ਹੀ ਟਿਕਟ ਮੰਗ ਰਹੇ ਹਨ। ਕਾਂਗਰਸ ਪਾਰਟੀ ਇਸ ਵਾਰ ਕਿਸ ਉਮੀਦਵਾਰ ਨੂੰ ਟਿਕਟ ਦਿੰਦੀ ਹੈ ਇਹ ਤਾਂ ਸਮਾਂ ਹੀ ਦੱਸੇਗਾ, ਪਰ ਇਸ ਵਾਰ ਅਬੋਹਰ ਵਿਧਾਨ ਸਭਾ ਸੀਟ ’ਤੇ ਕਾਂਟੇਦਾਰ ਸਖ਼ਤ ਮੁਕਾਬਲਾ ਦੇਖਣ ਨੂੰ ਮਿਲੇਗਾ।