ਅੰਮ੍ਰਿਤਸਰ ਦੀ 450ਵੀਂ ਵਰ੍ਹੇਗੰਢ ਨੂੰ ਸਮਰਪਿਤ ਗੁਰੂ ਨਾਨਕ ਦੇਵ ’ਵਰਸਿਟੀ ਦਾ ਯੁਵਕ ਮੇਲਾ ਆਰੰਭ
ਅੰਮ੍ਰਿਤਸਰ, 29 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਅੰਮ੍ਰਿਤਸਰ ਦੀ 450ਵੀਂ ਵਰ੍ਹੇਗੰਢ ਨੂੰ ਸਮਰਪਿਤ ਯੁਵਕ ਮੇਲਿਆਂ ਦੀ ਲੜੀ ਤਹਿਤ ‘ਬੀ’ ਜ਼ੋਨ ਯੁਵਕ ਮੇਲੇ ਦਾ ਅੱਜ ਦਸ਼ਮੇਸ਼ ਆਡੀਟੋਰੀਅਮ ਵਿਖੇ ਗਿੱਧੇ ਦੀ ਧਮਾਲ ਨਾਲ ਆਗਾਜ਼ ਹੋਇਆ। ਯੁਵਕ ਮੇਲੇ ’ਚ ਗੁਰਦਾਸਪੁਰ, ਪਠਾਨਕੋਟ ਅਤੇ ਤਰਨ ਤਾਰਨ ਜ਼ਿਲ੍ਹਿਆਂ ਦੇ 17 ਕਾਲਜਾਂ ਦੇ ਵਿਦਿਆਰਥੀ ਲਗਭਗ 46 ਵੱਖ-ਵੱਖ ਸੱਭਿਆਚਾਰਕ ਅਤੇ ਕਲਾਤਮਕ ਆਈਟਮਾਂ ’ਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰ ਰਹੇ ਹਨ।
ਅੰਮ੍ਰਿਤਸਰ, 29 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਅੰਮ੍ਰਿਤਸਰ ਦੀ 450ਵੀਂ ਵਰ੍ਹੇਗੰਢ ਨੂੰ ਸਮਰਪਿਤ ਯੁਵਕ ਮੇਲਿਆਂ ਦੀ ਲੜੀ ਤਹਿਤ ‘ਬੀ’ ਜ਼ੋਨ ਯੁਵਕ ਮੇਲੇ ਦਾ ਅੱਜ ਦਸ਼ਮੇਸ਼ ਆਡੀਟੋਰੀਅਮ ਵਿਖੇ ਗਿੱਧੇ ਦੀ ਧਮਾਲ ਨਾਲ ਆਗਾਜ਼ ਹੋਇਆ। ਯੁਵਕ ਮੇਲੇ ’ਚ ਗੁਰਦਾਸਪੁਰ, ਪਠਾਨਕੋਟ ਅਤੇ ਤਰਨ ਤਾਰਨ ਜ਼ਿਲ੍ਹਿਆਂ ਦੇ 17 ਕਾਲਜਾਂ ਦੇ ਵਿਦਿਆਰਥੀ ਲਗਭਗ 46 ਵੱਖ-ਵੱਖ ਸੱਭਿਆਚਾਰਕ ਅਤੇ ਕਲਾਤਮਕ ਆਈਟਮਾਂ ’ਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰ ਰਹੇ ਹਨ। ਦੀਪ ਜਗਾ ਕੇ ਯੁਵਕ ਮੇਲੇ ਦੇ ਉਦਘਾਟਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ ਨੇ ਕਿਹਾ ਕਿ ਅੱਜ ਸ੍ਰੀ ਗੁਰੂ ਰਾਮਦਾਸ ਜੀ ਵਲੋਂ ਵਸਾਏ ਅੰਮ੍ਰਿਤਸਰ ਸਾਹਿਬ ਦੀ 450 ਸਾਲਾ ਵਿਰਾਸਤ ਨੂੰ ਯਾਦ ਕਰਨ ਦਾ ਵਿਸ਼ੇਸ਼ ਮੌਕਾ ਹੈ। ਇਸ ਮੌਕੇ ਡਾ. ਅਮਨਦੀਪ ਸਿੰਘ, ਡਾਇਰੈਕਟਰ ਯੁਵਕ ਭਲਾਈ, ਡਾ. ਰਵਿੰਦਰ ਕੁਮਾਰ, ਪ੍ਰੋ: ਇੰਚਾਰਜ ਲੋਕ ਸੰਪਰਕ, ਡਾ. ਵਿਕਰਮ ਸਿੰਘ ਸੰਧੂ, ਡਾਇਰੈਕਟਰ, ਹੌਸਪੀਟੈਲਿਟੀ, ਡਾ. ਬਲਜਿੰਦਰ ਸਿੰਘ ਬੱਲ, ਮੁਖੀ ਸਰੀਰਿਕ ਸਿੱਖਿਆ ਵਿਭਾਗ, ਡਾ. ਅਮਨਪ੍ਰੀਤ ਕੌਰ, ਪੰਜਾਬ ਸਕੂਲ ਆਫ ਇਕਨਾਮਿਕਸ ਤੋਂ ਇਲਾਵਾ ਆਰਗੇਨਾਈਜ਼ਿੰਗ ਕਮੇਟੀ ਦੇ ਮੈਂਬਰ, ਅਧਿਆਪਕ, ਟੀਮ ਇੰਚਾਰਜ ਅਤੇ ਵਿਦਿਆਰਥੀ ਹਾਜ਼ਰ ਸਨ। ਉਪ-ਕੁਲਪਤੀ ਨੇ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਆਪਣੇ ਸਾਰੇ ਯੁਵਕ ਮੇਲੇ ਅੰਮ੍ਰਿਤਸਰ ਦੀ 450ਵੀਂ ਸਥਾਪਨਾ ਵਰ੍ਹੇਗੰਢ ਨੂੰ ਸਮਰਪਿਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਯੁਵਕ ਮੇਲਿਆਂ ਰਾਹੀਂ ਨੌਜਵਾਨਾਂ ਨੂੰ ਆਪਣੀ ਕਲਾ ਅਤੇ ਪ੍ਰਤਿਭਾ ਦਿਖਾਉਣ ਦੇ ਨਾਲ-ਨਾਲ ਅੰਮ੍ਰਿਤਸਰ ਦੀ ਅਮੀਰ ਵਿਰਾਸਤ ਅਤੇ ਪੰਜਾਬੀ ਸੱਭਿਆਚਾਰ ਨਾਲ ਜੋੜਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਸੋਸ਼ਲ ਮੀਡੀਆ ਦੇ ਵਧ ਰਹੇ ਪ੍ਰਭਾਵ ਦਾ ਜ਼ਿਕਰ ਕਰਦਿਆਂ ਉਪ-ਕੁਲਪਤੀ ਨੇ ਵਿਦਿਆਰਥੀਆਂ ਨੂੰ ਅਫ਼ਵਾਹਾਂ ਅਤੇ ਗਲਤ ਜਾਣਕਾਰੀ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਸ਼ੰਕੇ ਜਾਂ ਸਮੱਸਿਆ ਬਾਰੇ ਆਪਣੇ ਅਧਿਆਪਕਾਂ ਅਤੇ ਸਾਥੀਆਂ ਨਾਲ ਵਿਚਾਰ-ਵਟਾਂਦਰਾ ਕਰਕੇ ਤੱਥਾਂ ਤੱਕ ਪਹੁੰਚਣ। ਇਸ ਮੌਕੇ ਡਾ. ਅਮਨਦੀਪ ਸਿੰਘ ਨੇ ਦੱਸਿਆ ਕਿ ਉਪ-ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ ਦੀ ਰਹਿਨੁਮਾਈ ਹੇਠ ਯੂਨੀਵਰਸਿਟੀ ਵਲੋਂ ਛੇ ਜ਼ੋਨਲ ਅਤੇ ਇਕ ਅੰਤਰ-ਜ਼ੋਨਲ ਯੁਵਕ ਮੇਲਾ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ‘ਸਮਰਪਣ-ਅੰਮ੍ਰਿਤਸਰ 450’ ਤਹਿਤ ਇਨ੍ਹਾਂ ਯੁਵਕ ਮੇਲਿਆਂ ਦੀਆਂ ਸੱਭਿਆਚਾਰਕ ਗਤੀਵਿਧੀਆਂ ਰਾਹੀਂ ਨੌਜਵਾਨਾਂ ਨੂੰ ਅੰਮ੍ਰਿਤਸਰ ਦੀ ਲੋਕ ਕਲਾ ਅਤੇ ਪੰਜਾਬੀ ਸੱਭਿਆਚਾਰ ਦੀ ਅਮੀਰ ਪਰੰਪਰਾ ਨਾਲ ਜੋੜਿਆ ਜਾ ਰਿਹਾ ਹੈ। ਅੱਜ ਯੁਵਕ ਮੇਲੇ ਦੀ ਸ਼ੁਰੂਆਤ ਸ਼ਬਦ ਗਾਇਨ ਨਾਲ ਹੋਈ ਉਪਰੰਤ ਗਿੱਧੇ ਦੀ ਪੇਸ਼ਕਾਰੀ ਨੇ ਪੂਰੇ ਮਾਹੌਲ ਨੂੰ ਪੰਜਾਬੀ ਰੰਗ ’ਚ ਰੰਗ ਦਿੱਤਾ।