ਪਿੰਡ ਜੱਟਾਂ ਰਮਦਾਸ ਵਿਖੇ ਹੋਏ ਗ੍ਰਨੇਡ ਹਮਲੇ ਦੀ ਗੁੱਥੀ ਸੁਲਝੀ : ਔਰਤ ਸਮੇਤ ਤਿੰਨ ਗ੍ਰਿਫਤਾਰ
ਅੰਮ੍ਰਿਤਸਰ, 25 ਅਗਸਤ (ਰੇਸ਼ਮ ਸਿੰਘ)- ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਕੁੱਲ 6 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ 10 ਕਿੱਲੋ ਹੈਰੋਇਨ, ਇਕ . 30 ਬੋਰ ਪਿਸਤੌਲ ਅਤੇ ਇਕ ਮੋਟਰਸਾਈਕਲ ਬਰਾਮਦ ਕੀਤਾ ਹੈ ।
ਵ
ਵਿਦੇਸ਼ ਬੈਠੇ ਗੈਂਗਸਟਰ ਹੈਪੀ ਪਾਸ਼ੀਆਂ ਦੀ ਸ਼ਮੂਲੀਅਤ ਆਈ ਸਾਹਮਣੇ
26-08-2026
ਅੰਮ੍ਰਿਤਸਰ, 25 ਅਗਸਤ (ਰੇਸ਼ਮ ਸਿੰਘ)- ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਕੁੱਲ 6 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ 10 ਕਿੱਲੋ ਹੈਰੋਇਨ, ਇਕ .30 ਬੋਰ ਪਿਸਤੌਲ ਅਤੇ ਇਕ ਮੋਟਰਸਾਈਕਲ ਬਰਾਮਦ ਕੀਤਾ ਹੈ । ਇਹ ਪ੍ਰਗਟਾਵਾ ਇੱਥੇ ਡੀ.ਆਈ.ਜੀ. ਸਰਹੱਦੀ ਰੇਂਜ ਹਰਮਨਬੀਰ ਸਿੰਘ ਗਿੱਲ ਨੇ ਕਰਦਿਆਂ ਦੱਸਿਆ ਕਿ ਪਿੰਡ ਜੱਟਾਂ ਰਾਮਦਾਸ ਵਿਖੇ ਹੋਏ ਗ੍ਰਨੇਡ ਹਮਲੇ ਦੀ ਗੁੱਥੀ ਵੀ ਸੁਲਝਾ ਲਈ ਗਈ ਹੈ । ਇਹ ਮਾਮਲਾ ਬੀਤੇ ਮਿਤੀ 20 ਅਗਸਤ ਦੀ ਰਾਤ ਕਰੀਬ 8:30 ਵਜੇ ਦਾ ਹੈ ਜਦੋਂ ਕਿ ਅਣਪਛਾਤੇ ਮੋਟਰਸਾਈਕਲ ਸਵਾਰ ਵਿਅਕਤੀਆਂ ਵਲੋਂ ਇਕ ਵਿਅਕਤੀ ਦੇ ਘਰ ’ਚ ਕਥਿਤ ਤੌਰ ’ਤੇ ਦੋ ਗ੍ਰਨੇਡ ਸੁੱਟੇ ਗਏ। ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਪੁਲਿਸ ਵਲੋਂ ਵਿਦੇਸ਼ ਵਿਚ ਬੈਠੇ ਗੈਂਗਸਟਰ ਹੈਪੀ ਪਾਸ਼ੀਆ, ਉਸ ਦੇ ਪਰਿਵਾਰਕ ਮੈਂਬਰਾਂ ਅਤੇ ਹੋਰ ਸਾਥੀਆਂ ਦੀ ਇਸ ਘਟਨਾ ਵਿਚ ਸ਼ਮੂਲੀਅਤ ਅਤੇ ਸਾਜ਼ਿਸ਼ ਦਾ ਪਤਾ ਲਗਾਇਆ ਗਿਆ । ਜਾਂਚ ਵਿਚ ਸਾਹਮਣੇ ਆਇਆ ਕਿ ਇਹ ਹਮਲਾ ਕਥਿਤ ਤੌਰ ’ਤੇ ਪੰਚਾਇਤੀ ਚੋਣਾਂ ਨਾਲ ਸੰਬੰਧਿਤ ਰੰਜਿਸ਼ ਕਾਰਨ ਕੀਤਾ ਗਿਆ । ਇਸ ਮਾਮਲੇ ’ਚ ਪੁਲਿਸ ਵਲੋਂ ਹੁਣ ਤੱਕ ਤਿੰਨ ਮੁਲਜ਼ਮਾਂ ਜਗਰੂਪ ਸਿੰਘ, ਵਿਸ਼ਵਪ੍ਰੀਤ ਸਿੰਘ ਅਤੇ ਭੁਪਿੰਦਰ ਕੌਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦਕਿ ਦੋ ਹੋਰ ਮੁਲਜ਼ਮਾਂ ਮਨਪ੍ਰੀਤ ਸਿੰਘ ਉਰਫ਼ ਸੈਂਡੀ ਅਤੇ ਕਿਰਨਦੀਪ ਕੌਰ ਨੂੰ ਨਾਮਜ਼ਦ ਕੀਤਾ ਗਿਆ ਹੈ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਬਾਕੀ ਹੈ । ਅਗਲੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਭੁਪਿੰਦਰ ਕੌਰ, ਜੋ ਹੈਪੀ ਪਾਸ਼ੀਆ ਦੀ ਮਾਤਾ ਹੈ ਅਤੇ ਕਿਰਨਦੀਪ ਕੌਰ ਭੈਣ ਹੈ, ਵਲੋਂ ਆਪਣੇ ਘਰ ਦੇ ਬਾਹਰ ਹੋਏ ਫਾਇਰਿੰਗ ਦੀ ਰੰਜਿਸ਼ ’ਚ ਬਦਲਾ ਲੈਣ ਦੀ ਕਥਿਤ ਤੌਰ ’ਤੇ ਯੋਜਨਾ ਬਣਾਈ ਗਈ। ਹੈਪੀ ਨੇ ਕਥਿਤ ਤੌਰ ’ਤੇ ਸਿੰਗਾਪੁਰ ਵਿਚ ਰਹਿ ਰਹੇ ਆਪਣੇ ਸਾਥੀ ਮਨਪ੍ਰੀਤ ਸਿੰਘ ਉਰਫ਼ ਸੈਂਡੀ ਅਤੇ ਹੋਰ ਸਾਥੀਆਂ ਨਾਲ ਸੰਪਰਕ ਕਰਕੇ ਗ੍ਰਨੇਡ ਹਮਲੇ ਦੀ ਯੋਜਨਾ ਬਣਾਈ ਅਤੇ ਇਸ ਨੂੰ ਅੰਜਾਮ ਦਿਵਾਇਆ । ਭੁਪਿੰਦਰ ਕੌਰ ਖ਼ਿਲਾਫ਼ ਪਹਿਲਾਂ ਵੀ ਥਾਣਾ ਅਜਨਾਲਾ ਵਿਖੇ ਐਕਸਪਲੋਸਿਵਜ਼ ਐਕਟ ਤਹਿਤ ਇਕ ਅਪਰਾਧਿਕ ਮਾਮਲਾ ਦਰਜ ਹੈ। ਇਸ ਮੌਕੇ ਡੀ.ਸੀ.ਪੀ. ਪ੍ਰਭਜੋਤ ਸਿੰਘ ਵਿਰਕ,ਐੱਸ.ਐੱਸ.ਪੀ. ਕੰਵਲਪ੍ਰੀਤ ਸਿੰਘ ਚਾਹਲ ਸੀ.ਆਈ.ਏ. ਸਟਾਫ ਦੇ ਇੰਸ: ਅਮੋਲਕਦੀਪ ਸਿੰਘ ਆਦਿ ਅਧਿਕਾਰੀ ਹਾਜ਼ਰ ਸਨ।