ਰਾਹਗੀਰਾਂ ਤੇ ਸਥਾਨਕ ਲੋਕਾਂ ਲਈ ‘ਕੋਹੜ’ ਬਣਿਆ ਵੱਲ੍ਹਾ ਪੁਲ
ਅੰਮ੍ਰਿਤਸਰ, 29 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਅੰਮ੍ਰਿਤਸਰ ਨੂੰ ਬਿਹਤਰ ਆਵਾਜਾਈ ਸਹੂਲਤਾਂ ਦੇਣ ਅਤੇ ਟ੍ਰੈਫਿਕ ਦੀ ਸਮੱਸਿਆ ਘਟਾਉਣ ਲਈ ਸ਼ੁਰੂ ਕੀਤਾ ਗਿਆ ਵੱਲ੍ਹਾ ਬਾਈਪਾਸ ਪੁੱਲ ਪ੍ਰੋਜੈਕਟ ਹੁਣ ਖੁਦ ਹੀ ਲੋਕਾਂ ਲਈ ਵੱਡੀ ਪਰੇਸ਼ਾਨੀ ਦਾ ਕਾਰਨ ਬਣ ਗਿਆ ਹੈ। ਸਾਲ 2022 ’ਚ ਸ਼ੁਰੂ ਹੋਇਆ ਇਹ ਪ੍ਰੋਜੈਕਟ ਕੰਟਰੈਕਟਰ ਵਲੋਂ ਅਕਤੂਬਰ 2025 ’ਚ ਕੰਮ ਵਿਚਕਾਰ ਛੱਡਣ ਤੋਂ ਬਾਅਦ ਲੰਮੇ ਸਮੇਂ ਤੋਂ ਅਧੂਰਾ ਪਿਆ ਹੈ।
ਅੰਮ੍ਰਿਤਸਰ, 29 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਅੰਮ੍ਰਿਤਸਰ ਨੂੰ ਬਿਹਤਰ ਆਵਾਜਾਈ ਸਹੂਲਤਾਂ ਦੇਣ ਅਤੇ ਟ੍ਰੈਫਿਕ ਦੀ ਸਮੱਸਿਆ ਘਟਾਉਣ ਲਈ ਸ਼ੁਰੂ ਕੀਤਾ ਗਿਆ ਵੱਲ੍ਹਾ ਬਾਈਪਾਸ ਪੁੱਲ ਪ੍ਰੋਜੈਕਟ ਹੁਣ ਖੁਦ ਹੀ ਲੋਕਾਂ ਲਈ ਵੱਡੀ ਪਰੇਸ਼ਾਨੀ ਦਾ ਕਾਰਨ ਬਣ ਗਿਆ ਹੈ। ਸਾਲ 2022 ’ਚ ਸ਼ੁਰੂ ਹੋਇਆ ਇਹ ਪ੍ਰੋਜੈਕਟ ਕੰਟਰੈਕਟਰ ਵਲੋਂ ਅਕਤੂਬਰ 2025 ’ਚ ਕੰਮ ਵਿਚਕਾਰ ਛੱਡਣ ਤੋਂ ਬਾਅਦ ਲੰਮੇ ਸਮੇਂ ਤੋਂ ਅਧੂਰਾ ਪਿਆ ਹੈ। ਅੱਧ ਵਿਚਾਲੇ ਲਟਕਿਆ ਵੱਲ੍ਹਾ ਪੁੱਲ (ਫਲਾਈਓਵਰ) ਅੱਜ ਸਥਾਨਕ ਨਿਵਾਸੀਆਂ, ਰਾਹਗੀਰਾਂ ਅਤੇ ਵਪਾਰੀਆਂ ਲਈ ਜੀਅ ਦਾ ਜੰਜਾਲ ਬਣ ਚੁੱਕਾ ਹੈ। ਇਸ ਦੌਰਾਨ ਪੁੱਲ ਦੇ ਆਲੇ-ਦੁਆਲੇ ਬਣਾਏ ਗਏ ਬਦਲਵੇਂ ਰਸਤਿਆਂ ਦੀ ਖਸਤਾ ਹਾਲਤ ਨੇ ਸਥਾਨਕ ਲੋਕਾਂ, ਵਪਾਰੀਆਂ, ਕਿਸਾਨਾਂ ਅਤੇ ਰਾਹਗੀਰਾਂ ਦੀਆਂ ਮੁਸ਼ਕਿਲਾਂ ਹੋਰ ਵਧਾ ਦਿੱਤੀਆਂ ਹਨ । ਪੁੱਲ ਦਾ ਕੰਮ ਰੁਕਣ ਕਾਰਨ ਆਵਾਜਾਈ ਦਾ ਵੱਡਾ ਬੋਝ ਡਾਇਵਰਸ਼ਨ ਰਸਤਿਆਂ ‘ਤੇ ਆ ਗਿਆ ਹੈ। ਇਸ ਅਧੂਰੇ ਪੁੱਲ ਦੇ ਕਾਰਨ ਇਲਾਕੇ ਦੇ ਲਗਭਗ 7,000 ਤੋਂ 8,000 ਪਰਿਵਾਰ ਰੋਜ਼ਾਨਾ ਨਰਕ ਵਰਗੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ। ਰੋਜ਼ਾਨਾ ਸਕੂਲ, ਕੰਮਕਾਜ, ਹਸਪਤਾਲ ਅਤੇ ਬਾਜ਼ਾਰ ਜਾਣ ਵਾਲੇ ਲੋਕਾਂ ਨੂੰ ਵਾਧੂ ਸਮਾਂ ਅਤੇ ਖਰਚਾ ਝੱਲਣਾ ਪੈ ਰਿਹਾ ਹੈ। ਪ੍ਰਸ਼ਾਸਨ ਵਲੋਂ ਬਣਾਏ ਗਏ ਡਾਇਵਰਸ਼ਨ (ਬਦਲਵੇਂ) ਰਸਤਿਆਂ ਦੀ ਹਾਲਤ ਇੰਨੀ ਖ਼ਸਤਾ ਹੈ ਕਿ ਉਹ ਵੱਡੇ-ਵੱਡੇ ਖੱਡਿਆਂ, ਮਿੱਟੀ ਅਤੇ ਗਾਰੇ ਨਾਲ ਭਰੇ ਪਏ ਹਨ। ਬਰਸਾਤ ਦੇ ਦਿਨਾਂ ਵਿਚ ਤਾਂ ਇੱਥੋਂ ਲੰਘਣਾ ਮੌਤ ਨੂੰ ਮਾਸੀ ਆਖਣ ਬਰਾਬਰ ਹੋ ਜਾਂਦਾ ਹੈ। ਇੱਥੋਂ ਤੱਕ ਕਿ ਸਥਾਨਕ ਨਿਵਾਸੀਆਂ ਨੂੰ ਸਸਕਾਰ ਲਈ ਸ਼ਮਸ਼ਾਨਘਾਟ ਤੱਕ ਮ੍ਰਿਤਕ ਦੇਹਾਂ ਲੈ ਕੇ ਜਾਣ ਵੇਲੇ ਵੀ ਇਸੇ ਗਾਰੇ ਅਤੇ ਟੁੱਟੀ ਸੜਕ ਤੋਂ ਲੰਘਣਾ ਪੈਂਦਾ ਹੈ। ਸਥਾਨਕ ਲੋਕਾਂ ਮੁਤਾਬਕ ਪ੍ਰਸ਼ਾਸਨ ਕਿਸੇ ਵੱਡੇ ਹਾਦਸੇ ਜਾਂ ਜਾਨੀ ਨੁਕਸਾਨ ਦੇ ਇੰਤਜ਼ਾਰ ਵਿਚ ਹੱਥ ’ਤੇ ਹੱਥ ਧਰ ਕੇ ਬੈਠਾ ਹੈ। ਇਸ ਪ੍ਰਕਾਰ ਹੀ ਉੱਤਰੀ ਭਾਰਤ ਦੀਆਂ ਸਭ ਤੋਂ ਵੱਡੀਆਂ ਮੰਡੀਆਂ ਵਿਚ ਸ਼ੁਮਾਰ ਵੱਲ੍ਹਾ ਸਬਜ਼ੀ ਮੰਡੀ ਦਾ ਕਾਰੋਬਾਰ ਇਸ ਅਧੂਰੇ ਪ੍ਰੋਜੈਕਟ ਦੀ ਸਭ ਤੋਂ ਵੱਡੀ ਮਾਰ ਝੱਲ ਰਿਹਾ ਹੈ। ਧੂੜ-ਮਿੱਟੀ, ਟੁੱਟੀਆਂ ਸੜਕਾਂ ਅਤੇ ਭਾਰੀ ਜਾਮ ਕਾਰਨ ਦੂਰ-ਦੁਰਾਡੇ ਤੋਂ ਆਉਣ ਵਾਲੇ ਵਪਾਰੀਆਂ ਅਤੇ ਕਿਸਾਨਾਂ ਦੀਆਂ ਗੱਡੀਆਂ ਸਮੇਂ ਸਿਰ ਮੰਡੀ ਨਹੀਂ ਪਹੁੰਚ ਪਾ ਰਹੀਆਂ। ਵੱਲ੍ਹਾ ਬਾਈਪਾਸ ਆਲੇ-ਦੁਆਲੇ ਦੇ ਇਲਾਕਿਆਂ ਨੂੰ ਸ਼ਹਿਰ ਦੇ ਹੋਰ ਹਿੱਸਿਆਂ ਨਾਲ ਜੋੜਨ ਵਾਲਾ ਮਹੱਤਵਪੂਰਨ ਰਸਤਾ ਹੈ। ਇਸ ਮਾਮਲੇ ’ਚ ਪ੍ਰਸ਼ਾਸਨ ਵਲੋਂ ਟ੍ਰੈਫਿਕ ਪ੍ਰਬੰਧਨ ਲਈ ਕੀਤੇ ਜਾ ਰਹੇ ਪ੍ਰਬੰਧਾਂ ’ਤੇ ਵੀ ਸਵਾਲ ਉੱਠ ਰਹੇ ਹਨ। ਵੱਲ੍ਹਾ ਦੀ ਸਬਜ਼ੀ ਮੰਡੀ ਨਾਲ ਜੁੜੇ ਆੜ੍ਹਤੀਆਂ, ਵਪਾਰੀਆਂ ਅਤੇ ਕਿਸਾਨਾਂ ਲਈ ਵੀ ਅਧੂਰਾ ਪੁੱਲ ਵੱਡੀ ਸਮੱਸਿਆ ਬਣਿਆ ਹੋਇਆ ਹੈ। ਵਪਾਰੀਆਂ ਮੁਤਾਬਕ ਜਾਮ ਅਤੇ ਖਰਾਬ ਰਸਤਿਆਂ ਕਾਰਨ ਮੰਡੀ ਤੱਕ ਮਾਲ ਲਿਆਉਣ ਅਤੇ ਇੱਥੋਂ ਬਾਹਰ ਭੇਜਣ ’ਚ ਵਾਧੂ ਸਮਾਂ ਲੱਗ ਰਿਹਾ ਹੈ। ਲੋਕਾਂ ਦੀ ਮੰਗ ਹੈ ਕਿ ਸੰਬੰਧਿਤ ਏਜੰਸੀਆਂ ਸਿਰਫ਼ ਨਵੇਂ ਟੈਂਡਰ ਜਾਂ ਪ੍ਰੋਜੈਕਟ ਦੀ ਪ੍ਰਕਿਰਿਆ ਬਾਰੇ ਜਾਣਕਾਰੀ ਦੇਣ ਤੱਕ ਸੀਮਤ ਨਾ ਰਹਿਣ, ਸਗੋਂ ਮੌਕੇ ‘ਤੇ ਬਦਲਵੇਂ ਰਸਤਿਆਂ ਦੀ ਤੁਰੰਤ ਮੁਰੰਮਤ ਕਰਵਾਉਣ, ਟ੍ਰੈਫਿਕ ਪ੍ਰਬੰਧਨ ਸੁਧਾਰਨ ਅਤੇ ਪੁੱਲ ਦੇ ਕੰਮ ਨੂੰ ਮੁੜ ਚਾਲੂ ਕਰਨ ਲਈ ਸਪੱਸ਼ਟ ਸਮਾਂ-ਸੀਮਾ ਜਨਤਕ ਕਰਨ।